CM Bhagwant Mann: ਸੀਐਮ ਮਾਨ ਦਾ ਨੌਜਵਾਨਾਂ ਲਈ ਇੱਕ ਹੋਰ ਐਲਾਨ, 'ਨੌਜਵਾਨ ਆਪਣਾ ਰੋਲ ਮਾਡਲ ਆਪ ਬਣਨ'

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਸਵੇਰੇ 9 ਵਜੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕਿਹਾ ਗਿਆ ਹੈ ਕਿ ਨੌਜਵਾਨ ਆਪਣਾ ਰੋਲ ਮਾਡਲ ਆਪ ਬਣਨ, ਉਹ ਨੌਕਰੀਆਂ ਮੰਗਣ ਵਾਲਿਆਂ ਦੀ ਬਜਾਏ ਨੌਕਰੀਆਂ ਵੰਡਣ ਵਾਲੇ ਬਣਨ। ਇਸ ਲਈ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨ ਦੀ ਲੋੜ ਹੈ।

By  Ramandeep Kaur April 5th 2023 11:11 AM -- Updated: April 5th 2023 02:56 PM

CM Bhagwant Mann: ਪੰਜਾਬ ਦੇ ਨੌਜਵਾਨਾਂ ਨੂੰ ‘ਆਪਣਾ ਆਦਰਸ਼, ਖੁਦ ਬਣਨ’ ਦੀ ਅਪੀਲ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨੌਜਵਾਨਾਂ ਨੂੰ ਕਿਹਾ ਕਿ ਉਹ ਕਿਸੇ ਨੂੰ ਵੀ ਆਪਣੇ ਜਜ਼ਬਾਤ ਨਾਲ ਖੇਡਣ ਦੀ ਇਜਾਜ਼ਤ ਨਾ ਦੇਣ ਕਿਉਂਕਿ ਅਜਿਹੇ ਲੋਕ ਆਪਣਾ ਮਤਲਬ ਕੱਢ ਕੇ ਲਾਂਭੇ ਹੋ ਜਾਂਦੇ ਹਨ। ਅੱਜ ਇਕ ਵੀਡੀਓ ਸੰਦੇਸ਼ ਰਾਹੀਂ ਨੌਜਵਾਨਾਂ ਨੂੰ ਭਾਵੁਕ ਅਪੀਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੌਜਵਾਨਾਂ ਨੂੰ ਆਪਣੇ ਰਾਹ ਖੁਦ ਬਣਾਉਣ ਲਈ ਪੂਰਾ ਸਹਿਯੋਗ ਕਰੇਗੀ। ਮੁੱਖ ਮੰਤਰੀ ਨੇ ਕਿਹਾ, “ਮੈਂ ਚਾਹੁੰਦਾ ਕਿ ਤੁਸੀਂ ਆਪਣਾ ਰੋਲ ਮਾਡਲ ਖੁਦ ਬਣੋ ਤਾਂ ਕਿ ਤੁਹਾਡੀ ਕਾਬਲੀਅਤ ਅਤੇ ਸਮਰੱਥਾ ਦਾ ਕੋਈ ਹੋਰ ਫਾਇਦਾ ਨਾ ਚੁੱਕ ਸਕੇ। ਮੈਂ ਤਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਤੁਸੀਂ ਆਪਣੇ ਜੀਵਨ ਵਿਚ ਨਵੇਂ ਉੱਦਮ ਜਾਂ ਸਟਾਰਟਅੱਪ ਸ਼ੁਰੂ ਕਰੋ ਅਤੇ ਨਵੇਂ ਵਿਚਾਰਾਂ ਨੂੰ ਅਮਲੀਜਾਮਾ ਪਹਿਨਾਉਣ ਲਈ ਯਤਨ ਕਰੋ, ਪੰਜਾਬ ਸਰਕਾਰ ਤੁਹਾਡੀ ਪੂਰੀ ਮਦਦ ਕਰੇਗੀ।” 

