ਸ੍ਰੀ ਹਰਿਮੰਦਰ ਸਾਹਿਬ ਬਾਰੇ ਵਿਵਾਦਿਤ ਟਿੱਪਣੀ ਕਰਨ ਵਾਲੇ ਸ਼ਿਵ ਸੈਨਾ ਆਗੂ 'ਤੇ ਮਾਮਲਾ ਦਰਜ

By  Jasmeet Singh November 16th 2022 07:38 PM -- Updated: November 16th 2022 07:55 PM

ਰਵੀਬਖਸ਼ ਸਿੰਘ ਅਰਸ਼ੀ, (ਗੁਰਦਾਸਪੁਰ, 16 ਨਵੰਬਰ): ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਵਿਵਾਦਤ ਬਿਆਨ ਦੇਣ ਵਾਲੇ ਸ਼ਿਵ ਸੈਨਾ ਦੇ ਆਗੂ ਹਰਵਿੰਦਰ ਸੋਨੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਮੰਗਲਵਾਰ ਸਵੇਰ ਤੋਂਂ ਸਿੱਖ ਜਥੇਬੰਦੀਆਂ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਖ਼ਿਲਾਫ਼ ਮਾਮਲਾ ਦਰਜ ਕਰਨ ਅਤੇ ਉਸ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ‌ਐਸਐਸਪੀ ਗੁਰਦਾਸਪੁਰ ਦੇ ਦਫ਼ਤਰ ਮੂਹਰੇ ਧਰਨਾ ਦੇ ਰਹੀਆਂ ਸਨ। 

ਸਿੱਖ ਜਥੇਬੰਦੀਆਂ ਨੇ ਆਪਣਾ ਧਰਨਾ ਬੀਤੀ ਰਾਤ ਵੀ ਜਾਰੀ ਰੱਖਿਆ। ਇਸ ਦੌਰਾਨ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਵੱਲੋਂ ਮੁਆਫ਼ੀ ਵੀ ਮੰਗ ਲਈ ਗਈ ਅਤੇ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਵੱਲੋਂ ਸੋਨੀ ਨੂੰ ਸ਼ਿਵ ਸੈਨਾ ਵਿਚੋਂ ਬਾਹਰ ਕੱਢਣ ਦਾ ਪੱਤਰ ਵੀ ਜਾਰੀ ਕੀਤਾ ਗਿਆ ਪਰ ਇਸ ਦੇ ਬਾਵਜੂਦ ਸਿੱਖ ਜੱਥੇਬੰਦੀਆਂ ਸੋਨੀ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ 'ਤੇ ਅੜੀਆ ਰਹੀਆਂ ਅਤੇ ਆਪਣਾ ਧਰਨਾ ਜਾਰੀ ਰੱਖਿਆ। 

ਲਗਾਤਾਰ ਜਾਰੀ ਰੋਸ ਪ੍ਰਦਰਸ਼ਨ ਦੇ 30 ਘੰਟੇ ਦੇ ਅੰਤਰਾਲ ਮਗਰੋਂ ਅੱਜ ਦੇਰ ਸ਼ਾਮ ਗੁਰਦਾਸਪੁਰ ਪੁਲਿਸ ਵੱਲੋਂ ਹਰਵਿੰਦਰ ਸੋਨੀ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮਾਂ ਹੇਠ 295ਏ, 504 ਅਤੇ 505 ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। 

ਹਾਲਾਂਕਿ ਜਥੇਬੰਦੀਆਂ ਵਿਚ ਮੌਜੂਦ ਸਿੱਖ ਨੌਜਵਾਨ ਇਸ ਮਾਮਲੇ 'ਚ ਧਾਰਾ 153 ਜੋੜਨ ਦੀ ਮੰਗ ਵੀ ਕਰਦੇ ਰਹੇ ਪਰ ਪੁਲਿਸ ਅਧਿਕਾਰੀ ਅਨੁਸਾਰ ਉਨ੍ਹਾਂ ਵੱਲੋਂ ਲੀਗਲ ਅਥਾਰਟੀ ਨਾਲ ਸਲਾਹ ਮਸ਼ਵਰਾ ਕਰਕੇ ਇਹ ਮਾਮਲਾ ਦਰਜ ਕੀਤਾ ਗਿਆ ਹੈ। ਸਿੱਖ ਆਗੂਆਂ ਦੀ ਇਸ ਵਿਚ ਹੋਰ ਧਾਰਾ ਜੋੜਨ ਦੀ ਮੰਗ 'ਤੇ ਵੀ ‌ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: ਦਰਬਾਰ ਸਾਹਿਬ ਬਾਰੇ ਵਿਵਾਦਤ ਬਿਆਨ : ਸਿੱਖ ਜਥੇਬੰਦੀਆਂ ਨੇ SSP ਦਫ਼ਤਰ ਘੇਰਿਆ

ਪੁਲਿਸ ਵੱਲੋਂ ਅਸ਼ਵਾਸਨ ਮਿਲਣ 'ਤੇ ਸਿੱਖ ਆਗੂਆਂ ਵੱਲੋਂ ਆਪਣੀ ਆਪਸੀ ਸਹਿਮਤੀ ਨਾਲ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ। ਸਿੱਖ ਜਥੇਬੰਦੀਆਂ ਵੱਲੋਂ ਸੋਨੀ ਖ਼ਿਲਾਫ਼ ਮਾਮਲਾ ਦਰਜ ਹੋਣ ਤੋਂ ਬਾਅਦ ਜਿੱਥੇ ਮੀਡੀਆ ਦਾ ਤੇ ਹੋਰ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ, ਉੱਥੇ ਹੀ ਹੁਣ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਦੇ ਸਿਰ 'ਤੇ ਵੀ ਗ੍ਰਿਫ਼ਤਾਰੀ ਦੀ ਤਲਵਾਰ ਲਟਕਦੀ ਨਜ਼ਰ ਆ ਰਹੀ ਹੈ ਅਤੇ ਸੋਨੀ ਨੂੰ ਕਿਸੇ ਵੇਲੇ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।

Related Post