Faridkot : ਫ਼ਰੀਦਕੋਟ ਚ ਮਾਸੂਮ ਬੱਚੀ ਨਾਲ ਅਣਮਨੁੱਖੀ ਵਿਵਹਾਰ, ਹੱਥ-ਪੈਰ ਬੰਨ੍ਹ ਕੇ ਧੁੱਪ ਚ ਛੱਡਿਆ

Crime against Children : ਵਾਇਰਲ ਵੀਡੀਓ ਵਿੱਚ ਬੱਚੀ ਦੇ ਹੱਥ-ਪੈਰ ਬੰਨ ਕੇ ਉਸਨੂੰ ਘਰ ਦੇ ਬਾਹਰ ਗੇਟ ਨਾਲ ਧੁੱਪ ਵਿੱਚ ਖੜ੍ਹਾ ਰੱਖਣ ਦੀ ਦਿਲ ਦਹਿਲਾ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ, ਜਿਸਨੂੰ ਲੋਕਾਂ ਵੱਲੋਂ ਮਨੁੱਖਤਾ ਦੇ ਖ਼ਿਲਾਫ਼ ਗੰਭੀਰ ਜੁਰਮ ਕਰਾਰ ਦਿੱਤਾ ਜਾ ਰਿਹਾ ਹੈ।

By  KRISHAN KUMAR SHARMA April 15th 2026 05:08 PM -- Updated: April 15th 2026 05:13 PM

Faridkot News : ਫਰੀਦਕੋਟ ਸ਼ਹਿਰ ਦੇ ਡੋਗਰ ਬਸਤੀ ਇਲਾਕੇ ਵਿੱਚ ਇੱਕ ਮਾਸੂਮ ਬੱਚੀ ਨਾਲ ਅਣਮਨੁੱਖੀ ਵਤੀਰੇ ਦੀ ਘਟਨਾ ਸਾਹਮਣੇ (Crime against Children) ਆਈ ਹੈ। ਮਾਮਲੇ ਦੀ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਤੋਂ ਬਾਅਦ ਮਾਮਲੇ ਨੇ ਹੁਣ ਨਵਾਂ ਅਤੇ ਗੰਭੀਰ ਮੋੜ ਲੈ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ, ਬੱਚੀ ਦੇ ਪਿਤਾ ਅਧਰੰਗ ਦਾ ਸ਼ਿਕਾਰ ਹੋਣ ਕਾਰਨ ਉਸਦੀ ਦੇਖਭਾਲ ਕਰਨ ਵਿੱਚ ਅਸਮਰਥ ਹਨ, ਜਿਸ ਕਰਕੇ ਬੱਚੀ ਨੂੰ ਗੋਦ ਲਿਆ ਗਿਆ ਸੀ। ਇਸ ਮਾਮਲੇ ਵਿੱਚ ਹੈਰਾਨੀਜਨਕ ਮੋੜ ਉਦੋਂ ਆਇਆ ਜਦੋਂ ਇੱਕ ਮਹਿਲਾ, ਜਿਸ ਵੱਲੋਂ ਬੱਚੀ ਨਾਲ ਕਥਿਤ ਤੌਰ ’ਤੇ ਇਹ ਅਣਮਨੁੱਖੀ ਵਤੀਰਾ ਕੀਤਾ ਗਿਆ, ਉਸ ਬਾਰੇ ਕਥਿਤ ਤੌਰ 'ਤੇ ਪੁਲਿਸ ਵਿਭਾਗ ਨਾਲ ਸਬੰਧਤ ਹੋਣ ਬਾਰੇ ਸਾਹਮਣੇ ਆ ਰਿਹਾ ਹੈ। ਇਸ ਜਾਣਕਾਰੀ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਰੋਸ ਹੋਰ ਵੀ ਭੜਕ ਉਠਿਆ ਹੈ।


ਵਾਇਰਲ ਵੀਡੀਓ ਵਿੱਚ ਬੱਚੀ ਦੇ ਹੱਥ-ਪੈਰ ਬੰਨ ਕੇ ਉਸਨੂੰ ਘਰ ਦੇ ਬਾਹਰ ਗੇਟ ਨਾਲ ਧੁੱਪ ਵਿੱਚ ਖੜ੍ਹਾ ਰੱਖਣ ਦੀ ਦਿਲ ਦਹਿਲਾ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ, ਜਿਸਨੂੰ ਲੋਕਾਂ ਵੱਲੋਂ ਮਨੁੱਖਤਾ ਦੇ ਖ਼ਿਲਾਫ਼ ਗੰਭੀਰ ਜੁਰਮ ਕਰਾਰ ਦਿੱਤਾ ਜਾ ਰਿਹਾ ਹੈ।


ਮੁਹੱਲਾ ਵਾਸੀਆਂ ਨੇ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਕੀਤੀ ਮੰਗ


ਮੁਹੱਲਾ ਵਾਸੀਆਂ ਅਤੇ ਸਮਾਜਿਕ ਸੰਸਥਾਵਾਂ ਨੇ ਤਿੱਖੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਜੇਕਰ ਕਾਨੂੰਨ ਦੇ ਰਖਵਾਲੇ ਹੀ ਕਾਨੂੰਨ ਦੀ ਪਾਲਣਾ ਨਹੀਂ ਕਰਨਗੇ ਤਾਂ ਆਮ ਲੋਕਾਂ ਤੋਂ ਕਿਵੇਂ ਉਮੀਦ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਉੱਚ ਅਧਿਕਾਰੀ ਇਸ ਮਾਮਲੇ ਵਿੱਚ ਤੁਰੰਤ ਸੂਮੋਟੋ ਐਕਸ਼ਨ ਲੈ ਕੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਯਕੀਨੀ ਬਣਾਉਣ।


ਲੋਕਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਜੇਕਰ ਕਥਿਤ ਦੋਸ਼ੀ ਮਹਿਲਾ ਦੀ ਪੁਲਿਸ ਨਾਲ ਸੰਬੰਧਤਾ ਸਾਬਤ ਹੁੰਦੀ ਹੈ ਤਾਂ ਉਸਦੇ ਖ਼ਿਲਾਫ਼ ਵਿਭਾਗੀ ਕਾਰਵਾਈ ਦੇ ਨਾਲ-ਨਾਲ ਸਖ਼ਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ, ਤਾਂ ਜੋ ਕਾਨੂੰਨ ’ਤੇ ਲੋਕਾਂ ਦਾ ਭਰੋਸਾ ਕਾਇਮ ਰਹੇ।


ਫਿਲਹਾਲ, ਮਾਮਲਾ ਪੁਲਿਸ ਦੇ ਧਿਆਨ ਵਿੱਚ ਹੈ ਅਤੇ ਜਾਂਚ ਜਾਰੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਪੱਖਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Related Post