CM ਭਗਵੰਤ ਮਾਨ ਦੀ ਚੰਨੀ ਨੂੰ ਸਲਾਹ ਜਾਂ ਧਮਕੀ? ਕਿਹਾ 'ਨਾ ਖੋਲ੍ਹੋ ਆਪਣਾ ਮੂੰਹ, ਸਭ ਕੁਝ ਢੱਕ ਕੇ ਰੱਖੋ'

By  Jasmeet Singh May 23rd 2023 06:21 PM -- Updated: May 31st 2023 04:38 PM

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਨੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ 'ਤੇ ਇੱਕ ਕ੍ਰਿਕਟਰ ਤੋਂ ਸਰਕਾਰੀ ਨੌਕਰੀ ਦੇ ਬਦਲੇ 2 ਕਰੋੜ ਰੁਪਏ ਮੰਗਣ ਦਾ ਦੋਸ਼ ਲਗਾਇਆ ਹੈ। ਭਗਵੰਤ ਮਾਨ ਦੇ ਇਸ ਦਾਅਵੇ ਕਾਰਨ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਇਸ 'ਤੇ ਚਰਨਜੀਤ ਸਿੰਘ ਚੰਨੀ ਨੇ ਸਪੱਸ਼ਟ ਕੀਤਾ ਕਿ ਉਸ ਨੇ ਨੌਕਰੀ ਲਈ ਨਾ ਤਾਂ ਸਿੱਧੇ ਤੌਰ 'ਤੇ ਨਾ ਹੀ ਰਿਸ਼ਤੇਦਾਰਾਂ ਰਾਹੀਂ ਕਿਸੇ ਤੋਂ ਪੈਸੇ ਲਏ।

ਦਰਅਸਲ ਸੰਗਰੂਰ ਦੇ ਦਿੜ੍ਹਬਾ ਅਤੇ ਚੀਮਾ ਵਿਖੇ ਤਹਿਸੀਲ ਕੰਪਲੈਕਸਾਂ ਦੀ ਸਥਾਪਨਾ ਲਈ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਜਦੋਂ ਉਹ ਪਿਛਲੇ ਹਫ਼ਤੇ ਇੰਡੀਅਨ ਪ੍ਰੀਮੀਅਰ ਲੀਗ ਦਾ ਮੈਚ ਦੇਖਣ ਹਿਮਾਚਲ ਪ੍ਰਦੇਸ਼ ਵਿੱਚ ਸਨ ਤਾਂ ਉਨ੍ਹਾਂ ਨਾਲ ਪੰਜਾਬ ਦੇ ਖਿਡਾਰੀ ਨੇ ਆਪਣਾ ਬਿਰਤਾਂਤ ਸਾਂਝਾ ਕੀਤੀ ਸੀ।  

ਚੰਨੀ ਨੂੰ ਮਿਲੇ ਕ੍ਰਿਕਟਰ ਤੇ ਉਸ ਦੇ ਪਿਤਾ
ਮਾਨ ਨੇ ਕਿਹਾ ਕਿ ਮੈਂ ਉਨ੍ਹਾਂ ਦਾ ਨਾਂ ਨਹੀਂ ਦੱਸਾਂਗਾ। ਉਹ ਪੰਜਾਬ ਟੀਮ ਵਿੱਚ ਖੇਡਦਾ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਕ੍ਰਿਕਟਰ ਨੇ ਦੱਸਿਆ ਕਿ ਉਸ ਨੇ ਖੇਡ ਕੋਟੇ ਤਹਿਤ ਸਰਕਾਰੀ ਨੌਕਰੀ ਲਈ ਅਰਜ਼ੀ ਦਿੱਤੀ ਸੀ। ਮਾਨ ਨੇ ਕਿਹਾ ਕਿ ਜਦੋਂ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਕ੍ਰਿਕਟਰ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਨੌਕਰੀ ਮਿਲੇਗੀ। ਫਿਰ ਮੁੱਖ ਮੰਤਰੀ ਬਦਲ ਗਏ ਤੇ ਚੰਨੀ ਨੇ ਉਸ ਨੂੰ ਉਨ੍ਹਾਂ ਦੇ ਭਤੀਜੇ ਨੂੰ ਮਿਲਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਉਸ ਵੇਲੇ ਭਤੀਜੇ ਨੇ ਖਿਡਾਰੀ ਤੋਂ ਨੌਕਰੀ ਲਈ 2 ਕਰੋੜ ਰੁਪਏ ਦੀ ਮੰਗੇ ਸਨ।


