Amritsar News : ਲਾੜੇ ਦੇ ਸੁਪਨਿਆਂ ਉੱਤੇ ਫਿਰਿਆ ਪਾਣੀ , ਸ਼ਗੁਨ ਵਾਲੇ ਦਿਨ ਦੁਲਹਨ ਘਰੋਂ ਫ਼ਰਾਰ

Amritsar News : ਅੰਮ੍ਰਿਤਸਰ ਜ਼ਿਲ੍ਹੇ ਦੇ ਛੇਹਰਟਾ ਇਲਾਕੇ ਅਧੀਨ ਪੈਂਦੇ ਖਾਪੜਖੇੜੀ ਪਿੰਡ ਵਿੱਚ ਵਿਆਹ ਤੋਂ ਇਕ ਦਿਨ ਪਹਿਲਾਂ ਹੀ ਦੂਲਹਨ ਘਰੋਂ ਫ਼ਰਾਰ ਹੋ ਗਈ ਹੈ। ਜਾਣਕਾਰੀ ਮੁਤਾਬਕ ਖਾਪੜਖੇੜੀ ਪਿੰਡ ਵਾਸੀ 31 ਸਾਲਾ ਹਰਪ੍ਰੀਤ ਸਿੰਘ ਦੀ ਮੰਗਣੀ ਕਰੀਬ ਅੱਠ ਮਹੀਨੇ ਪਹਿਲਾਂ ਸੁਲਤਾਨਵਿੰਡ ਰੋਡ ਸਥਿਤ ਡਰਮਾ ਵਾਲਾ ਬਜ਼ਾਰ ਦੀ ਰਹਿਣ ਵਾਲੀ ਕਿਰਨਦੀਪ ਕੌਰ ਨਾਲ ਹੋਈ ਸੀ। ਦੋਹਾਂ ਪਰਿਵਾਰਾਂ ਵੱਲੋਂ ਵਿਆਹ ਦੀ ਤਾਰੀਖ਼ ਫਰਵਰੀ ਮਹੀਨੇ ਤੈਅ ਕੀਤੀ ਗਈ ਸੀ

By  Shanker Badra February 14th 2026 06:04 PM

Amritsar News : ਅੰਮ੍ਰਿਤਸਰ ਜ਼ਿਲ੍ਹੇ ਦੇ ਛੇਹਰਟਾ ਇਲਾਕੇ ਅਧੀਨ ਪੈਂਦੇ ਖਾਪੜਖੇੜੀ ਪਿੰਡ ਵਿੱਚ ਵਿਆਹ ਤੋਂ ਇਕ ਦਿਨ ਪਹਿਲਾਂ ਹੀ ਦੂਲਹਨ ਘਰੋਂ ਫ਼ਰਾਰ ਹੋ ਗਈ ਹੈ। ਜਾਣਕਾਰੀ ਮੁਤਾਬਕ ਖਾਪੜਖੇੜੀ ਪਿੰਡ ਵਾਸੀ 31 ਸਾਲਾ ਹਰਪ੍ਰੀਤ ਸਿੰਘ ਦੀ ਮੰਗਣੀ ਕਰੀਬ ਅੱਠ ਮਹੀਨੇ ਪਹਿਲਾਂ ਸੁਲਤਾਨਵਿੰਡ ਰੋਡ ਸਥਿਤ ਡਰਮਾ ਵਾਲਾ ਬਜ਼ਾਰ ਦੀ ਰਹਿਣ ਵਾਲੀ ਕਿਰਨਦੀਪ ਕੌਰ ਨਾਲ ਹੋਈ ਸੀ। ਦੋਹਾਂ ਪਰਿਵਾਰਾਂ ਵੱਲੋਂ ਵਿਆਹ ਦੀ ਤਾਰੀਖ਼ ਫਰਵਰੀ ਮਹੀਨੇ ਤੈਅ ਕੀਤੀ ਗਈ ਸੀ। 

