Sangrur News : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਸੰਗਰੂਰ ਪੁਲਿਸ ਵੱਲੋਂ ਪਿੰਡਾਂ 'ਚ ਕੱਢਿਆ ਗਿਆ ਫਲੈਗ ਮਾਰਚ
Sangrur News : ਪੰਜਾਬ ਵਿੱਚ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਤਿਆਰੀਆਂ ਤੇਜ਼ ਹੋ ਚੁੱਕੀਆਂ ਹਨ। 14 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਤੋਂ ਪਹਿਲਾਂ ਸੰਗਰੂਰ ਪੁਲਿਸ ਵੱਲੋਂ ਖੇਤਰ ਵਿੱਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰ ਦਿਤੇ ਗਏ ਹਨ। ਅੱਜ ਸੰਗਰੂਰ ਅਤੇ ਧੂਰੀ ਦੇ ਨਜ਼ਦੀਕੀ ਪਿੰਡਾਂ ਵਿੱਚ ਵੱਡੇ ਪੱਧਰ ‘ਤੇ ਫਲੈਗ ਮਾਰਚ ਕੱਢਿਆ ਗਿਆ, ਜਿਸਦਾ ਮਕਸਦ ਲੋਕਾਂ ਵਿੱਚ ਭਰੋਸਾ ਬਣਾਉਣਾ ਹੈ ਕਿ ਚੋਣਾਂ ਪੂਰੀ ਤਰ੍ਹਾਂ ਸ਼ਾਂਤੀਪੂਰਣ ਹੋਣਗੀਆਂ।
ਸੰਗਰੂਰ ਦੇ ਵੱਖ–ਵੱਖ ਪਿੰਡਾਂ ਵਿੱਚ ਅੱਜ ਸਵੇਰੇ ਤੋਂ ਹੀ ਪੁਲਿਸ ਮੁਖੀ ਰਾਜੇਸ਼ ਛਿੱਬਰ ਦੀ ਅਗਵਾਈ ਵਿੱਚ ਭਾਰੀ ਫੋਰਸ ਤੈਨਾਤ ਨਜ਼ਰ ਆਈ। ਪੁਲਿਸ ਨੇ ਗੱਡੀਆਂ ਦੇ ਕਾਫ਼ਿਲੇ, ਕਵਿਕ ਰਿਸਪਾਂਸ ਟੀਮਾਂ ਅਤੇ ਸਸ਼ਸਤ੍ਰ ਜੱਥਿਆਂ ਦੇ ਨਾਲ ਪੂਰੇ ਖੇਤਰ ਵਿੱਚ ਫਲੈਗ ਮਾਰਚ ਕੱਢਿਆ। ਫਲੈਗ ਮਾਰਚ ਦੌਰਾਨ ਪਿੰਡਾਂ ਦੇ ਲੋਕਾਂ ਨੂੰ ਇਹ ਯਕੀਨ ਦਵਾਇਆ ਗਿਆ ਕਿ ਚੋਣਾਂ ਦੇ ਦਿਨ ਕੋਈ ਵੀ ਸ਼ਰਾਰਤੀ ਤੱਤ ਜੇਕਰ ਕਾਨੂੰਨ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖ਼ਿਲਾਫ ਸਖ਼ਤ ਕਾਰਵਾਈ ਹੋਵੇਗੀ।
“ਸਾਡਾ ਮਕਸਦ ਲੋਕਾਂ ਵਿੱਚ ਇਹ ਭਰੋਸਾ ਪੈਦਾ ਕਰਨਾ ਹੈ ਕਿ ਸੰਗਰੂਰ ਪੁਲਿਸ ਤੁਹਾਡੇ ਨਾਲ ਖੜੀ ਹੈ। ਚੋਣਾਂ ਦੌਰਾਨ ਕੋਈ ਵਿਅਕਤੀ ਨਸ਼ੇ ਵੰਡਦਾ ਹੈ, ਧਮਕਾਉਂਦਾ ਹੈ ਜਾਂ ਗੜਬੜ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਲੋਕਾਂ ਨੂੰ ਡਰਨ ਦੀ ਲੋੜ ਨਹੀਂ। ਅਸੀਂ ਤੁਰੰਤ ਕਾਰਵਾਈ ਕਰਾਂਗੇ। SPH ਰਾਜੇਸ਼ ਛਿੱਬਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੇਝਿਝਕ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ। ਉਹਨਾਂ ਕਿਹਾ ਕਿ ਅੱਜ ਅਤੇ ਪਰਸੋਂ ਦੋਵੇਂ ਦਿਨ ਪੁਲਿਸ ਦੀ ਸਖ਼ਤ ਮਾਨੀਟਰਿੰਗ ਜਾਰੀ ਰਹੇਗੀ। ਜਿਹੜੇ ਵੀ ਸ਼ਰਾਰਤੀ ਤੱਤ ਕਾਨੂੰਨ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰਨਗੇ, ਉਹਨਾਂ ਤੋਂ ਕੋਈ ਰਿਆਇਤ ਨਹੀਂ ਕੀਤੀ ਜਾਵੇਗੀ।
ਪੁਲਿਸ ਵੱਲੋਂ ਖਾਸ ਦਸਤੇ ਤਿਆਰ ਕੀਤੇ ਗਏ ਹਨ, ਜੋ ਸੰਵੇਦਨਸ਼ੀਲ ਬੂਥਾਂ 'ਤੇ ਤੈਨਾਤ ਰਹਿਣਗੇ, ਜਦਕਿ ਡਰੋਨ ਨਿਗਰਾਨੀ ਅਤੇ ਨਾਕਾਬੰਦੀ ਵੀ ਵਧਾ ਦਿੱਤੀ ਗਈ ਹੈ। ਸੰਗਰੂਰ ਪੁਲਿਸ ਵੱਲੋਂ ਇਹ ਫਲੈਗ ਮਾਰਚ ਚੋਣਾਂ ਨੂੰ ਸ਼ਾਂਤੀਪੂਰਨ, ਨਿਰਭੀਕ ਅਤੇ ਨਿਰਪੱਖ ਬਣਾਉਣ ਦੀ ਤਿਆਰੀ ਦਾ ਇਕ ਅਹਿਮ ਹਿੱਸਾ ਹੈ। ਲੋਕਾਂ ਨੂੰ ਵੀ ਅਪੀਲ ਹੈ ਕਿ ਚੋਣ ਪ੍ਰਕਿਰਿਆ ਦੌਰਾਨ ਕਾਨੂੰਨ ਵਿਵਸਥਾ ਕਾਇਮ ਰੱਖਣ ਵਿੱਚ ਸਹਿਯੋਗ ਦੇਣ।
- PTC NEWS