Panjab University ਚ ਭਾਰੀ ਹੰਗਾਮਾ, ਚੰਡੀਗੜ੍ਹ ਪੁਲਿਸ ਤੇ ਵਿਦਿਆਰਥੀਆਂ ਚ ਧੱਕਾ-ਮੁੱਕੀ, ਕਈ ਵਿਦਿਆਰਥੀ ਹਿਰਾਸਤ ਚ ਲਏ
Panjab University Clash News : ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਇਲਜਾਮ ਲਾਇਆ ਕਿ ਉਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਯੂਨੀਵਰਸਿਟੀ 'ਚ ਆਡੀਟੋਰੀਅਮ ਦੇ ਗੇਟ ਉੱਤੇ ਰੋਕਿਆ ਗਿਆ, ਲਾਠੀਚਾਰਜ ਕੀਤਾ ਗਿਆ ਤੇ ਧੱਕਾਮੁੱਕੀ ਵੀ ਕੀਤੀ ਗਈ, ਜਿਸ ਦੌਰਾਨ ਵਿਦਿਆਰਥੀਆਂ ਦੇ ਕੱਪੜੇ ਤੱਕ ਵੀ ਫਟੇ।
Panjab University News : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਸ਼ਾਸਨ ਵੱਲੋਂ ਯੂਨੀਵਰਸਿਟੀ ਵਿੱਚ ਆਰਐਸਐਸ (RSS) ਦੇ ਬੁਲਾਰਿਆਂ ਨੂੰ ਬੁਲਾ ਕੇ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਵਿੱਚ ਆਰਐਸਐਸ ਦੀ ਮਹਿਲਾ ਵਿੰਗ ਦੀ ਪ੍ਰਧਾਨ ਸ਼ਾਂਤਾ ਕੁਮਾਰੀ ਅਤੇ ਦੁਰਗਾ ਵਾਹਿਨੀ ਦੀ ਸੰਸਥਾਪਕ ਸਾਧਵੀ ਰਿਤੰਭਰਾ ਨੂੰ ਬੁਲਾਇਆ ਗਿਆ ਸੀ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਦਾਅਵਾ ਹੈ ਕਿ ਸਾਧਵੀ ਰਿਤੰਭਰਾ ਦਾ ਇਤਿਹਾਸ ਲੋਕਾਂ ਵਿੱਚ ਫਿਰਕੂ ਨਫਰਤ, ਔਰਤਾਂ ਖਿਲਾਫ ਬਿਆਨਬਾਜੀ ਦਾ ਇਤਿਹਾਸ ਹੈ, ਜੋ ਕਿ ਬਾਬਰੀ ਮਸਜਿਦ ਦੇ ਢਾਹੁਣ ਵੇਲੇ ਹੋਈ ਹਿੰਸਾ ਵਿੱਚ ਸਾਫ ਦਿਸਿਆ ਸੀ। (Chandigarh Police and Student Clash)
ਵਿਦਿਆਰਥੀਆਂ ਨੇ ਇਕਜੁਟ ਹੋ ਕੇ ਕੀਤਾ ਭਗਵਾਂਕਰਨ ਦਾ ਵਿਰੋਧ
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਵਿਦਿਆਰਥੀ ਜਥੇਬੰਦੀਆਂ ਨੇ ਇਸ ਪ੍ਰੋਗਰਾਮ ਦਾ ਅਤੇ ਯੂਨੀਵਰਸਿਟੀ ਵਿੱਚ ਹੋ ਰਹੇ ਭਗਵਾਂਕਰਨ ਦਾ ਵਿਰੋਧ ਕਰਨ ਲਈ ਇੱਕਜੁੱਟ ਹੋ ਕੇ ਪੀ.ਯੂ. ਅਗੇਂਸਟ ਸੈਫਰਨਾਈਜ਼ੇਸ਼ਨ ਦਾ ਗਠਨ ਕੀਤਾ ਅਤੇ ਵੀਸੀ ਨੂੰ ਪ੍ਰੋਗਰਾਮ ਰੱਦ ਕਰਨ ਦਾ ਮੰਗ ਪੱਤਰ ਤੱਕ ਸੌਂਪਿਆ। ਉਪਰੰਤ, ਯੂਨੀਵਰਸਿਟੀ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਪ੍ਰੋਗਰਾਮ ਯੂਨੀਵਰਸਿਟੀ ਵਿੱਚ ਨਹੀਂ ਹੋਵੇਗਾ। ਪਰ 19 ਜੁਲਾਈ ਦੀ ਸ਼ਾਮ ਨੂੰ ਇਹ ਪਤਾ ਲਗਿਆ ਕਿ ਪ੍ਰੋਗਰਾਮ ਯੂਨੀਵਰਸਿਟੀ ਅੰਦਰ ਹੋ ਰਿਹਾ ਹੈ ਤੇ ਪ੍ਰਬੰਧਕਾਂ ਨਾਲ ਗੱਲ ਕਰਨ 'ਤੇ ਪਤਾ ਲੱਗਿਆ ਕਿ ਆਰਐਸਐਸ ਦੇ ਦੋਵੇਂ ਬੁਲਾਰੇ ਯੂਨੀਵਰਸਿਟੀ ਵਿੱਚ ਪਹੁੰਚ ਰਹੇ ਰਹੇ ਹਨ ਤਾਂ ਪ੍ਰਸ਼ਾਸਨ ਦੀ ਇਸ ਕਾਰਵਾਈ ਦੇ ਜਵਾਬ ਵਿੱਚ ਅੱਜ 20 ਜੁਲਾਈ ਨੂੰ ਸਵੇਰੇ ਆਡੀਟੋਰੀਅਮ ਵੱਲ ਮਾਰਚ ਉਲੀਕ ਕੇ ਇਸਦਾ ਵਿਰੋਧ ਕੀਤਾ ਗਿਆ।
ਵਿਦਿਆਰਥੀਆਂ ਵੱਲੋਂ ਲਾਠੀਚਾਰਜ ਤੇ ਧੱਕਾ-ਮੁੱਕੀ ਦਾ ਇਲਜ਼ਾਮ
ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਇਲਜਾਮ ਲਾਇਆ ਕਿ ਉਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਯੂਨੀਵਰਸਿਟੀ 'ਚ ਆਡੀਟੋਰੀਅਮ ਦੇ ਗੇਟ ਉੱਤੇ ਰੋਕਿਆ ਗਿਆ। ਕੁਝ ਵਿਦਿਆਰਥੀਆਂ 'ਤੇ ਲਾਠੀਚਾਰਜ ਕੀਤਾ ਗਿਆ ਤੇ ਧੱਕਾਮੁੱਕੀ ਵੀ ਕੀਤੀ ਗਈ, ਜਿਸ ਦੌਰਾਨ ਵਿਦਿਆਰਥੀਆਂ ਦੇ ਕੱਪੜੇ ਤੱਕ ਵੀ ਫਟੇ। ਪਰ ਵਿਦਿਆਰਥੀਆਂ ਨੇ ਪੁਲਸੀਆ ਜਬਰ ਦਾ ਮੁਕਾਬਲਾ ਕੀਤਾ। ਹਾਲਾਂਕਿ, ਚੰਡੀਗੜ੍ਹ ਪੁਲਿਸ ਵੱਲੋਂ ਧੱਕੇ ਨਾਲ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ 24 ਸੈਕਟਰ ਥਾਣੇ ਲਿਜਾਇਆ ਗਿਆ, ਜਿੱਥੇ 2 ਵਜੇ ਤੱਕ ਰੱਖਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸ਼ਾਮ 5.30 ਵਜੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਵਿਦਿਆਰਥੀਆਂ ਦੇ ਮੁਜਾਹਰੇ ਵਿੱਚ ਪੀਯੂ ਪ੍ਰਸ਼ਾਸਨ ਦੀ ਇਸ ਭਗਵੇਂਕਰਨ ਦੀ ਨੀਤੀ ਦਾ ਵਿਰੋਧ ਕੀਤਾ।
ਵਿਦਿਆਰਥੀਆਂ ਨੇ ਕਿਹਾ ਕਿ ਉਹ ਪੀ.ਯੂ. ਅਗੇਂਸਟ ਸੈਫਰਨਾਈਜ਼ੇਸ਼ਨ ਵੱਲੋਂ ਇਹ ਐਲਾਨ ਕਰਦੇ ਹਨ ਕਿ ਅੱਜ ਦੇ ਵਿਦਿਆਰਥੀਆਂ ਦੇ ਸੰਘਰਸ਼ ਦੀ ਬਦੌਲਤ, ਆਰਐਸਐਸ ਦੇ ਬੁਲਾਰਿਆਂ ਨੂੰ ਯੂਨੀਵਰਸਿਟੀ ਵਿੱਚ ਆਉਣ ਤੋਂ ਰੋਕਿਆ ਗਿਆ ਹੈ, ਜੋ ਕਿ ਵਿਦਿਆਰਥੀਆਂ ਦੀ ਵੱਡੀ ਜਿੱਤ ਹੈ। ਇਸੇ ਤਰ੍ਹਾਂ ਉਹ ਅੱਗੇ ਵੀ ਇਸੇ ਹੌਂਸਲੇ ਨਾਲ ਅਸੀਂ ਆਰਐਸਐਸ ਦੀ ਯੂਨੀਵਰਸਿਟੀ ਵਿੱਚ ਭਗਵਾਂਕਰਨ ਕਰਨ ਦੀ ਨੀਤੀ ਦਾ ਵਿਰੋਧ ਕਰਦੇ ਰਹਾਂਗੇ।
ਇਹ ਵੀ ਪੜ੍ਹੋ... ਜੰਮੂ-ਕਸ਼ਮੀਰ 'ਚ ਭਾਰੀ ਮੀਂਹ ਦਾ ਕਹਿਰ, ਜ਼ਮੀਨ ਖਿਸਕਣ ਕਾਰਨ 7 ਲੋਕਾਂ ਦੀ ਮੌਤ, ਕਈ ਲਾਪਤਾ