ਪੰਜਾਬ ਦੀ ਨੌਜਵਾਨਾਂ ਦੀ ਭਲਾਈ ਲਈ ਵੱਡਾ ਫੈਸਲੇ ਲੈਂਦੇ ਹੋਏ ਮੁੱਖ ਮੰਤਰੀ ਨੇ ਹਰੇਕ ਮਹੀਨੇ ਦੋ ਨੌਜਵਾਨ ਸਭਾਵਾਂ ਕਰਵਾਉਣ ਦਾ ਐਲਾਨ ਕੀਤਾ ਜਿਸ ਵਿਚ ਉਹ ਖੁਦ ਨੌਜਵਾਨਾਂ ਨਾਲ ਸਿੱਧਾ ਸੰਵਾਦ ਰਚਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਭਾਵਾਂ ਦਾ ਉਦੇਸ਼ ਨੌਜਵਾਨਾਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਦੇ ਵਿਚਾਰ ਅਤੇ ਸੁਝਾਅ ਲੈਣਾ ਹੈ ਤਾਂ ਕਿ ਸਰਕਾਰ ਨੌਜਵਾਨਾਂ ਨੂੰ ਨਵੇਂ ਕਾਰੋਬਾਰ ਸ਼ੁਰੂ ਕਰਨ ਅਤੇ ਹੋਰ ਉਪਰਾਲੇ ਕਰਨ ਲਈ ਅਨੁਕੂਲ ਨੀਤੀਆਂ ਤਿਆਰ ਕਰ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਹਰੇਕ 15 ਦਿਨ ਬਾਅਦ ਨੌਜਵਾਨ ਸਭਾਵਾਂ ਕੀਤੀਆਂ ਜਾਣਗੀਆਂ ਜਿੱਥੇ ਖੇਤੀਬਾੜੀ, ਟਰਾਂਸਪੋਰਟ ਤੇ ਹੋਰ ਖੇਤਰਾਂ ਵਿਚ ਨੌਜਵਾਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਉਤੇ ਸਲਾਹ-ਮਸ਼ਵਰਾ ਕੀਤਾ ਜਾਵੇਗਾ। 

ਪੰਜਾਬ ਦੇ ਨੌਜਵਾਨਾਂ ਨੂੰ ਹੁਨਰਮੰਦ, ਕਾਬਲ ਅਤੇ ਦ੍ਰਿੜ ਇਰਾਦੇ ਦੇ ਮਾਲਕ ਦੱਸਦੇ ਹੋਏ ਭਗਵੰਤ ਮਾਨ ਨੇ ਕਿਹਾ,  “ਨੌਜਵਾਨਾਂ ਦੇ ਮਨ ਵਿਚ ਆਪਣਾ ਭਵਿੱਖ ਸੰਵਾਰਨ ਲਈ ਹਜ਼ਾਰਾਂ ਸੁਪਨੇ ਹੁੰਦੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਉਨ੍ਹਾਂ ਨੂੰ ਆਪਣੇ ਸੁਪਨਿਆਂ ਨੂੰ ਉਡਾਨ ਦੇਣ ਲਈ ਢੁਕਵੇਂ ਮੌਕੇ ਪ੍ਰਦਾਨ ਨਹੀਂ ਕੀਤੇ ਜਾਂਦੇ। ਪੰਜਾਬ ਸਰਕਾਰ ਆਪਣੇ ਨੌਜਵਾਨਾਂ ਨੂੰ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਪੂਰਾ ਸਹਿਯੋਗ ਦੇਵੇਗੀ।”

ਨੌਜਵਾਨਾਂ ਨੂੰ ਚੰਗੇ ਅਹੁਦੇ ਹਾਸਲ ਕਰਨ ਲਈ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿੰਨੀ ਅਜੀਬੋ-ਗਰੀਬ ਗੱਲ ਹੈ ਕਿ ਤਕਨਾਲੌਜੀ ਦੇ ਯੁੱਗ ਵਿਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ ਦਾਖਲਿਆਂ ਦੀ ਦਰ ਸਿਰਫ 35 ਫੀਸਦੀ ਰਹਿ ਗਈ ਹੈ। ਇਸੇ ਤਰ੍ਹਾਂ ਪ੍ਰਾਈਵੇਟ ਲਵਲੀ ਯੂਨੀਵਰਸਿਟੀ ਦਾ ਜਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਯੂਨੀਵਰਸਿਟੀ ਵਿਚ 40,000 ਵਿਦਿਆਰਥੀ ਉਚੇਰੀ ਸਿੱਖਿਆ ਹਾਸਲ ਕਰ ਰਹੇ ਹਨ ਪਰ ਏਨੀ ਵੱਡੀ ਗਿਣਤੀ ਵਿੱਚੋਂ ਸਿਰਫ 5200 ਵਿਦਿਆਰਥੀ ਪੰਜਾਬ ਦੇ ਹਨ। ਭਗਵੰਤ ਮਾਨ ਨੇ ਕਿਹਾ, “ਮੇਰੀ ਦਿਲੀ ਇੱਛਾ ਹੈ ਕਿ ਪੰਜਾਬ ਦੇ ਨੌਜਵਾਨ ਨੌਕਰੀਆਂ ਮੰਗਣ ਵਾਲੇ ਨਾ ਬਣਨ ਸਗੋਂ ਨੌਕਰੀਆਂ ਦੇਣ ਵਾਲੇ ਬਣਨ। ਪੰਜਾਬ ਦੇ ਨੌਜਵਾਨਾਂ ਦੇ ਦਫ਼ਤਰ ਚੰਗੀਆਂ ਸਹੂਲਤਾਂ ਨਾਲ ਲੈਸ ਹੋਣ ਅਤੇ ਉਹ ਉਚੇ ਅਹੁਦਿਆਂ ਵਾਲੇ ਦਫ਼ਤਰਾਂ ਵਿਚ ਪਹੁੰਚਣ ਨਾ ਕਿ ਉਨ੍ਹਾਂ ਜੇਲ੍ਹਾਂ ਵਿਚ ਜਾਣ ਲਈ ਮਜਬੂਰ ਹੋਣਾ ਪਵੇ।”

