Jathedar ਕੁਲਦੀਪ ਸਿੰਘ ਗੜਗੱਜ ਵੱਲੋਂ ਨਿਊਜ਼ੀਲੈਂਡ ’ਚ ਮੁਫ਼ਤ ਫੂਡ ਡ੍ਰਾਈਵ ਦੀ ਅਗਵਾਈ, ਵੰਡੀਆਂ ਭੋਜਨ ਕਿੱਟਾਂ ; ਮਾਓਰੀ ਭਾਈਚਾਰੇ ਵੱਲੋਂ ਨਿੱਘਾ ਸੁਆਗਤ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਵੱਲੋਂ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਅੱਜ ਕਰਵਾਏ ਗਏ ਮੁਫ਼ਤ ਫੂਡ ਡ੍ਰਾਈਵ ਮੌਕੇ ਸ਼ਮੂਲੀਅਤ ਕੀਤੀ।
ਇਸ ਮੌਕੇ ਉਨ੍ਹਾਂ ਅਰਦਾਸ ਕਰਕੇ ਮੁਫ਼ਤ ਭੋਜਨ ਵੰਡ ਸਮਾਰੋਹ ਦੀ ਸ਼ੁਰੂਆਤ ਕੀਤੀ, ਜਿਸ ਦੌਰਾਨ ਇੱਕ ਹਜ਼ਾਰ ਤੋਂ ਵੱਧ ਭੋਜਨ ਦੀਆਂ ਕਿੱਟਾਂ ਸਥਾਨਕ ਲੋੜਵੰਦ ਭਾਈਚਾਰੇ ਨੂੰ ਵੰਡੀਆਂ ਗਈਆਂ।
ਅਰਦਾਸ ਉਪਰੰਤ ਗੱਲ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜਿਸ ਸਿੱਖ ਸਿਧਾਂਤ ਦੀ ਅਰੰਭਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਦੁਆਰਾ ਸੱਚਾ ਸੌਦਾ ਸਾਹਿਬ ਵਿਖੇ 20 ਰੁਪਈਆਂ ਨਾਲ ਲੋੜਵੰਦਾਂ ਲਈ ਲੰਗਰ ਲਗਾ ਕੇ ਕੀਤੀ। ਗੁਰੂ ਸਾਹਿਬ ਦੇ ਉਨ੍ਹਾਂ 20 ਰੁਪਈਆਂ ਦੀ ਬਰਕਤ ਅੱਜ ਪੂਰੇ ਸੰਸਾਰ ਦੇ ਵਿੱਚ ਨਜ਼ਰ ਆਉਂਦੀ ਹੈ, ਜਿਸ ਦਾ ਪ੍ਰਤੱਖ ਪ੍ਰਗਟਾਵਾ ਸਿੱਖ ਸੁਪਰੀਮ ਸੁਸਾਇਟੀ ਆਫ਼ ਨਿਊਜ਼ੀਲੈਂਡ ਅਤੇ ਸਮੁੱਚੀ ਟੀਮ ਨੇ ਵੀ ਇਸ ਮੁਫ਼ਤ ਫੂਡ ਡ੍ਰਾਈਵ ਰਾਹੀਂ ਕੀਤਾ ਹੈ।
ਇਨ੍ਹਾਂ ਵੱਲੋਂ ਕੋਵਿਡ-19 ਸਮੇਂ ਵੀ ਇਸ ਧਰਤੀ ਉੱਤੇ ਬਹੁਤ ਵੱਡੀਆਂ ਸੇਵਾਵਾਂ ਕਰਕੇ ਮਨੁੱਖਤਾ ਦੀ ਭਲਾਈ ਦੇ ਕਾਰਜ ਕੀਤੇ ਗਏ। ਸਿੱਖਾਂ ਦੇ ਇਸ ਉਪਰਾਲੇ ਨੂੰ ਨਿਊਜ਼ੀਲੈਂਡ ਦੀ ਸਰਕਾਰ ਨੇ ਵੀ ਸਲਾਹਿਆ ਹੈ, ਜਿਸ ਨਾਲ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ। ਇਹ ਸੇਵਾ ਸਮੂਹ ਮਨੁੱਖਾਂ ਵਿਚਕਾਰ ਬਰਾਬਰੀ ਦੀ ਪ੍ਰਤੀਕ ਹੈ, ਜਿਸ ਤਹਿਤ ਜਾਤ-ਪਾਤ, ਰੰਗ-ਨਸਲ, ਊਚ-ਨੀਚ, ਅਮੀਰ-ਗਰੀਬ ਦੇ ਵਿਤਕਰਿਆਂ ਉੱਪਰ ਉੱਠ ਕੇ ਹਰ ਇੱਕ ਲੋੜਵੰਦ ਦੀ ਮਦਦ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਉਪਰਾਲਿਆਂ ਨਾਲ ਸਿੱਖਾਂ ਦੀ ਵਿਲੱਖਣ ਪਛਾਣ ਪੂਰੇ ਸੰਸਾਰ ਵਿੱਚ ਉਜਾਗਰ ਹੋਈ ਹੈ ਅਤੇ ਸਿੱਖੀ ਦੀ ਚੜ੍ਹਦੀ ਕਲਾ ਹੋਈ ਹੈ। ਉਨ੍ਹਾਂ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਤੇ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦੇ ਬੁਲਾਰੇ ਦਲਜੀਤ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਨਿਊਜ਼ੀਲੈਂਡ ਵਿੱਚ ਵੱਖ-ਵੱਖ ਗੁਰਦੁਆਰਾ ਸਾਹਿਬਾਨ ਨੂੰ ਇੱਕ ਮੰਚ ਹੇਠ ਇਕੱਤਰ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੋੜਿਆ ਹੋਇਆ ਹੈ। ਉਨ੍ਹਾਂ ਨਿਊਜ਼ੀਲੈਂਡ ਵਿੱਚ ਵੱਸਦੇ ਸਮੂਹ ਸਿੱਖਾਂ ਅਤੇ ਹੋਰ ਭਾਈਚਾਰਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
ਇਸ ਦੌਰਾਨ ਮਾਂਗਾਕੀਕੀ ਦੇ ਨਿਊਜ਼ੀਲੈਂਡ ਸੰਸਦ ਮੈਂਬਰ ਗ੍ਰੈਗ ਫਲੈਮਿੰਗ ਵੀ ਹਾਜ਼ਰ ਰਹੇ, ਜਿਨ੍ਹਾਂ ਨੇ ਸਿੱਖਾਂ ਵੱਲੋਂ ਕਰਵਾਏ ਗਏ ਫ੍ਰੀ ਫੂਡ ਡ੍ਰਾਈਵ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਿੱਖਾਂ ਦੀ ਉਦਾਰਤਾ ਹੈ ਜੋ ਬਿਨਾਂ ਕਿਸੇ ਭੇਦਭਾਵ ਤੋਂ ਮਨੁੱਖਤਾ ਦੀ ਸੇਵਾ ਕਰਦੇ ਹਨ। ਇਸ ਮੌਕੇ ਸਥਾਨਕ ਆਗੂ ਐਮਾ ਚੈਟਰਰਨ, ਕੌਸਲਰ ਡੈਨੀਅਲ ਨਿਊਮੈਨ, ਚੇਅਰ ਲੋਕਲ ਬੋਰਡ ਕੈਲਵਨ ਹੈਵਿਟ, ਖੜਕ ਸਿੰਘ, ਮਾਰਸ਼ਲ ਵਾਲੀਆ, ਲਾਲੀ ਰਣਵੀਰ ਸਿੰਘ ਸਕੱਤਰ, ਕਰਤਾਰ ਸਿੰਘ ਪ੍ਰਧਾਨ, ਮਨਜਿੰਦਰ ਸਿੰਘ ਖਜਾਨਚੀ, ਜਸਕਰਨ ਸਿੰਘ ਲੇਖਕ ਆਦਿ ਮੌਜੂਦ ਸਨ।
