Body Donation: ਭਾਰਤ ਚ ਦੇਹ ਦਾਨ ਕਰਨ ਲਈ ਕੀ ਹੈ ਨਿਯਮ ? ਜਾਣੋ ਦੇਹ ਦਾਨ ਤੇ ਅੰਗ ਦਾਨ ਚ ਫਰਕ
Body Donation Rules in India : ਬੀਤੇ ਦਿਨੀਂ ਸਮਾਜ ਸੇਵੀ ਸਵਰਨ ਸਿੰਘ ਭੰਗੂ ਦੀ ਚਮਕੌਰ ਸਾਹਿਬ ਵਿੱਚ ਉਨ੍ਹਾਂ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਇੱਛਾ ਅਨੁਸਾਰ ਦੇਹ ਨੂੰ PGI ਚੰਡੀਗੜ੍ਹ ਨੂੰ ਸੌਂਪ ਦਿੱਤਾ ਗਿਆ।
Body Donation Rules in India : ਉੱਘੇ ਪੱਤਰਕਾਰ ਅਤੇ ਸਮਾਜ ਸੇਵੀ ਸਵਰਨ ਸਿੰਘ ਭੰਗੂ (Swaran Singh Bhangu) ਨੇ ਮੌਤ ਤੋਂ ਬਾਅਦ ਵੀ ਸਮਾਜ ਸੇਵਾ ਦੀ ਮਿਸਾਲ ਕਾਇਮ ਕੀਤੀ ਹੈ। ਬੀਤੇ ਦਿਨੀਂ ਚਮਕੌਰ ਸਾਹਿਬ ਵਿੱਚ ਉਨ੍ਹਾਂ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਇੱਛਾ ਅਨੁਸਾਰ ਦੇਹ ਨੂੰ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGI), ਚੰਡੀਗੜ੍ਹ ਨੂੰ ਸੌਂਪ ਦਿੱਤਾ ਗਿਆ।
ਸਵਰਨ ਸਿੰਘ ਭੰਗੂ ਨੇ ਕਈ ਸਾਲ ਪਹਿਲਾਂ ਹੀ ਦੇਹ ਦਾਨ ਲਈ ਰਜਿਸਟ੍ਰੇਸ਼ਨ ਕਰਵਾ ਕੇ ਮਨੁੱਖਤਾ ਅਤੇ ਮੈਡੀਕਲ ਸਿੱਖਿਆ ਪ੍ਰਤੀ ਆਪਣੀ ਵਚਨਬੱਧਤਾ ਦਰਸਾਈ ਸੀ।
ਉਨ੍ਹਾਂ ਦੇ ਇਸ ਫ਼ੈਸਲੇ ਦੀ ਹਰ ਪਾਸੇ ਸਰਾਹਨਾ ਹੋ ਰਹੀ ਹੈ। ਆਓ ਜਾਣਦੇ ਹਾਂ ਕਿ ਭਾਰਤ ਵਿੱਚ ਦੇਹ ਦਾਨ ਦੀ ਪ੍ਰਕਿਰਿਆ ਕੀ ਹੈ ਅਤੇ ਇਸ ਲਈ ਕਿਹੜੀਆਂ ਸ਼ਰਤਾਂ ਅਤੇ ਨਿਯਮ ਲਾਗੂ ਹੁੰਦੇ ਹਨ।
ਭਾਰਤ ਵਿੱਚ ਦੇਹ ਦਾਨ (Body Donation) ਬਾਰੇ ਮਹੱਤਵਪੂਰਨ ਜਾਣਕਾਰੀ
- ਘੱਟੋ-ਘੱਟ ਉਮਰ 18 ਸਾਲ ਹੋਣੀ ਚਾਹੀਦੀ ਹੈ।
- ਆਪਣੇ ਨੇੜਲੇ ਮੈਡੀਕਲ ਕਾਲਜ ਦੇ ਐਨਾਟਮੀ ਵਿਭਾਗ ਨਾਲ ਸੰਪਰਕ ਕਰੋ।
- ਦੇਹ ਦਾਨ (Will/Pledge) ਫਾਰਮ ਭਰੋ।
- ਆਧਾਰ/ਪਛਾਣ ਪੱਤਰ, ਫੋਟੋ ਅਤੇ ਗਵਾਹਾਂ ਦੇ ਦਸਤਖ਼ਤ ਜਮ੍ਹਾਂ ਕਰਵਾਓ।
- ਸੰਸਥਾ ਵੱਲੋਂ ਰਜਿਸਟ੍ਰੇਸ਼ਨ ਕਰਕੇ ਡੋਨਰ ਕਾਰਡ ਜਾਰੀ ਕੀਤਾ ਜਾਂਦਾ ਹੈ।
- ਦੇਹ ਦਾਨ ਦੀ ਆਪਣੀ ਇੱਛਾ ਬਾਰੇ ਪਹਿਲਾਂ ਹੀ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਜਾਣੂ ਕਰਵਾਓ।
- ਮੌਤ ਤੋਂ ਬਾਅਦ ਪਰਿਵਾਰ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ।
ਮੌਤ ਤੋਂ ਬਾਅਦ ਕੀ ਕਰਨਾ ਹੁੰਦਾ ਹੈ?
