ਕੋਟਾ 'ਚ ਸਿੱਖ ਵਿਦਿਆਰਥੀ ਦੀ ਮੌਤ ਦੇ ਇਲਜ਼ਾਮ 'ਚ ਸਹਿਪਾਠੀ, ਹੋਸਟਲ ਮਾਲਕ ਸਮੇਤ 6 ਲੋਕਾਂ 'ਤੇ ਮਾਮਲਾ ਦਰਜ

By  Jasmeet Singh August 7th 2023 04:39 PM -- Updated: August 7th 2023 05:01 PM

ਕੋਟਾ: ਆਪਣੇ ਤੀਬਰ ਕੋਚਿੰਗ ਸੈਂਟਰਾਂ ਲਈ ਜਾਣੇ ਜਾਂਦੇ ਰਾਜਸਥਾਨ ਦੇ ਕੋਟਾ ਸ਼ਹਿਰ ਦੇ ਲੋਕ ਉਦੋਂ ਸਦਮੇ ਵਿੱਚ ਰਹਿ ਗਏ ਜਦੋਂ ਇੱਕ NEET ਪ੍ਰੀਖਿਆਰਥੀ ਦੀ ਲਾਸ਼ ਮਿਲੀ। ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ 17 ਸਾਲਾ ਮਨਜੋਤ ਛਾਬੜਾ ਦੀ ਬੇਜਾਨ ਲਾਸ਼ ਉਸਦੇ ਹੋਸਟਲ ਦੇ ਕਮਰੇ ਵਿਚੋਂ ਮਿਲੀ। ਭਿਆਨਕ ਦ੍ਰਿਸ਼ ਵਿੱਚ ਮਨਜੋਤ ਦਾ ਚਿਹਰਾ ਪਲਾਸਟਿਕ ਦੇ ਬੈਗ ਵਿੱਚ ਲਪੇਟਿਆ ਹੋਇਆ ਸੀ ਅਤੇ ਹੱਥ ਬੰਨ੍ਹੇ ਹੋਏ ਸਨ, ਜਿਸ ਨਾਲ ਜਾਂਚਕਰਤਾ ਵੀ ਪਰੇਸ਼ਾਨ ਹੋ ਗਏ।

ਸ਼ੁਰੂਆਤੀ ਤੌਰ 'ਤੇ ਸੰਭਾਵੀ ਖੁਦਕੁਸ਼ੀ ਦੇ ਤੌਰ 'ਤੇ ਲੇਬਲ ਕੀਤੇ ਗਏ ਇਸ ਮਾਮਲੇ 'ਚ ਨਾਟਕੀ ਮੋੜ ਉਸ ਵੇਲੇ ਆਇਆ ਜਦੋਂ ਪਿਤਾ ਨੇ ਆਪਣੇ ਬੇਟੇ ਦੀ ਮੌਤ ਵਿੱਚ ਬੇਇਨਸਾਫੀ ਦਾ ਇਲਜ਼ਾਮ ਲਗਾਇਆ। ਸ਼ਿਕਾਇਤ 'ਤੇ ਤੁਰੰਤ ਕਾਰਵਾਈ ਕਰਦੇ ਹੋਏ, ਰਾਜਸਥਾਨ ਪੁਲਿਸ ਨੇ ਵਿਗਿਆਨ ਨਗਰ ਪੁਲਿਸ ਸਟੇਸ਼ਨ ਵਿੱਚ ਐਫ.ਆਈ.ਆਰ ਦਰਜ ਕਰਦਿਆਂ ਜਾਂਚ ਨੂੰ ਪੂਰੀ ਤਰ੍ਹਾਂ ਕਤਲ ਦੇ ਮਾਮਲੇ ਵਿੱਚ ਬਦਲ ਦਿੱਤਾ।

ਮਨਜੋਤ ਛਾਬੜਾ

ਰਿਪੋਰਟ ਅਨੁਸਾਰ ਮੁਲਜ਼ਮਾਂ ਦੀ ਸੂਚੀ ਵਿੱਚ ਛੇ ਵਿਅਕਤੀ ਸ਼ਾਮਲ ਪਾਏ ਗਏ ਹਨ, ਜਿਨ੍ਹਾਂ ਵਿੱਚ ਮ੍ਰਿਤਕ ਦਾ ਇੱਕ ਸਹਿਪਾਠੀ ਅਤੇ ਹੋਸਟਲ ਦਾ ਮਾਲਕ ਵੀ ਸ਼ਾਮਲ ਹੈ। ਸ਼ੱਕੀ ਸਹਿਪਾਠੀ ਜੋ ਉੱਤਰ ਪ੍ਰਦੇਸ਼ ਦੇ ਉਸੇ ਖੇਤਰ ਦਾ ਰਹਿਣ ਵਾਲਾ ਹੈ, ਇੱਕ ਨਾਬਾਲਗ ਹੈ ਅਤੇ ਮਨਜੋਤ ਦੇ ਹੋਸਟਲ ਦੇ ਕਮਰੇ ਦੇ ਨਾਲ ਰਹਿੰਦਾ ਸੀ।

