Indigo ਸੰਕਟ ਕਾਰਨ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ 'ਚ ਸ਼ਾਮਿਲ ਹੋਣ ਜਾ ਰਹੇ ਰਾਗੀ ਸਿੰਘਾਂ ਦੇ ਜਥੇ ਨੂੰ ਹੋਈ ਦੇਰੀ ,CM ਨੇ ਭੇਜਿਆ ਚਾਰਟਰ ਜਹਾਜ਼
Indigo Crisis : ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350ਵੇਂ ਸ਼ਹੀਦੀ ਸ਼ਤਾਬਦੀ 'ਤੇ ਨਾਗਪੁਰ ਵਿੱਚ ਰੱਖੇ ਧਾਰਮਿਕ ਸਮਾਗਮ ਦੌਰਾਨ ਇੰਡੀਗੋ ਏਅਰਲਾਈਨਜ਼ ਦੇ ਸੰਕਟ ਕਾਰਨ ਰਾਗੀ ਸਿੰਘਾਂ ਦਾ ਜਥਾ ਸਮੇਂ ਸਿਰ ਨਾਗਪੁਰ ਨਹੀਂ ਪਹੁੰਚ ਸਕਿਆ। ਇਸ ਦੌਰਾਨ ਲੱਖਾਂ ਦੀ ਤਦਾਦ 'ਚ ਸੰਗਤਾਂ ਗੁਰਬਾਣੀ ਕੀਰਤਨ ਸੁਣਨ ਲਈ ਪਹੁੰਚੀਆਂ ਸਨ। ਅਜਿਹੇ ਸਮੇਂ ਮਹਾਰਾਸ਼ਟਰ ਸਰਕਾਰ ਨੇ ਤੁਰੰਤ ਅਜਿਹਾ ਕਦਮ ਚੁੱਕਿਆ ,ਜਿਸ ਨੇ ਪੂਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ।
ਮਹਾਂਰਾਸਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਨਿੱਜੀ ਤੌਰ 'ਤੇ ਦਖਲ ਦਿੱਤਾ ਅਤੇ ਰਾਗੀ ਸਿੰਘਾਂ ਨੂੰ ਬਿਨਾਂ ਦੇਰੀ ਦੇ ਨਾਗਪੁਰ ਪਹੁੰਚਾਉਣ ਲਈ ਤੁਰੰਤ ਰਾਜ ਸਰਕਾਰ ਦਾ ਚਾਰਟਰ ਜਹਾਜ਼ ਭੇਜਣ ਦਾ ਫੈਸਲਾ ਕੀਤਾ ,ਤਾਂ ਜੋ ਸੰਗਤ ਗੁਰੂ ਬਾਣੀ ਦੇ ਕੀਰਤਨ ਦਾ ਆਨੰਦ ਲੈ ਸਕੇ। ਫਿਰ ਰਾਗੀ ਸਿੰਘਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਨਾਗਪੁਰ ਪਹੁੰਚਾਇਆ ਗਿਆ।
ਦਰਅਸਲ 'ਚ ਰਾਗੀ ਸਿੰਘਾਂ ਦੀ ਦਿੱਲੀ ਤੋਂ ਉਡਾਣ ਸੀ ਅਤੇ ਉਹ ਅੰਮ੍ਰਿਤਸਰ ਤੋਂ ਸੜਕ ਮਾਰਗ ਰਾਹੀਂ ਦਿੱਲੀ ਤਾਂ ਪਹੁੰਚ ਗਏ ਪਰ ਉਡਾਣਾਂ ਰੱਦ ਹੋਣ ਕਰਕੇ ਨਾਗਪੁਰ ਨਹੀਂ ਪਹੁੰਚ ਸਕੇ। ਜਿਸ ਕਾਰਨ ਉਨ੍ਹਾਂ ਨੂੰ ਸਮਾਗਮ 'ਚ ਪਹੁੰਚਣ ਲਈ ਦੇਰੀ ਹੋਈ। ਜਹਾਜ਼ ਵਿੱਚ ਰਾਗੀ ਭਾਈ ਕਰਨੈਲ ਸਿੰਘ ਜੀ, ਰਾਗੀ ਭਾਈ ਜਗਤਾਰ ਸਿੰਘ ਜੀ, ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਜੀ ਅਤੇ ਰਾਗੀ ਭਾਈ ਅਮਰਜੀਤ ਸਿੰਘ ਪਟਿਆਲਾ ਵਾਲੇ ਸ਼ਾਮਲ ਸਨ।
ਦੱਸ ਦੇਈਏ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350ਵੇਂ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਲਈ ਸਿੱਖ ਸੰਗਤ ਨੇ ਮਹਾਰਾਸ਼ਟਰ ਸਰਕਾਰ ਦੇ ਸਹਿਯੋਗ ਨਾਲ ਤਿੰਨ ਵੱਡੇ ਸਮਾਗਮ ਆਯੋਜਿਤ ਕੀਤੇ ਹਨ। ਪਹਿਲਾ ਸਮਾਗਮ 7 ਦਸੰਬਰ 2025 ਨੂੰ ਨਾਗਪੁਰ ਵਿੱਚ ਹੋਇਆ ਸੀ, ਜਿਸ ਵਿੱਚ ਗੁਰੂ ਨਾਮ ਲੇਵਾ ਸੰਗਤ ਦੇ ਲੱਖਾਂ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸਮੇਤ ਕਈ ਪਤਵੰਤੇ ਮੌਜੂਦ ਸਨ ਅਤੇ "ਹਿੰਦ ਦੀ ਚਾਦਰ" ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਨਮਨ ਕੀਤਾ। ਸਿੱਖ ਸੰਗਤ ਅਤੇ ਮਹਾਰਾਸ਼ਟਰ ਸਰਕਾਰ ਵੱਲੋਂ ਦੋ ਹੋਰ ਵੱਡੇ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ।
- PTC NEWS