ਮਾਓਰੀ ਭਾਈਚਾਰੇ ਵੱਲੋਂ ਜਥੇਦਾਰ ਗੜਗੱਜ ਦਾ ਨਿੱਘਾ ਸਵਾਗਤ
ਇਸ ਤੋਂ ਪਹਿਲਾਂ ਸਥਾਨਕ ਮਾਓਰੀ ਭਾਈਚਾਰੇ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਪਾਪਾਕੁਰਾ ਮਰਾਏ ਵਿਖੇ ਪੁੱਜਣ ਉੱਤੇ ਉਨ੍ਹਾਂ ਦੀ ਸੱਭਿਆਚਾਰਕ ਰਵਾਇਤ ਅਨੁਸਾਰ ਨਿੱਘਾ ਸੁਆਗਤ ਕੀਤਾ। ਇਸ ਦੌਰਾਨ ਮਾਓਰੀ ਭਾਈਚਾਰੇ ਦੇ ਨੁਮਾਇੰਦਿਆਂ ਨੇ ਜਥੇਦਾਰ ਗੜਗੱਜ ਨਾਲ ਆਪੋ-ਆਪਣੇ ਸੱਭਿਆਚਾਰਾਂ ਤੇ ਰਵਾਇਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ।
ਮਾਓਰੀ ਭਾਈਚਾਰੇ ਨੇ ਕਿਹਾ ਕਿ ਜੋ ਵੀ ਬੀਤੇ ਦਿਨੀਂ ਕੁਝ ਅਨਸਰਾਂ ਵੱਲੋਂ ਉਨ੍ਹਾਂ ਨਾਲ ਸਬੰਧਤ ਹਾਕਾ ਰਵਾਇਤ ਦੀ ਦੁਰਵਰਤੋਂ ਕਰਕੇ ਨਿਊਜ਼ੀਲੈਂਡ ਵਿਖੇ ਸਿੱਖਾਂ ਵੱਲੋਂ ਸਜਾਏ ਗਏ ਨਗਰ ਕੀਰਤਨ ਦਾ ਵਿਰੋਧ ਕੀਤਾ ਗਿਆ ਉਸ ਉਨ੍ਹਾਂ ਦਾ ਕੋਈ ਸਬੰਧ ਨਹੀਂ। ਉਨ੍ਹਾਂ ਕਿਹਾ ਕਿ ਉਹ ਸਿੱਖ ਸਿਧਾਂਤਾਂ ਤੇ ਰਵਾਇਤਾਂ ਦਾ ਬਹੁਤ ਸਤਿਕਾਰ ਕਰਦੇ ਹਨ ਤੇ ਹਮੇਸ਼ਾ ਕਰਦੇ ਰਹਿਣਗੇ ਅਤੇ ਸਿੱਖ ਕੌਮ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।
ਮਾਓਰੀ ਭਾਈਚਾਰੇ ਨੇ ਕਿਹਾ ਕਿ ਭਾਵੇਂ ਕਿ ਉਹ ਕਿਸੇ ਨੂੰ ਵੀ ਆਪਣੇ ਮਰਾਏ ਵਿੱਚ ਸ਼ਸਤਰ ਲੈ ਕੇ ਨਹੀਂ ਆਉਣ ਦਿੰਦੇ ਪਰੰਤੂ ਕਿਉਂਕਿ ਉਹ ਸਿੱਖ ਭਾਈਚਾਰੇ ਨੂੰ ਆਪਣਾ ਸਮਝਦੇ ਹਨ, ਇਸ ਲਈ ਉਨ੍ਹਾਂ ਜਥੇਦਾਰ ਗੜਗੱਜ ਦਾ ਵੱਡੀ ਸ੍ਰੀ ਸਾਹਿਬ ਦੇ ਨਾਲ ਵੀ ਸੁਆਗਤ ਕਰਦੇ ਹਨ।
ਇਹ ਵੀ ਪੜ੍ਹੋ : Uttarakhand ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ
- PTC NEWS