CJP Parliament March: ਦਿੱਲੀ ਵਿਦਿਆਰਥੀ ਪ੍ਰਦਰਸ਼ਨ ਦੇ ਹੱਕ 'ਚ ਡਟੇ ਦਿਲਜੀਤ ਦੁਸਾਂਝ, ਬੋਲੇ 'ਮੈਨੂੰ ਫਿਰ ਦੇਸ਼ ਵਿਰੋਧੀ ਕਿਹਾ ਜਾਵੇਗਾ'
CJP Parliament March: ਨੀਟ-ਯੂ.ਜੀ. 2026 (NEET-UG) ਪੇਪਰ ਲੀਕ ਮਾਮਲੇ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੀ ‘ਕੋਕਰੋਚ ਜਨਤਾ ਪਾਰਟੀ’ (CJP) ਦੇ ਸੰਸਦ ਮਾਰਚ ਦੌਰਾਨ ਦਿੱਲੀ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਕੇਂਦਰੀ ਮੰਤਰੀ ਜੇ.ਪੀ. ਨੱਢਾ ਨਾਲ ਹੋਈ ਬੈਠਕ ਦੇ ਬਾਵਜੂਦ ਸੀ.ਜੇ.ਪੀ. ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਧਰਨਾ ਅਤੇ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ।
ਵਿਦਿਆਰਥੀਆਂ ਦੀਆਂ ਮੰਗਾਂ ਸੁਣੇ ਪ੍ਰਸ਼ਾਸਨ- ਦਿਲਜੀਤ ਦੋਸਾਂਝ

ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿਲਜੀਤ ਦੁਸਾਂਝ ਨੇ ਦਿੱਲੀ ਵਿੱਚ ਚੱਲ ਰਹੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਸਮਰਥਨ ਕਰਦੇ ਹੋਏ ਇੱਕ ਨੋਟ ਸਾਂਝਾ ਕੀਤਾ ਹੈ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਮੰਗਾਂ ਸੁਣਨ ਦੀ ਅਪੀਲ ਕੀਤੀ ਹੈ।
ਉਸਨੇ ਪੰਜਾਬੀ ਵਿੱਚ ਲਿਖਿਆ, "ਅੱਜ ਜੋ ਹੋਇਆ ਬਹੁਤ ਮਾੜਾ ਹੋਇਆ...ਸਟੂਡੈਂਟਸ ਨਾਲ ਇੱਦਾਂ ਟ੍ਰੀਟ ਨਹੀਂ ਹੋਣਾ ਚਾਹੀਦਾ ਸੀ...ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਸਟੂਡੈਂਟਸ ਦੀਆਂ ਡਿਮਾਂਡਜ਼ ਨੂੰ ਸੁਣ ਲਿਆ ਜਾਵੇ, ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਆ।"
ਉਸਨੇ ਅੱਗੇ ਕਿਹਾ, "ਮੈਨੂੰ ਪਹਿਲਾਂ ਹੀ ਕਈ ਵਾਰ ਦੇਸ਼ ਵਿਰੋਧੀ ਕਿਹਾ ਜਾ ਚੁੱਕਾ ਹੈ। ਹੁਣ ਵੀ ਮੈਨੂੰ ਸ਼ਾਇਦ ਦੇਸ਼ ਵਿਰੋਧੀ ਕਿਹਾ ਜਾਵੇਗਾ। ਕਿਸਾਨਾਂ ਦੇ ਵਿਰੋਧ ਤੋਂ ਬਾਅਦ ਮੈਨੂੰ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਅਤੇ ਕਾਨੂੰਨੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਬਾਰੇ ਮੈਂ ਚਰਚਾ ਵੀ ਨਹੀਂ ਕਰ ਸਕਦਾ। ਬਾਕੀ ਪਰਮਾਤਮਾ ਦੇ ਹੱਥ ਵਿੱਚ ਹੈ। ਬਾਬਾ ਸਾਰਿਆਂ ਨੂੰ ਅਸੀਸ ਦੇਵੇ।"