ਚਰਨਜੀਤ ਚੰਨੀ ਨੇ ਦਿੱਤਾ ਸਪੱਸ਼ਟੀਕਰਨ 
ਸੀਐਮ ਦੇ ਇਲਜ਼ਾਮ ਤੋਂ ਬਾਅਦ ਸਾਬਕਾ ਸੀਐਮ ਚੰਨੀ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਪੁੱਜੇ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕੀਤੀ ਅਤੇ ਆਪਣਾ ਸਪਸ਼ਟੀਕਰਨ ਦਿੱਤਾ। ਚੰਨੀ ਨੇ ਕਿਹਾ ਕਿ ਉਸ ਨੇ ਨਾ ਤਾਂ ਸਿੱਧੇ ਤੌਰ 'ਤੇ ਅਤੇ ਨਾ ਹੀ ਆਪਣੇ ਰਿਸ਼ਤੇਦਾਰਾਂ ਰਾਹੀਂ ਨੌਕਰੀ ਜਾਂ ਤਬਾਦਲੇ ਲਈ ਪੈਸੇ ਲਏ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀਆਂ ਸਾਰੀਆਂ ਗੱਲਾਂ ਝੂਠ ਦੀ ਨੀਂਹ 'ਤੇ ਟਿੱਕੀਆਂ ਹਨ।

'ਆਪਣਾ ਮੂੰਹ ਨਾ ਖੋਲ੍ਹੋ, ਸਭ ਕੁਝ ਢੱਕ ਕੇ ਰੱਖੋ' - ਮਾਨ
ਇਸ ਦੇ ਨਾਲ ਹੀ CM ਭਗਵੰਤ ਮਾਨ ਨੇ ਸਾਬਕਾ CM ਚੰਨੀ ਨੂੰ ਮੂੰਹ ਨਾ ਖੋਲ੍ਹਣ ਦੀ ਸਲਾਹ ਦਿੱਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੂੰ ਪਹਿਲਾਂ ਆਪਣੇ ਭਤੀਜੇ ਅਤੇ ਭਰਾਵਾਂ ਨਾਲ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਪੁੱਛੋ ਕਿ ਕਿਸ ਨੇ ਪੈਸੇ ਮੰਗੇ ਸਨ ਤਾਂ ਜਵਾਬ ਦਿਓ। ਪੰਜਾਬ ਦੇ ਸੀਐਮ ਨੇ ਅੱਗੇ ਕਿਹਾ ਕਿ ਮਾਮਲੇ ਨੂੰ ਢੱਕ ਕੇ ਰੱਖਣਾ ਬਿਹਤਰ ਹੈ, ਨਹੀਂ ਤਾਂ 3-4 ਦਿਨਾਂ ਵਿੱਚ ਅਸੀਂ ਖਿਡਾਰੀ ਨੂੰ ਵੀ ਪੇਸ਼ ਕਰਾਂਗੇ ਅਤੇ ਫਿਰ ਇਸ ਮਾਮਲੇ ਦੀ ਜਾਂਚ ਵੀ ਕਰਵਾਵਾਂਗੇ।

ਇਹ ਵੀ ਪੜ੍ਹੋ: 

ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਨੂੰ ਲੈਕੇ SGPC ਨੇ ਸਾਂਝੇ ਕੀਤੇ ਵੇਰਵੇ; ਵਿਰੋਧੀਆਂ ਦੇ ਦੂਰ ਕੀਤੇ ਭੁਲੇਖੇ

ਪੰਜਾਬ ਕੋਲ ਦੇਣ ਲਈ ਇੱਕ ਬੂੰਦ ਵੀ ਪਾਣੀ ਫਾਲਤੂ ਨਹੀਂ: ਅਕਾਲੀ ਦਲ ਮੁਖੀ ਨੇ ਭਗਵੰਤ ਮਾਨ ਨੂੰ ਆਖਿਆ

Related Post