Thu, Jun 11, 2026
Whatsapp

Punjab Weather Video : ਪੰਜਾਬ 'ਚ ਬਦਲਿਆ ਮੌਸਮ, ਅੰਮ੍ਰਿਤਸਰ 'ਚ ਹਨੇਰੀ-ਝੱਖੜ ਕਾਰਨ ਇੱਕ ਵਿਅਕਤੀ ਦੀ ਮੌਤ, ਜਨਜੀਵਨ ਪ੍ਰਭਾਵਿਤ

Punjab Weather : ਅੰਮ੍ਰਿਤਸਰ ਵਿੱਚ ਵੀ ਅਚਾਨਕ ਆਈ ਤੇਜ਼ ਹਨੇਰੀ ਅਤੇ ਝੱਖੜ ਨੇ ਸ਼ਹਿਰ ਵਿੱਚ ਕਈ ਥਾਵਾਂ 'ਤੇ ਭਾਰੀ ਤਬਾਹੀ ਮਚਾ ਦਿੱਤੀ। ਦਿਨ ਭਰ ਦੀ ਤਪਦੀ ਗਰਮੀ ਤੋਂ ਬਾਅਦ ਮੌਸਮ ਨੇ ਅਚਾਨਕ ਕਰਵਟ ਲਈ ਅਤੇ ਤੇਜ਼ ਹਵਾਵਾਂ ਨੇ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ।

Reported by:  PTC News Desk  Edited by:  KRISHAN KUMAR SHARMA -- June 11th 2026 08:54 PM -- Updated: June 11th 2026 09:35 PM
Punjab Weather Video : ਪੰਜਾਬ 'ਚ ਬਦਲਿਆ ਮੌਸਮ, ਅੰਮ੍ਰਿਤਸਰ 'ਚ ਹਨੇਰੀ-ਝੱਖੜ ਕਾਰਨ ਇੱਕ ਵਿਅਕਤੀ ਦੀ ਮੌਤ, ਜਨਜੀਵਨ ਪ੍ਰਭਾਵਿਤ

Punjab Weather Video : ਪੰਜਾਬ 'ਚ ਬਦਲਿਆ ਮੌਸਮ, ਅੰਮ੍ਰਿਤਸਰ 'ਚ ਹਨੇਰੀ-ਝੱਖੜ ਕਾਰਨ ਇੱਕ ਵਿਅਕਤੀ ਦੀ ਮੌਤ, ਜਨਜੀਵਨ ਪ੍ਰਭਾਵਿਤ

Punjab Weather Changes : ਪੰਜਾਬ ਵਿੱਚ ਵੀਰਵਾਰ ਸ਼ਾਮ ਹੁੰਦਿਆਂ ਹੀ ਅਚਾਨਕ ਮੌਸਮ 'ਚ ਤਬਦੀਲੀ ਆਈ। ਸੂਬੇ 'ਚ ਕਈ ਥਾਂਵਾਂ 'ਤੇ ਮੀਂਹ ਤੇ ਹਨ੍ਹੇਰੀ ਦਾ ਕਹਿਰ ਵਿਖਾਈ ਦਿੱਤਾ। ਇਸ ਦੌਰਾਨ ਕਈ ਥਾਂਵਾਂ 'ਤੇ ਮਾਲੀ ਨੁਕਸਾਨ ਵੀ ਹੋਇਆ। ਅੰਮ੍ਰਿਤਸਰ ਵਿੱਚ ਵੀ ਅਚਾਨਕ ਆਈ ਤੇਜ਼ ਹਨੇਰੀ ਅਤੇ ਝੱਖੜ ਨੇ ਸ਼ਹਿਰ ਵਿੱਚ ਕਈ ਥਾਵਾਂ 'ਤੇ ਭਾਰੀ ਤਬਾਹੀ ਮਚਾ ਦਿੱਤੀ। ਦਿਨ ਭਰ ਦੀ ਤਪਦੀ ਗਰਮੀ ਤੋਂ ਬਾਅਦ ਮੌਸਮ ਨੇ ਅਚਾਨਕ ਕਰਵਟ ਲਈ ਅਤੇ ਤੇਜ਼ ਹਵਾਵਾਂ ਨੇ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ। ਹਨੇਰੀ ਕਾਰਨ ਸ਼ਹਿਰ ਦੇ ਲੋਹਗੜ੍ਹ ਇਲਾਕੇ ਵਿੱਚ ਦਰੱਖਤ ਡਿੱਗਣ, ਢਾਂਚਿਆਂ ਨੂੰ ਨੁਕਸਾਨ ਪਹੁੰਚਣ ਅਤੇ ਆਵਾਜਾਈ ਪ੍ਰਭਾਵਿਤ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਕੰਧ ਡਿੱਗਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ


ਸਭ ਤੋਂ ਦੁਖਦਾਈ ਘਟਨਾ ਭਗਤਾਂ ਵਾਲਾ ਇਲਾਕੇ ਵਿੱਚ ਮਾਤਾ ਚਿੰਤਪੁਰਨੀ ਮੰਦਿਰ ਨੇੜੇ ਵਾਪਰੀ, ਜਿੱਥੇ ਤੇਜ਼ ਹਵਾਵਾਂ ਕਾਰਨ ਇੱਕ ਦੀਵਾਰ ਡਿੱਗ ਗਈ। ਇਸ ਹਾਦਸੇ ਦੀ ਲਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ, ਉੱਥੇ ਹੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੇੜੇ ਬਣ ਰਹੇ ਇੱਕ ਬਹੁ-ਮੰਜ਼ਲਾ ਹੋਟਲ ਦੇ ਬਾਹਰ ਲੱਗੀ ਵਿਸ਼ਾਲ ਕਰੇਨ ਵੀ ਤੇਜ਼ ਹਵਾਵਾਂ ਦਾ ਸਾਹਮਣਾ ਨਾ ਕਰ ਸਕੀ ਅਤੇ ਪਲਟ ਕੇ ਨੇੜਲੀ ਇੱਕ ਇਮਾਰਤ ਉੱਤੇ ਜਾ ਡਿੱਗੀ।

ਇਸ ਘਟਨਾ ਵਿੱਚ ਭਾਵੇਂ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ, ਪਰ ਇਮਾਰਤ ਅਤੇ ਹੋਰ ਸੰਪਤੀ ਨੂੰ ਕਾਫੀ ਮਾਲੀ ਨੁਕਸਾਨ ਪਹੁੰਚਿਆ ਹੈ।  ਸੂਚਨਾ ਮਿਲਣ ਤੋਂ ਬਾਅਦ ਨਗਰ ਨਿਗਮ ਅਤੇ ਹੋਰ ਸਬੰਧਤ ਵਿਭਾਗਾਂ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਦਰੱਖਤ ਨੂੰ ਹਟਾ ਕੇ ਆਵਾਜਾਈ ਮੁੜ ਬਹਾਲ ਕਰਵਾਈ।

ਅੰਮ੍ਰਿਤਸਰ ਸ਼ਹਿਰ ਦੇ ਕਈ ਇਲਾਕਿਆਂ 'ਚ ਜਨਜੀਵਨ ਪ੍ਰਭਾਵਿਤ

ਸ਼ਹਿਰ ਦੇ ਹੋਰ ਕਈ ਇਲਾਕਿਆਂ ਤੋਂ ਵੀ ਦਰੱਖਤ ਡਿੱਗਣ, ਬਿਜਲੀ ਸਪਲਾਈ ਪ੍ਰਭਾਵਿਤ ਹੋਣ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਅਚਾਨਕ ਆਈ ਇਸ ਹਨੇਰੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਮੌਸਮ ਦੀਆਂ ਅਜਿਹੀਆਂ ਅਣਪੇਖੀਆਂ ਤਬਦੀਲੀਆਂ ਦੌਰਾਨ ਸੁਰੱਖਿਆ ਸਬੰਧੀ ਸਾਵਧਾਨੀਆਂ ਵਰਤਣਾ ਬਹੁਤ ਜ਼ਰੂਰੀ ਹੈ। ਪ੍ਰਸ਼ਾਸਨ ਵੱਲੋਂ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਪ੍ਰਭਾਵਿਤ ਥਾਵਾਂ 'ਤੇ ਰਾਹਤ ਕਾਰਜ ਜਾਰੀ ਹਨ।

ਪੰਜਾਬ 'ਚ ਕਿੱਥੇ-ਕਿੱਥੇ ਪਿਆ ਮੀਂਹ ?

ਜੰਡਿਆਲਾ ਗੁਰੂ ਵਿੱਚ ਤੇਜ਼ ਹਨੇਰੀ ਕਾਰਨ ਸੜਕਾਂ 'ਤੇ ਆਵਾਜਾਈ ਪ੍ਰਭਾਵਿਤ ਹੋਈ ਅਤੇ ਕਈ ਮੋਟਰਸਾਈਕਲ ਸਵਾਰ ਸੰਤੁਲਨ ਗੁਆ ਬੈਠੇ। ਇਸੇ ਤਰ੍ਹਾਂ ਲੁਧਿਆਣਾ ਵਿੱਚ ਚੱਲੀ ਜ਼ਬਰਦਸਤ ਹਨੇਰੀ ਨੇ ਮੌਸਮ ਨੂੰ ਸੁਹਾਵਣਾ ਤਾਂ ਬਣਾਇਆ ਪਰ ਕਈ ਥਾਵਾਂ 'ਤੇ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗਣ ਨਾਲ ਲੋਕਾਂ ਨੂੰ ਮਾਲੀ ਨੁਕਸਾਨ ਝੱਲਣਾ ਪਿਆ।

ਪਠਾਨਕੋਟ ਵਿੱਚ ਆਏ ਤੂਫ਼ਾਨ ਕਾਰਨ ਪਠਾਨਕੋਟ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ 'ਤੇ ਪਿੰਡ ਕਾਨਵਾਂ ਨੇੜੇ ਦਰੱਖਤ ਡਿੱਗ ਗਏ, ਜਿਸ ਕਾਰਨ ਹਾਈਵੇਅ 'ਤੇ ਲੰਮਾ ਜਾਮ ਲੱਗ ਗਿਆ ਅਤੇ ਆਵਾਜਾਈ ਪ੍ਰਭਾਵਿਤ ਹੋਈ।

ਉੱਧਰ, ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਵਿੱਚ ਤੇਜ਼ ਹਨੇਰੀ ਨਾਲ ਬਾਰਿਸ਼ ਹੋਣ ਕਾਰਨ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੀ। ਫਰੀਦਕੋਟ ਵਿੱਚ ਵੀ ਸੰਘਣੇ ਬੱਦਲ ਛਾ ਗਏ, ਹਲਕੀ ਬੂੰਦਾਬਾਂਦੀ ਅਤੇ ਠੰਢੀਆਂ ਹਵਾਵਾਂ ਨੇ ਮੌਸਮ ਨੂੰ ਖੁਸ਼ਗਵਾਰ ਬਣਾ ਦਿੱਤਾ।

ਤਰਨ ਤਾਰਨ ਵਿੱਚ ਤੇਜ਼ ਤੂਫ਼ਾਨ ਦਾ ਅਸਰ ਸਾਫ਼ ਦੇਖਣ ਨੂੰ ਮਿਲਿਆ। ਠੰਢੀਆਂ ਤੇਜ਼ ਹਵਾਵਾਂ ਚੱਲਣ ਨਾਲ ਤਾਪਮਾਨ ਵਿੱਚ ਗਿਰਾਵਟ ਆਈ ਅਤੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ।

ਰਾਜਪੁਰਾ ਵਿੱਚ ਤੇਜ਼ ਹਨੇਰੀ ਅਤੇ ਮੀਂਹ ਕਾਰਨ ਹਾਲਾਤ ਜਲ-ਥਲ ਵਰਗੇ ਬਣ ਗਏ। ਇਲਾਕੇ ਵਿੱਚ ਘੁੱਪ ਹਨੇਰਾ ਛਾ ਗਿਆ ਅਤੇ ਕਈ ਥਾਵਾਂ 'ਤੇ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ।

- PTC NEWS

Electrical Saftey authority

Top News view more...

Latest News view more...

PTC NETWORK
PTC NETWORK