Fri, Nov 6, 2026
Whatsapp

ਮੋਗਾ ਤੋਂ ‘ਆਪ’ ਵਿਧਾਇਕ ਅਮਨਦੀਪ ਕੌਰ ਅਰੋੜਾ ਖ਼ਿਲਾਫ਼ ED ਦੀ ਵੱਡੀ ਕਾਰਵਾਈ, 7 ਟਿਕਾਣਿਆਂ ’ਤੇ ਕੀਤੀ ਗਈ ਛਾਪੇਮਾਰੀ

ED ਮੁਤਾਬਕ, ਇਹ ਜਾਂਚ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਧਰਮਕੋਟ ਥਾਣੇ ਵਿੱਚ ਨਵਦੀਪ ਸਿੰਘ, ਪਟਵਾਰੀ ਦਿਲਕੁਸ਼ ਕੁਮਾਰੀ ਅਤੇ ਹੋਰਨਾਂ ਖ਼ਿਲਾਫ਼ ਦਰਜ FIR ਦੇ ਆਧਾਰ ’ਤੇ ਸ਼ੁਰੂ ਕੀਤੀ ਗਈ ਸੀ।

Reported by:  PTC News Desk  Edited by:  Amritpal Singh -- November 06th 2026 09:09 PM
ਮੋਗਾ ਤੋਂ ‘ਆਪ’ ਵਿਧਾਇਕ ਅਮਨਦੀਪ ਕੌਰ ਅਰੋੜਾ ਖ਼ਿਲਾਫ਼ ED ਦੀ ਵੱਡੀ ਕਾਰਵਾਈ, 7 ਟਿਕਾਣਿਆਂ ’ਤੇ ਕੀਤੀ ਗਈ ਛਾਪੇਮਾਰੀ

ਮੋਗਾ ਤੋਂ ‘ਆਪ’ ਵਿਧਾਇਕ ਅਮਨਦੀਪ ਕੌਰ ਅਰੋੜਾ ਖ਼ਿਲਾਫ਼ ED ਦੀ ਵੱਡੀ ਕਾਰਵਾਈ, 7 ਟਿਕਾਣਿਆਂ ’ਤੇ ਕੀਤੀ ਗਈ ਛਾਪੇਮਾਰੀ

ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਚੰਡੀਗੜ੍ਹ ਜ਼ੋਨਲ ਦਫ਼ਤਰ-1 ਵੱਲੋਂ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਸਬੰਧਤ ਵਿਅਕਤੀਆਂ ਨਾਲ ਜੁੜੇ 7 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ। ਇਹ ਕਾਰਵਾਈ 4 ਨਵੰਬਰ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA), 2002 ਤਹਿਤ ਕੀਤੀ ਗਈ। ਛਾਪੇਮਾਰੀ ਵਾਲੇ ਟਿਕਾਣਿਆਂ ਵਿੱਚ ਵਿਧਾਇਕ ਨਾਲ ਸਬੰਧਤ ਇੱਕ ਹਸਪਤਾਲ-ਕਮ-ਨਸ਼ਾ ਛੁਡਾਊ ਕੇਂਦਰ ਵੀ ਸ਼ਾਮਲ ਹੈ।


ED ਮੁਤਾਬਕ, ਇਹ ਜਾਂਚ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਧਰਮਕੋਟ ਥਾਣੇ ਵਿੱਚ ਨਵਦੀਪ ਸਿੰਘ, ਪਟਵਾਰੀ ਦਿਲਕੁਸ਼ ਕੁਮਾਰੀ ਅਤੇ ਹੋਰਨਾਂ ਖ਼ਿਲਾਫ਼ ਦਰਜ FIR ਦੇ ਆਧਾਰ ’ਤੇ ਸ਼ੁਰੂ ਕੀਤੀ ਗਈ ਸੀ। ਮਾਮਲਾ ਪਿੰਡ ਅਧਰਾਮਨ ਵਿੱਚ ਸਰਕਾਰੀ ਜ਼ਮੀਨ ਦੇ ਮਾਲੀਆ ਰਿਕਾਰਡ ਨਾਲ ਕਥਿਤ ਛੇੜਛਾੜ ਕਰਕੇ ਨੈਸ਼ਨਲ ਹਾਈਵੇਅ ਨੰਬਰ 754A ਲਈ ਐਕੁਆਇਰ ਕੀਤੀ ਗਈ ਜ਼ਮੀਨ ਦੇ ਮੁਆਵਜ਼ੇ ਵਿੱਚ 1 ਕਰੋੜ 65 ਹਜ਼ਾਰ 724 ਰੁਪਏ ਦੀ ਕਥਿਤ ਗ਼ਲਤ ਅਦਾਇਗੀ ਨਾਲ ਸਬੰਧਤ ਹੈ। ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਨਵਦੀਪ ਸਿੰਘ ਖ਼ਿਲਾਫ਼ ਚਾਰਜਸ਼ੀਟ ਵੀ ਦਾਇਰ ਕੀਤੀ ਜਾ ਚੁੱਕੀ ਹੈ।


ED ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਆਵਜ਼ੇ ਦੀ ਰਕਮ ਦਿਲਕੁਸ਼ ਕੁਮਾਰੀ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਈ ਗਈ ਸੀ, ਜਿਸ ਨੂੰ ਬਾਅਦ ਵਿੱਚ ਬੈਂਕ ਵੱਲੋਂ ਫ੍ਰੀਜ਼ ਕਰ ਦਿੱਤਾ ਗਿਆ। ਜਾਂਚ ਏਜੰਸੀ ਨੇ ਵਿਧਾਇਕ, ਉਨ੍ਹਾਂ ਦੇ ਪਤੀ ਅਤੇ ਹੋਰ ਸਾਥੀਆਂ ਦੀ ਕਥਿਤ ਸ਼ਮੂਲੀਅਤ ਦਾ ਦਾਅਵਾ ਕੀਤਾ ਹੈ। ED ਅਨੁਸਾਰ, ਇਨ੍ਹਾਂ ਵਿਅਕਤੀਆਂ ਨੇ ਮੁਆਵਜ਼ੇ ਦੀ ਰਕਮ ਨੂੰ ਹੋਰ ਪਾਸੇ ਭੇਜਣ ਅਤੇ ਹੜੱਪਣ ਵਿੱਚ ਮਦਦ ਕੀਤੀ।