ਗੰਭੀਰ ਇਲਜ਼ਾਮਾਂ ਦੇ ਬਾਵਜੂਦ ਜਾਂਚ ਅਧਿਕਾਰੀ ਉਪ ਪੁਲਿਸ ਕਪਤਾਨ ਧਰਮਵੀਰ ਸਿੰਘ ਨੇ ਖੁਲਾਸਾ ਕੀਤਾ ਕਿ ਅਜੇ ਤੱਕ ਕਤਲ ਦੇ ਠੋਸ ਸਬੂਤ ਸਾਹਮਣੇ ਨਹੀਂ ਆਏ ਹਨ। ਫਿਰ ਵੀ ਕਨੂੰਨ ਲਾਗੂ ਕਰਨ ਵਾਲੇ ਲੀਡਾਂ ਦਾ ਪਿੱਛਾ ਕਰਨਾ ਜਾਰੀ ਰਹੇਗਾ ਅਤੇ ਇਸ ਦੁਖਾਂਤ ਦੀ ਬਾਰੀਕੀ ਨਾਲ ਜਾਂਚ ਜਾਰੀ ਰਹੇਗੀ।

ਦਿਲ ਦਹਿਲਾਉਣ ਵਾਲੇ ਇਸ ਮਾਮਲੇ ਵਿਚਕਾਰ ਮਨਜੋਤ ਛਾਬੜਾ ਦੇ ਮਾਪਿਆਂ ਨੇ ਆਪਣੇ ਪੁੱਤਰ ਦੀ ਲਾਸ਼ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਪੰਜ ਮੈਂਬਰੀ ਮੈਡੀਕਲ ਬੋਰਡ ਤੋਂ ਪੋਸਟਮਾਰਟਮ ਕਰਾਉਣ ਦੀ ਮੰਗ ਕੀਤੀ। ਕੇਸ ਨੂੰ ਅਧਿਕਾਰਤ ਤੌਰ 'ਤੇ ਕਤਲ ਵਜੋਂ ਸ਼੍ਰੇਣੀਬੱਧ ਕੀਤੇ ਜਾਣ ਤੋਂ ਬਾਅਦ ਹੀ ਉਹ ਆਪਣੇ ਪੁੱਤਰ ਦੀ ਬੇਵਕਤੀ ਮੌਤ ਲਈ ਜਵਾਬ ਅਤੇ ਇਨਸਾਫ਼ ਦੀ ਮੰਗ ਲਈ ਉਨ੍ਹਾਂ ਸਿਟੀ ਪੁਲਿਸ ਦੇ ਸੁਪਰਡੈਂਟ ਨੂੰ ਪਹੁੰਚ ਕੀਤੀ।


ਇਸ ਮਾਮਲੇ 'ਚ ਸੀਨੀਅਰ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਪ੍ਰਤੀਕ੍ਰਮ ਦਿੰਦਿਆਂ ਟਵੀਟ ਕੀਤਾ, "ਇੱਕ ਬਹੁਤ ਹੀ ਮੰਦਭਾਗੀ ਅਤੇ ਦਰਦਨਾਕ ਘਟਨਾ ਵਿੱਚ ਇੱਕ ਨੌਜਵਾਨ ਸਿੱਖ ਲੜਕੇ ਮਨਜੋਤ ਸਿੰਘ ਛਾਬੜਾ ਜੋ ਕਿ ਕੋਟਾ ਰਾਜਸਥਾਨ ਵਿੱਚ NEET ਦਾਖਲਾ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ, ਦਾ ਉਸਦੇ ਹੋਸਟਲ ਦੇ ਕਮਰੇ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਸਦੇ ਹੱਥ ਉਸਦੇ ਸਰੀਰ ਦੇ ਪਿਛਲੇ ਪਾਸੇ ਨੂੰ ਬੰਨ੍ਹੇ ਹੋਏ ਸਨ ਅਤੇ ਚਿਹਰਾ ਪੋਲੀਥੀਨ ਨਾਲ ਢੱਕਿਆ ਹੋਇਆ ਸੀ। ਰਾਜਸਥਾਨ ਪੁਲਿਸ ਅਤੇ ਹੋਸਟਲ ਅਧਿਕਾਰੀ ਇਸ ਨੂੰ ਖੁਦਕੁਸ਼ੀ ਕਰਾਰ ਦੇਣ 'ਤੇ ਤੁਲੇ ਹੋਏ ਹਨ ਪਰ ਕੋਈ ਵਿਅਕਤੀ ਹੱਥ ਪਿੱਛੇ ਬੰਨ੍ਹ ਕੇ ਖੁਦਕੁਸ਼ੀ ਕਿਵੇਂ ਕਰ ਸਕਦਾ ਹੈ।"

ਸਿਰਸਾ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਬੇਨਤੀ ਕੀਤੀ ਕਿ ਉਹ ਇਸ ਮਾਮਲੇ ਨੂੰ ਨਿੱਜੀ ਤੌਰ 'ਤੇ ਦੇਖਣ ਅਤੇ ਇਸ ਨੌਜਵਾਨ ਲੜਕੇ ਲਈ ਇਨਸਾਫ਼ ਯਕੀਨੀ ਬਣਾਉਣ ਜਿਸਦਾ ਭਵਿੱਖ ਬਹੁਤ ਉੱਜਲ ਸੀ।

Related Post