ਚੋਰਾਂ ਨੇ ਗਿੱਦੜਬਾਹਾ ਦੇ ਪ੍ਰਸਿੱਧ ਡੇਰਾ ਬਾਬਾ ਗੰਗਾ ਰਾਮ ਨੂੰ ਬਣਾਇਆ ਨਿਸ਼ਾਨਾ, ਬਾਬਾ ਸ੍ਰੀ ਚੰਦ ਜੀ ਦੀ ਮੂਰਤੀ ਤੋਂ ਚਾਂਦੀ ਦਾ ਛੱਤਰ ਕੀਤਾ ਚੋਰੀ

GidderBaha News : ਡੇਰੇ ਦੇ ਸੇਵਾਦਾਰਾਂ ਵੱਲੋਂ ਪੁਲਿਸ ਨੂੰ ਤੁਰੰਤ ਜਾਣਕਾਰੀ ਦਿੱਤੀ ਗਈ, ਜਦਕਿ ਡੇਰੇ ਅਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।ਸੀਸੀਟੀਵੀ ਵਿੱਚ ਅਣਪਛਾਤੇ ਚੋਰ ਕੈਦ ਹੋ ਚੁੱਕੇ ਹਨ ਅਤੇ ਪੁਲਿਸ ਨੇ ਉਨ੍ਹਾਂ ਦੀ ਪਛਾਣ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

By  KRISHAN KUMAR SHARMA July 24th 2025 10:37 AM -- Updated: July 24th 2025 10:38 AM

Dera Baba Ganga Ram : ਗਿੱਦੜਬਾਹਾ ਦੇ ਪ੍ਰਸਿੱਧ ਡੇਰਾ ਬਾਬਾ ਗੰਗਾ ਰਾਮ ਜੀ ਵਿਖੇ ਉਸ ਵੇਲੇ ਹਲਚਲ ਮਚ ਗਈ ਜਦੋਂ ਅਣਪਛਾਤੇ ਚੋਰ ਬਾਬਾ ਸ੍ਰੀ ਚੰਦ ਜੀ ਦੀ ਮੂਰਤੀ ਤੋਂ ਚਾਂਦੀ ਦਾ ਛਤਰ ਚੋਰੀ ਕਰ ਲੈ ਗਏ। ਚੋਰਾਂ ਦੀ ਅਜਿਹੀ ਕਾਰਵਾਈ ਨਾਲ ਸੇਵਾਦਾਰਾਂ ਵਿੱਚ ਭਾਰੀ ਰੋਸ਼ ਫੈਲ ਗਿਆ ਹੈ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਸੀਸੀਟੀਵੀ ਅਨੁਸਾਰ, ਡੇਰਾ ਸਿੱਧ ਬਾਬਾ ਗੰਗਾ ਰਾਮ ਜੀ ਵਿਖੇ ਚੋਰੀ ਦੀ ਇਹ ਘਟਨਾ ਬੀਤੇ ਦਿਨ ਦੁਪਹਿਰ ਕਰੀਬ 1:11 ਵਜੇ ਵਾਪਰੀ, ਜਦੋਂ 2 ਅਣਪਛਾਤੇ ਮੋਟਰਸਾਈਕਲ ਸਵਾਰ ਡੇਰੇ ਬਾਹਰ ਆ ਕੇ ਰੁਕੇ। ਇਨ੍ਹਾਂ ਵਿੱਚੋਂ ਇਕ ਵਿਅਕਤੀ, ਜਿਸਦਾ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ, ਡੇਰੇ ਵਿੱਚ ਦਾਖਲ ਹੋਇਆ ਅਤੇ ਬਾਬਾ ਸ੍ਰੀ ਚੰਦ ਜੀ ਦੀ ਮੂਰਤੀ ਉੱਤੇ ਲਟਕਦੇ ਚਾਂਦੀ ਦੇ ਛਤਰ ਨੂੰ ਉਤਾਰ ਕੇ ਚੋਰੀ ਕਰ ਲਿਆ। ਇਹ ਚਾਂਦੀ ਦਾ ਛਤਰ ਕਰੀਬ 700 ਗ੍ਰਾਮ ਭਾਰੀ ਦੱਸਿਆ ਗਿਆ ਹੈ।

ਡੇਰੇ ਦੇ ਸੇਵਾਦਾਰਾਂ ਵੱਲੋਂ ਪੁਲਿਸ ਨੂੰ ਤੁਰੰਤ ਜਾਣਕਾਰੀ ਦਿੱਤੀ ਗਈ, ਜਦਕਿ ਡੇਰੇ ਅਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।ਸੀਸੀਟੀਵੀ ਵਿੱਚ ਅਣਪਛਾਤੇ ਚੋਰ ਕੈਦ ਹੋ ਚੁੱਕੇ ਹਨ ਅਤੇ ਪੁਲਿਸ ਨੇ ਉਨ੍ਹਾਂ ਦੀ ਪਛਾਣ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਡੇਰਾ ਪ੍ਰਬੰਧਕ ਅਸ਼ੋਕ ਕੁਮਾਰ ਸ਼ਰਮਾ ਅਤੇ ਵਿਨੇ ਗੋਇਲ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਘਟਨਾ ਸਮੇਂ ਪੂਜਾਰੀ ਬਾਬਾ ਗੰਗਾ ਰਾਮ ਜੀ ਦੀ ਮੂਰਤੀ ਕੋਲ ਸੀ, ਜਦਕਿ ਬਾਬਾ ਸ੍ਰੀ ਚੰਦ ਜੀ ਦੀ ਮੂਰਤੀ ਕੋਲ ਕੋਈ ਨਹੀਂ ਸੀ। ਸਵਰਨਕਾਰ ਯੂਨੀਅਨ ਦੇ ਪ੍ਰਧਾਨ ਜਗਜੀਵਨ ਸਿੰਘ ਹੈਪੀ ਢੱਲਾ ਨੇ ਸਮੂਹ ਪੰਜਾਬੀ ਸਵਰਨਕਾਰ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਚਾਂਦੀ ਦਾ ਛਤਰ ਵੇਚਣ ਦੀ ਕੋਸ਼ਿਸ਼ ਕਰੇ, ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।

ਇਸ ਮਾਮਲੇ ਦੀ ਜਾਂਚ ਗਿੱਦੜਬਾਹਾ ਦੇ ਡੀਐਸਪੀ ਅਵਤਾਰ ਸਿੰਘ ਰਾਜਪਾਲ ਅਤੇ ਐਸਐਚਓ ਦੀਪਕਾ ਕੰਬੋਜ ਕਰ ਰਹੇ ਹਨ, ਜਿਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਚੋਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

Related Post