ਦਿਲਜੀਤ ਦੁਸਾਂਝ ਦੀਆਂ ਟਿੱਪਣੀਆਂ ਚੱਲ ਰਹੇ ਵਿਦਿਆਰਥੀ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਆਈਆਂ ਹਨ, ਜਿਸ ਵਿੱਚ ਅਦਾਕਾਰ ਨੇ ਟਕਰਾਅ ਦੀ ਬਜਾਏ ਗੱਲਬਾਤ ਦੀ ਅਪੀਲ ਕੀਤੀ ਹੈ। ਅਦਾਕਾਰ ਨੇ ਵਿਦਿਆਰਥੀਆਂ ਨਾਲ ਇਕਜੁੱਟਤਾ ਪ੍ਰਗਟ ਕੀਤੀ ਅਤੇ ਸਵੀਕਾਰ ਕੀਤਾ ਕਿ ਮਹੱਤਵਪੂਰਨ ਪਰ ਵਿਵਾਦਪੂਰਨ ਮੁੱਦਿਆਂ 'ਤੇ ਜਨਤਕ ਸਟੈਂਡ ਲੈਣਾ ਅਕਸਰ ਆਲੋਚਨਾ ਨੂੰ ਸੱਦਾ ਦਿੰਦਾ ਹੈ।
ਵੱਡੀ ਗਿਣਤੀ ’ਚ ਪੁਲਿਸ ਕਰਮੀ ਅਤੇ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ
ਸੋਮਵਾਰ ਨੂੰ ਕੇਂਦਰੀ ਦਿੱਲੀ ’ਚ ਹਜ਼ਾਰਾਂ ਦੀ ਗਿਣਤੀ ’ਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਦਿੱਲੀ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਅਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ। ਇਸ ਭੜਕੀ ਹਿੰਸਾ ਅਤੇ ਭੰਨਤੋੜ 'ਚ ਵੱਡੀ ਗਿਣਤੀ ’ਚ ਪੁਲਿਸ ਕਰਮੀ ਅਤੇ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ, ਜਦਕਿ ਪੁਲਿਸ ਨੇ ਲਗਭਗ 100 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਸਾਲ 2019 ਦੇ ਨਾਗਰਿਕਤਾ ਸੋਧ ਕਾਨੂੰਨ (CAA) ਵਿਰੋਧੀ ਅੰਦੋਲਨ ਦੀ ਯਾਦ ਦਿਵਾਉਂਦੇ ਇਸ ਪ੍ਰਦਰਸ਼ਨ ਦੌਰਾਨ ਕੇਂਦਰ ਸਰਕਾਰ ਨੇ 20 ਜੂਨ ਤੋਂ ਚੱਲ ਰਹੇ ਧਰਨੇ ਤੋਂ ਬਾਅਦ ਪਹਿਲੀ ਵਾਰ ਸੀ.ਜੇ.ਪੀ. ਆਗੂਆਂ ਨਾਲ ਰਸਮੀ ਗੱਲਬਾਤ ਕੀਤੀ।
ਕੇਂਦਰੀ ਮੰਤਰੀ ਜੇ.ਪੀ. ਨੱਢਾ ਨੇ ਸੀ.ਜੇ.ਪੀ. ਦੇ ਨੁਮਾਇੰਦਿਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਸਿੱਖਿਆ ਮੰਤਰੀ ਦੀ ਬਰਖ਼ਾਸਤਗੀ ਸਮੇਤ ਆਪਣੀਆਂ ਹੋਰ ਪ੍ਰਮੁੱਖ ਮੰਗਾਂ ਦਾ ਮੰਗ-ਪੱਤਰ ਨੱਢਾ ਨੂੰ ਸੌਂਪਿਆ। ਸਰਕਾਰ ਨੇ ਮੰਗ-ਪੱਤਰ 'ਤੇ ਵਿਚਾਰ ਕਰਨ ਦਾ ਭਰੋਸਾ ਦਿੰਦਿਆਂ ਧਰਨਾ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਦੂਜੇ ਪਾਸੇ, ਹਸਪਤਾਲ 'ਚ ਜ਼ੇਰੇ-ਇਲਾਜ ਜਾਣੇ-ਪਛਾਣੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਨੌਜਵਾਨ ਆਗੂਆਂ ਨੂੰ ਸੰਸਦ ’ਚ ਮੈਂਬਰ ਪਾਰਲੀਮੈਂਟ (MPs) ਨਾਲ ਮਿਲਣ ਦੀ ਇਜਾਜ਼ਤ ਨਹੀਂ ਮਿਲਦੀ ਜਾਂ ਸੰਸਦ ਮੈਂਬਰ ਹਸਪਤਾਲ ਆ ਕੇ ਉਨ੍ਹਾਂ ਨਾਲ ਮੁਲਾਕਾਤ ਨਹੀਂ ਕਰਦੇ।
- PTC NEWS