- ਤੁਰੰਤ ਮੈਡੀਕਲ ਕਾਲਜ ਦੇ ਐਨਾਟਮੀ ਵਿਭਾਗ (Anatomy Department) ਨੂੰ ਸੂਚਿਤ ਕਰੋ।
- ਮੌਤ ਸਰਟੀਫਿਕੇਟ (Death Certificate) ਪ੍ਰਾਪਤ ਕਰੋ।
- ਲੋੜੀਂਦੇ ਦਸਤਾਵੇਜ਼ਾਂ ਸਮੇਤ ਮ੍ਰਿਤ ਦੇਹ ਨੂੰ ਮੈਡੀਕਲ ਕਾਲਜ ਤੱਕ ਪਹੁੰਚਾਓ।
- ਮ੍ਰਿਤਕ ਦਾ ਪਛਾਣ ਪੱਤਰ।
- ਨਜ਼ਦੀਕੀ ਰਿਸ਼ਤੇਦਾਰ ਦੀ ਸਹਿਮਤੀ ਅਤੇ ਪਛਾਣ ਪੱਤਰ।
ਕਿਹੜੀਆਂ ਸਥਿਤੀਆਂ ਵਿੱਚ ਦੇਹ ਦਾਨ ਸਵੀਕਾਰ ਨਹੀਂ ਕੀਤਾ ਜਾਂਦਾ?
- HIV, ਸਰਗਰਮ ਹੈਪਾਟਾਈਟਿਸ, ਟੀ.ਬੀ. ਵਰਗੀਆਂ ਸੰਕਰਾਮਕ ਬਿਮਾਰੀਆਂ।
- ਬਹੁਤ ਜ਼ਿਆਦਾ ਖਰਾਬ (Decomposed) ਹੋ ਚੁੱਕੀ ਮ੍ਰਿਤਕ ਦੇਹ।
- ਸੜਕ ਹਾਦਸਾ, ਕਤਲ, ਆਤਮਹੱਤਿਆ ਜਾਂ ਹੋਰ ਮੈਡੀਕੋ-ਲੀਗਲ ਮਾਮਲੇ।
- ਕੁਝ ਸੰਸਥਾਵਾਂ ਵਿੱਚ ਪੋਸਟਮਾਰਟਮ ਕੀਤੀ ਗਈ ਮ੍ਰਿਤਕ ਦੇਹ ਵੀ ਸਵੀਕਾਰ ਨਹੀਂ ਕੀਤੀ ਜਾਂਦੀ।
ਦੇਹ ਦਾਨ ਅਤੇ ਅੰਗ ਦਾਨ ਵਿੱਚ ਫਰਕ
- ਅੰਗ ਦਾਨ ਵਿੱਚ ਅੰਗ (ਜਿਵੇਂ ਦਿਲ, ਗੁਰਦਾ, ਜਿਗਰ) ਕਿਸੇ ਮਰੀਜ਼ ਨੂੰ ਟ੍ਰਾਂਸਪਲਾਂਟ ਲਈ ਦਿੱਤੇ ਜਾਂਦੇ ਹਨ।
- ਦੇਹ ਦਾਨ ਵਿੱਚ ਪੂਰਾ ਸਰੀਰ ਮੈਡੀਕਲ ਸਿੱਖਿਆ ਅਤੇ ਖੋਜ ਲਈ ਦਾਨ ਕੀਤਾ ਜਾਂਦਾ ਹੈ।
ਦੇਹ ਦਾਨ ਤੋਂ ਬਾਅਦ ਕੀ ਹੁੰਦਾ ਹੈ?
- ਸਰੀਰ ਨੂੰ ਸੁਰੱਖਿਅਤ ਢੰਗ ਨਾਲ ਸੰਭਾਲਿਆ (Embalm) ਜਾਂਦਾ ਹੈ।
- ਇਸਦੀ ਵਰਤੋਂ ਸਿੱਖਿਆ, ਤਾਲੀਮ ਅਤੇ ਖੋਜ ਕਾਰਜਾਂ ਲਈ ਕੀਤਾ ਜਾਂਦਾ ਹੈ।
- ਵਰਤੋਂ ਪੂਰੀ ਹੋਣ ਤੋਂ ਬਾਅਦ ਮ੍ਰਿਤ ਦੇਹ ਦਾ ਸਤਿਕਾਰ ਨਾਲ ਅੰਤਿਮ ਸੰਸਕਾਰ/ਨਿਸਤਾਰਨ ਕੀਤਾ ਜਾਂਦਾ ਹੈ।