15 ਫਰਵਰੀ ਨੂੰ ਬਰਾਤ ਜਾਣੀ ਸੀ ਅਤੇ 14 ਫਰਵਰੀ ਨੂੰ ਸ਼ਗੁਨ ਪੈਣ ਦੀ ਰਸਮ ਹੋਣੀ ਸੀ ਪਰ 14 ਫਰਵਰੀ ਦੀ ਸਵੇਰ ਕਰੀਬ 5 ਵਜੇ ਲਾੜੇ ਦੇ ਪਰਿਵਾਰ ਨੂੰ ਕੁੜੀ ਵਾਲਿਆਂ ਵੱਲੋਂ ਫ਼ੋਨ ਆਇਆ ਕਿ ਉਨ੍ਹਾਂ ਦੀ ਧੀ ਕਿਰਨਦੀਪ ਕੌਰ ਘਰੋਂ ਲਾਪਤਾ ਹੋ ਗਈ ਹੈ। ਵਿਆਹ ਵਾਲੇ ਮੁੰਡੇ ਦੇ ਪਰਿਵਾਰ ਨੇ ਆਰੋਪ ਲਗਾਇਆ ਹੈ ਕਿ ਕੁੜੀ ਦਾ ਕਿਸੇ ਨੌਜਵਾਨ ਨਾਲ ਪ੍ਰੇਮ ਸੰਬੰਧ ਸੀ, ਜਿਸ ਕਾਰਨ ਪਿਛਲੇ ਅੱਠ ਮਹੀਨਿਆਂ ਤੋਂ ਕੁੜੀ ਵਾਲੇ ਵਿਆਹ ਦੀ ਤਾਰੀਖ਼ ਨੂੰ ਲੈ ਕੇ ਟਾਲਮਟੋਲ ਕਰ ਰਹੇ ਸਨ। 

ਪਰਿਵਾਰ ਦਾ ਕਹਿਣਾ ਹੈ ਕਿ ਇਕ ਦਿਨ ਪਹਿਲਾਂ ਇਕ ਨੌਜਵਾਨ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਦੱਸਿਆ ਸੀ ਕਿ ਉਸਦਾ ਅਤੇ ਕਿਰਨਦੀਪ ਕੌਰ ਦਾ ਪ੍ਰੇਮ ਸੰਬੰਧ ਹੈ ਅਤੇ ਦੋਵੇਂ ਵਿਆਹ ਕਰਨਾ ਚਾਹੁੰਦੇ ਹਨ, ਇਸ ਲਈ ਇਹ ਰਿਸ਼ਤਾ ਤੋੜ ਦਿੱਤਾ ਜਾਵੇ। ਲਾੜੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਘਟਨਾ ਕਾਰਨ ਪਿੰਡ ਵਿੱਚ ਉਨ੍ਹਾਂ ਦੀ ਬਦਨਾਮੀ ਹੋਈ ਹੈ ਅਤੇ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਵੀ ਝੱਲਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੁੜੀ ਵਾਲਿਆਂ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਠੋਸ ਜਵਾਬ ਨਹੀਂ ਮਿਲਿਆ ਅਤੇ ਫ਼ੋਨ ਵੀ ਬੰਦ ਕਰ ਦਿੱਤੇ ਗਏ। 

ਇਸ ਮਾਮਲੇ ਨੂੰ ਲੈ ਕੇ ਲਾੜੇ ਦੇ ਪਰਿਵਾਰ ਵੱਲੋਂ ਪੁਲਿਸ ਚੌਕੀ ਖਾਸਾ, ਥਾਣਾ ਘਰਿੰਡਾ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਕੁੜੀ ਦੇ ਪਰਿਵਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਧਰ, ਪੁਲਿਸ ਚੌਕੀ ਖਾਸਾ ਵਿੱਚ ਤਾਇਨਾਤ ਏਐਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਲਾੜੇ ਦੇ ਪਰਿਵਾਰ ਦੀ ਸ਼ਿਕਾਇਤ ਮਿਲੀ ਹੈ। ਕੁੜੀ ਵਾਲੇ ਪਰਿਵਾਰ ਨੂੰ ਥਾਣੇ ਬੁਲਾਇਆ ਗਿਆ ਹੈ ਅਤੇ ਦੋਹਾਂ ਪੱਖਾਂ ਦੀ ਗੱਲ ਸੁਣਨ ਤੋਂ ਬਾਅਦ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Related Post