ਸਰਕਾਰੀ ਅਤੇ ਹੋਰ ਜ਼ਮੀਨਾਂ ’ਤੇ ਕਬਜ਼ੇ ਦੇ ਦੋਸ਼


ED ਦੀ ਜਾਂਚ ਵਿੱਚ ਸਰਕਾਰੀ, ਨਗਰ ਨਿਗਮ ਅਤੇ ਧਾਰਮਿਕ ਸੰਸਥਾਵਾਂ ਨਾਲ ਸਬੰਧਤ ਜਾਇਦਾਦਾਂ ਦੀ ਕਥਿਤ ਧੋਖਾਧੜੀ ਰਾਹੀਂ ਖ਼ਰੀਦ ਅਤੇ ਤਬਾਦਲੇ ਦੇ ਮਾਮਲੇ ਵੀ ਸਾਹਮਣੇ ਆਏ ਹਨ।


ਇਨ੍ਹਾਂ ਵਿੱਚ ਜ਼ੀਰਾ ਰੋਡ ’ਤੇ ਕੇਂਦਰ ਸਰਕਾਰ ਦੀ 13 ਮਰਲੇ ਜ਼ਮੀਨ, ਸਿਵਲ ਲਾਈਨਜ਼ ਵਿਖੇ ਪੰਜਾਬ ਸਰਕਾਰ ਦੀ 7 ਮਰਲੇ ਜ਼ਮੀਨ, ਰੇਲਵੇ ਰੋਡ ’ਤੇ ਮਾਰਕੀਟ ਕਮੇਟੀ ਦੀ 6 ਮਰਲੇ ਜ਼ਮੀਨ, ਮੋਗਾ ਦੇ ਮੇਹਨਾ ਸਿੰਘ ਇਲਾਕੇ ਵਿੱਚ ਨਗਰ ਨਿਗਮ ਦੀ 3 ਕਨਾਲ 16 ਮਰਲੇ ਜ਼ਮੀਨ ਅਤੇ ਯੂਨਾਈਟਿਡ ਚਰਚ ਆਫ ਨਾਰਦਰਨ ਇੰਡੀਆ ਟਰੱਸਟ ਐਸੋਸੀਏਸ਼ਨ ਦੀ 52 ਮਰਲੇ 8 ਸਰਸਾਹੀ ਜ਼ਮੀਨ ਸ਼ਾਮਲ ਹੈ।


ED ਅਨੁਸਾਰ, ਇਨ੍ਹਾਂ ਜਾਇਦਾਦਾਂ ਨੂੰ ਮਾਲੀਆ ਰਿਕਾਰਡ ਵਿੱਚ ਕਥਿਤ ਹੇਰਾਫੇਰੀ ਅਤੇ ਜਾਅਲੀ ਦਸਤਾਵੇਜ਼ਾਂ ਰਾਹੀਂ ਵਿਧਾਇਕ ਦੇ ਰਿਸ਼ਤੇਦਾਰਾਂ ਅਤੇ ਹੋਰ ਸਬੰਧਤ ਵਿਅਕਤੀਆਂ ਦੇ ਨਾਮ ’ਤੇ ਕਰਵਾਇਆ ਗਿਆ। ਇਸ ਤੋਂ ਇਲਾਵਾ ਮੋਗਾ ਵਿੱਚ ਇੱਕ ਰਿਹਾਇਸ਼ੀ ਜਾਇਦਾਦ ਦੀ ਖ਼ਰੀਦ ਦੌਰਾਨ ਕਥਿਤ ਤੌਰ ’ਤੇ ਅਣਦੱਸੀ ਨਕਦੀ ਦੀ ਵਰਤੋਂ ਕਰਨ ਦੇ ਦੋਸ਼ ਵੀ ਸਾਹਮਣੇ ਆਏ ਹਨ।


ਛਾਪੇਮਾਰੀ ਦੌਰਾਨ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਉਪਕਰਨ ਬਰਾਮਦ


ED ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਕਈ ਇਤਰਾਜ਼ਯੋਗ ਦਸਤਾਵੇਜ਼, ਇਲੈਕਟ੍ਰਾਨਿਕ ਉਪਕਰਨ ਅਤੇ ਹੋਰ ਸਬੂਤ ਬਰਾਮਦ ਕੀਤੇ ਗਏ ਹਨ। ਜਾਂਚ ਏਜੰਸੀ ਮੁਤਾਬਕ, ਇਹ ਸਮੱਗਰੀ ਵਿਧਾਇਕ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕਥਿਤ ਬੇਨਾਮੀ ਜਾਇਦਾਦਾਂ ਦੀ ਖ਼ਰੀਦ ਵੱਲ ਇਸ਼ਾਰਾ ਕਰਦੀ ਹੈ।


ਬਰਾਮਦ ਕੀਤੇ ਗਏ ਦਸਤਾਵੇਜ਼ਾਂ ਅਤੇ ਹੋਰ ਸਮੱਗਰੀ ਦੀ ਜਾਂਚ ਕੀਤੀ ਜਾ ਰਹੀ ਹੈ। ED ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK