Buses Strike Over : ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਵੱਡੀ ਰਾਹਤ, ਮੁੜ ਸ਼ੁਰੂ ਹੋਈਆਂ ਬੱਸਾਂ, PRTC ਕਾਮਿਆਂ ਨੇ ਹੜਤਾਲ ਕੀਤੀ ਖ਼ਤਮ
Buses Strike Over : ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੇ ਲੋਕਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਬੱਸਾਂ ਦੀ ਹੜਤਾਲ ਖਤਮ ਹੋ ਗਈ ਹੈ ਅਤੇ ਮੁੜ ਬੱਸਾਂ 'ਤੇ ਸਫਰ ਸ਼ੁਰੂ ਹੋ ਗਿਆ ਹੈ। ਪੀਆਰਟੀਸੀ-ਪਨਬਸ ਕੰਟਰੈਕਟ ਯੂਨੀਅਨ ਵੱਲੋਂ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ। ਯੂਨੀਅਨ ਦੇ ਆਗੂਆਂ ਨੇ ਪੰਜਾਬ ਦੇ ਟਰਾਂਸਫੋਰਟ ਸੈਕਟਰੀ ਵਰੁਣ ਰੂਜਮ ਨਾਲ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਹੈ।
ਜਾਣਕਾਰੀ ਅਨੁਸਾਰ, ਪਨਬੱਸ, ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਚੱਲ ਰਹੇ ਸੰਘਰਸ਼ ਦੌਰਾਨ ਅੱਜ ਸੰਗਠਨ ਦੇ ਆਗੂਆਂ ਦੀ ਟਰਾਂਸਪੋਰਟ ਸਕੱਤਰ ਨਾਲ ਅਹਿਮ ਮੀਟਿੰਗ ਹੋਈ। ਮੀਟਿੰਗ ਵਿੱਚ ਕਈ ਮੰਗਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਡਿਊਟੀ 'ਤੇ ਵਾਪਸ ਪਰਤਣ ਅਤੇ ਚੰਡੀਗੜ੍ਹ ਵਿੱਚ ਹੋਣ ਵਾਲਾ ਪ੍ਰਦਰਸ਼ਨ ਫਿਲਹਾਲ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।
ਮੀਟਿੰਗ ਦੌਰਾਨ ਟਰਾਂਸਪੋਰਟ ਸਕੱਤਰ ਨੇ ਭਰੋਸਾ ਦਿੱਤਾ ਕਿ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਗਏ ਕਰਮਚਾਰੀਆਂ ਨੂੰ ਇੱਕ ਮਹੀਨੇ ਦੇ ਅੰਦਰ ਰਿਹਾਅ ਕਰਵਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਪੱਕਾ ਕਰਨ ਸਬੰਧੀ ਤਜਵੀਜ਼ 'ਤੇ ਵੀ ਚਰਚਾ ਹੋਈ, ਜਿਸ ਵਿੱਚ ਤਿੰਨ ਸਾਲ ਦੀ ਸੇਵਾ ਪੂਰੀ ਕਰ ਚੁੱਕੇ ਆਊਟਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ਆਧਾਰ 'ਤੇ ਰੱਖਣ ਦੀ ਮੰਗ ਰੱਖੀ ਗਈ।
ਸੰਗਠਨ ਨੇ ਸਪੱਸ਼ਟ ਕੀਤਾ ਕਿ ਪਨਬੱਸ ਅਤੇ ਪੀਆਰਟੀਸੀ ਦੇ ਮੁਲਾਜ਼ਮ ਕਿਲੋਮੀਟਰ ਸਕੀਮ ਅਧੀਨ ਚਲਾਈਆਂ ਜਾ ਰਹੀਆਂ ਵੋਲਵੋ ਬੱਸਾਂ 'ਤੇ ਡਿਊਟੀ ਨਹੀਂ ਦੇਣਗੇ। ਇਸ ਮਾਮਲੇ 'ਤੇ ਟਰਾਂਸਪੋਰਟ ਸਕੱਤਰ ਨੇ ਕਿਹਾ ਕਿ ਦਿੱਲੀ ਰੂਟ ਲਈ ਫਿਕਸ ਬੱਸਾਂ ਚਲਾਉਣਾ ਵਿਭਾਗ ਦੀ ਮਜਬੂਰੀ ਹੈ, ਪਰ ਅੱਗੇ ਤੋਂ ਵਿਭਾਗ ਦੀਆਂ ਆਪਣੀਆਂ ਬੱਸਾਂ ਹੀ ਚਲਾਈਆਂ ਜਾਣਗੀਆਂ।
ਟਰਾਂਸਪੋਰਟ ਸਕੱਤਰ ਨੇ ਇਹ ਵੀ ਭਰੋਸਾ ਦਿੱਤਾ ਕਿ ਕਿਲੋਮੀਟਰ ਸਕੀਮ ਤਹਿਤ ਨਵੀਆਂ ਬੱਸਾਂ ਸ਼ਾਮਲ ਨਹੀਂ ਕੀਤੀਆਂ ਜਾਣਗੀਆਂ। ਮੀਟਿੰਗ ਤੋਂ ਬਾਅਦ ਦੋਵਾਂ ਧਿਰਾਂ ਵੱਲੋਂ ਗੱਲਬਾਤ ਰਾਹੀਂ ਮਸਲਿਆਂ ਦੇ ਹੱਲ ਲਈ ਸਹਿਮਤੀ ਜਤਾਈ ਗਈ, ਜਿਸ ਨਾਲ ਆਵਾਜਾਈ ਸੇਵਾਵਾਂ ਦੇ ਮੁੜ ਸਧਾਰਣ ਹੋਣ ਦੀ ਉਮੀਦ ਬਣ ਗਈ ਹੈ।
- PTC NEWS