ਵਰਕ ਕਲਚਰ (ਕੰਮ ਸੱਭਿਆਚਾਰ) ਦੀ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ੀ ਮੁਲਕਾਂ ਵਿਚ ਵਰਕ ਕਲਚਰ ਹੋਣ ਕਰਕੇ ਉਥੇ ਸਾਡੇ ਪੰਜਾਬੀ ਨੌਜਵਾਨਾਂ ਨੇ ਬਹੁਤ ਸਖ਼ਤ ਮਿਹਨਤਾਂ ਕੀਤੀਆਂ ਹਨ ਅਤੇ ਕਈ ਮੁਲਕਾਂ ਵਿਚ ਤਾਂ ਪੰਜਾਬੀਆਂ ਨੇ ਅੰਗਰੇਜਾਂ ਨਾਲੋਂ ਵੱਡੇ ਕਾਰੋਬਾਰ ਸਥਾਪਤ ਕੀਤੇ ਹੋਏ ਹਨ। ਉਹ ਮੁਲਕ ਵਰਕ ਕਲਚਰ ਕਰਕੇ ਵਿਕਸਤ ਮੁਲਕਾਂ ਦਾ ਦਰਜਾ ਹਾਸਲ ਕਰ ਚੁੱਕੇ ਹਨ।

ਆਪਣੇ ਨਿੱਜੀ ਜੀਵਨ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਮੈਂ ਪੰਜਾਬ ਦੀ ਬਿਹਤਰੀ ਲਈ ਹਰ ਰੋਜ਼ ਲਗਪਗ 12 ਘੰਟੇ ਤੋਂ ਵੱਧ ਸਮਾਂ ਕੰਮ ਕਰਦਾਂ ਹਾਂ ਅਤੇ ਇੱਥੋਂ ਤੱਕ ਕਿ ਛੁੱਟੀ ਵਾਲੇ ਦਿਨਾਂ ਵਿਚ ਵੀ ਸਰਕਾਰੀ ਫਾਈਲਾਂ ਨਿਪਟਾਉਣ ਦੇ ਨਾਲ-ਨਾਲ ਮੀਟਿੰਗਾਂ ਕਰਦਾ ਹਾਂ। ਹਰ ਰੋਜ਼ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੈਂ ਪੰਜਾਬੀਆਂ ਦੀ ਭਲਾਈ ਲਈ ਕੋਈ ਨਾ ਕੋਈ ਨਵਾਂ ਉਪਰਾਲਾ ਜਾਂ ਫੈਸਲਾ ਲਵਾਂ ਤਾਂ ਕਿ ਅਸੀਂ ਪੰਜਾਬ ਨੂੰ ਛੇਤੀ ਹੀ ਤਰੱਕੀਪਸੰਦ ਸੂਬਾ ਬਣਾ ਸਕੀਏ।


ਇਹ ਵੀ ਪੜ੍ਹੋ : Gangster Deepak Boxer: ਮੈਕਸੀਕੋ ਤੋਂ ਦਿੱਲੀ ਲਿਆਂਦਾ ਗਿਆ ਗੈਂਗਸਟਰ ਦੀਪਕ ਬਾਕਸਰ, MHA ਨੇ ਦਿੱਤਾ ਸੀ ਗ੍ਰਿਫ਼ਤਾਰੀ ਦਾ ਆਦੇਸ਼

Related Post