ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਰਿਹਾਇਸ਼ ਤੋਂ ਕੁਝ ਦੂਰੀ 'ਤੇ ਮਿਲਿਆ ਬੰਬ

ਮੁਹਾਲੀ ਦੇ ਨਵਾਂਗਾਓਂ ਦੇ ਨਾਲ ਲੱਗਦੇ ਚੰਡੀਗੜ੍ਹ ਦੇ ਸੈਕਟਰ 2 ਸਥਿਤ ਮੈਂਗੋ ਗਾਰਡਨ 'ਚ ਬੰਬ ਮਿਲਣ ਦੀ ਸੂਚਨਾ ਤੋਂ ਬਆਦ ਹਫੜਾਦਫੜੀ ਮਚ ਗਈ ਹੈ। ਸੂਚਨਾ ਮਿਲਦੇ ਹੀ ਚੰਡੀਗੜ੍ਹ ਅਤੇ ਮੁਹਾਲੀ ਪੁਲਿਸ ਮੌਕੇ ’ਤੇ ਪਹੁੰਚ ਗਈ ਹੈ। ਅੰਬਾਂ ਦੇ ਬਾਗ ਦੇ ਅੰਦਰ ਲੱਗੇ ਟਿਊਬਵੈੱਲ ਦੇ ਸੰਚਾਲਕ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ਮਗਰੋਂ ਪੁਲਿਸ ਨੇ ਚੰਡੀਗੜ੍ਹ ਦੀ ਬੰਬ ਨਿਰੋਧਕ ਟੀਮ ਨੂੰ ਸੂਚਿਤ ਕਰ ਦਿੱਤਾ ਹੈ।

By  Jasmeet Singh January 2nd 2023 04:42 PM -- Updated: January 2nd 2023 07:26 PM

ਚੰਡੀਗੜ੍ਹ, 2 ਜਨਵਰੀ: ਨਵਾਂਗਾਓਂ ਦੇ ਨਾਲ ਲੱਗਦੇ ਚੰਡੀਗੜ੍ਹ ਦੇ ਸੈਕਟਰ 2 ਸਥਿਤ ਅੰਬਾਂ ਦੇ ਬਾਗ਼ 'ਚ ਬੰਬ ਮਿਲਣ ਦੀ ਸੂਚਨਾ ਤੋਂ ਬਆਦ ਚੰਡੀਗੜ੍ਹ ਤੇ ਪੰਜਾਬ ਦੇ ਪੁਲਿਸ ਵਿਭਾਗਾਂ 'ਚ ਹਫੜਾਦਫੜੀ ਮਚ ਗਈ ਹੈ। ਸੂਚਨਾ ਮਿਲਦੇ ਸਾਰ ਹੀ ਚੰਡੀਗੜ੍ਹ ਅਤੇ ਮੁਹਾਲੀ ਪੁਲਿਸ ਮੌਕੇ ’ਤੇ ਪਹੁੰਚ ਗਈ। ਦੱਸਿਆ ਜਾ ਰਿਹਾ ਕਿ ਅੰਬਾਂ ਦੇ ਬਾਗ਼ ਦੇ ਅੰਦਰ ਲੱਗੇ ਟਿਊਬਵੈੱਲ ਦੇ ਸੰਚਾਲਕ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ਮਗਰੋਂ ਪੁਲਿਸ ਨੇ ਚੰਡੀਗੜ੍ਹ ਦੀ ਬੰਬ ਨਿਰੋਧਕ ਟੀਮ ਨੂੰ ਵੀ ਮੌਕੇ 'ਤੇ ਸੱਦ ਲਿਆ ਹੈ। ਮੌਕੇ 'ਤੇ ਭਾਰੀ ਤਦਾਦ 'ਚ ਪੁਲਿਸ ਬਲ ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਫੌਜ ਨੂੰ ਵੀ ਸੱਦ ਲਿਆ ਗਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਹੇਠ ਤਾਇਨਾਤ ਏ.ਡੀ.ਜੀ.ਪੀ ਏ.ਕੇ. ਪਾਂਡੇ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲੈਂਦਿਆਂ ਕਿਹਾ ਕਿ ਇਹ ਇੱਕ ਮਿਸਫਾਇਰ ਬੰਬ ਹੈ। ਹਾਲਾਂਕਿ ਘਬਰਾਉਣ ਦੀ ਲੋੜ ਨਹੀਂ ਹੈ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਬੰਬ ਅਕਸਰ ਮਿਲਦੇ ਰਹਿੰਦੇ ਹਨ। ਚੰਡੀਗੜ੍ਹ ਪੁਲਿਸ ਨੇ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਲਦ ਹੀ ਫੌਜ ਇੱਥੇ ਪਹੁੰਚ ਜਾਵੇਗੀ। ਉਨ੍ਹਾਂ ਕਿਹਾ ਕਿ ਫੌਜ ਦੇ ਪਹੁੰਚਣ ਤੋਂ ਬਾਅਦ ਬੰਬ ਦੀ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਕਿ ਇਹ ਬੰਬ ਇੱਥੇ ਕਿਵੇਂ ਪਹੁੰਚਿਆ। ਇਸ ਦਰਮਿਆਨ ਸੀ.ਆਈ.ਡੀ ਵਿਭਾਗ ਦੇ ਏ.ਆਈ.ਜੀ ਅਨਿਲ ਜੋਸ਼ੀ ਵੀ ਮੌਕੇ 'ਤੇ ਪਹੁੰਚੇ ਹਨ। ਜਿਨ੍ਹਾਂ ਨੇ ਬੰਬ ਵਾਲੇ ਸਥਾਨ ਦੇ ਆਲੇ-ਦੁਆਲੇ ਬੈਰੀਕੇਡ ਲਗਾ ਕੇ ਇਲਾਕੇ ਨੂੰ ਸੀਲ ਕਰ ਦਿੱਤਾ। ਫੌਜ ਦੀ ਟੀਮ ਵੀ ਕੱਲ੍ਹ ਸਵੇਰ ਤੱਕ ਮੌਕੇ 'ਤੇ ਪਹੁੰਚ ਜਾਵੇਗੀ। 

ਕਾਬਲੇਗੌਰ ਹੈ ਕਿ ਘਟਨਾ ਵਾਲੀ ਥਾਂ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਹੀ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਸਰਕਾਰੀ ਰਿਹਾਇਸ਼ ਸਥਿਤ ਹੈ, ਰਾਜਿੰਦਰ ਪਾਰਕ 'ਚ ਵਸੇ ਇਸ ਅੰਬਾਂ ਦੇ ਬਾਗ਼ ਦੇ ਨਾਲ ਹੀ ਤਿੰਨ ਹੈਲੀਪੈਡ ਅਤੇ ਹੋਰ ਅੱਗੇ ਪੰਜਾਬ ਤੇ ਹਰਿਆਣਾ ਦੇ ਸਕੱਤਰੇਤ ਵੀ ਮੌਜੂਦ ਹਨ।


Related Post