AAP ਸਰਕਾਰ ਨੇ ਅਕਾਲੀ ਦਲ ਦੇ IT ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਦੀ ਗੈਰ ਕਾਨੂੰਨੀ ਗ੍ਰਿਫਤਾਰੀ ਕਰ ਕੇ ਸਿਆਸੀ ਬਦਲਾਖੋਰੀ ਕੀਤੀ : ਸ਼੍ਰੋਮਣੀ ਅਕਾਲੀ ਦਲ

Nashattar Singh arrested : ਸ਼੍ਰੋਮਣੀ ਅਕਾਲੀ ਦਲ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਅਕਾਲੀ ਦਲ ਦੇ ਆਈ ਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਦੀ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਕ ਗ੍ਰਿਫਤਾਰੀ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਕਾਰਵਾਈ ਨੂੰ ਪਾਰਟੀ ਦੀ ਤਰਨ ਤਾਰਨ ਜ਼ਿਮਨੀ ਚੋਣ ਵਿਚ ਕਾਰਗੁਜ਼ਾਰੀ ਤੋਂ ਨਮੋਸ਼ੀ ਅਤੇ ਲੋਕਤੰਤਰ ਦਾ ਦਿਨ ਦਿਹਾੜੇ ਕਤਲ ਕਰਾਰ ਦਿੱਤਾ ਹੈ

By  Shanker Badra November 15th 2025 09:03 PM

Nashattar Singh arrested : ਸ਼੍ਰੋਮਣੀ ਅਕਾਲੀ ਦਲ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਅਕਾਲੀ ਦਲ ਦੇ ਆਈ ਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਦੀ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਕ ਗ੍ਰਿਫਤਾਰੀ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਕਾਰਵਾਈ ਨੂੰ ਪਾਰਟੀ ਦੀ ਤਰਨ ਤਾਰਨ ਜ਼ਿਮਨੀ ਚੋਣ ਵਿਚ ਕਾਰਗੁਜ਼ਾਰੀ ਤੋਂ ਨਮੋਸ਼ੀ ਅਤੇ ਲੋਕਤੰਤਰ ਦਾ ਦਿਨ ਦਿਹਾੜੇ ਕਤਲ ਕਰਾਰ ਦਿੱਤਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਨਛੱਤਰ ਸਿੰਘ ਦੀ ਇਕ ਕੈਫੇ ਤੋਂ ਗ੍ਰਿਫਤਾਰੀ ਅਤੇ ਪੰਜਾਬ ਪੁਲਿਸ ਵੱਲੋਂ ਕੈਫੇ ਦੇ ਡੀ ਵੀ ਆਰ ਰਿਕਾਰਡ ਨੂੰ ਨਸ਼ਟ ਕਰਨਾ ਸਪਸ਼ਟ ਸੰਕੇਤ ਦਿੰਦਾ ਹੈ ਕਿ ਪੁਲਿਸ ਨੂੰ ਆਪਣੀ ਕਾਰਵਾਈ ਦੇ ਗੈਰ ਕਾਨੂੰਨੀ ਸਰੂਪ ਦੀ ਜਾਣਕਾਰੀ ਸੀ। ਉਹਨਾਂ ਕਿਹਾ ਕਿ ਨਛੱਤਰ ਸਿੰਘ ਨੇ ਤਰਨ ਤਾਰਨ ਜ਼ਿਮਨੀ ਚੋਣ ਵਿਚ ਅਕਾਲੀ ਦਲ ਲਈ ਡੱਟ ਕੇ ਕੰਮ ਕੀਤਾ ,ਜਿਸ ਤੋਂ ਆਪ ਲੀਡਰਸ਼ਿਪ ਬੌਖਲਾ ਗਈ।

ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਸਨੂੰ ਗੈਰ ਕਾਨੂੰਨੀ ਤੌਰ ’ਤੇ ਗ੍ਰਿਫਤਾਰ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਉਸ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਪਰ ਕਾਨੂੰਨ ਦੀਆਂ ਅਦਾਲਤਾਂ ਨੇ ਕਾਨੂੰਨ ਮੁਤਾਬਕ ਉਹਨਾਂ ਨੂੰ ਰਾਹਤ ਦਿੱਤੀ ਸੀ। ਉਹਨਾਂ ਕਿਹਾ ਕਿ ਇਸ ਵਾਰ ਵੀ ਪਾਰਟੀ ਨਿਆਂ ਹਾਸਲ ਕਰਨ ਵਾਸਤੇ ਅਦਾਲਤਾਂ ਦਾ ਰੁਖ਼ ਕਰੇਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਭੁੱਲ ਗਏ ਹਨ ਕਿ ਉਹਨਾਂ ਦੀ ਸਰਕਾਰ ਆਪਣੀ ਮਨਮਰਜ਼ੀ ਮੁਤਾਬਕ ਪੁਲਿਸ ਫੋਰਸ ਦੀ ਦੁਰਵਰਤੋਂ ਤਾਂ ਕਰ ਸਕਦੀ ਹੈ ਪਰ ਕਾਨੂੰਨ ਦੀਆਂ ਅਦਾਲਤਾਂ ਯਕੀਨੀ ਬਣਾਉਂਦੀਆਂ ਹਨ ਕਿ ਕਾਨੂੰਨ ਦੀ ਜਿੱਤ ਹੋਵੇ।

ਉਹਨਾਂ ਕਿਹਾ ਕਿ ਨਛੱਤਰ ਸਿੰਘ ਤੋਂ ਪਹਿਲਾਂ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ਦੇ ਖਿਲਾਫ ਵੀ ਝੂਠੇ ਕੇਸ ਦਰਜ ਕੀਤੇ ਗਏ ਜਿਸ ਵਾਸਤੇ ਭਾਰਤੀ ਚੋਣ ਕਮਿਸ਼ਨ ਨੇ ਤਰਨ ਤਾਰਨ ਦੀ ਐਸਐਸ  ਪੀ ਡਾ. ਰਵਜੋਤ ਕੌਰ ਗਰੇਵਾਲ ਨੂੰ ਗੈਰ ਕਾਨੂੰਨੀ ਕੰਮਾਂ ਵਾਸਤੇ ਮੁਅੱਤਲ ਕੀਤਾ। ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸੱਤਾ ਉਸ ਲਈ ਸਥਾਈ ਤੋਹਫਾ ਹੈ ਉਹਨਾਂ ਕਿਹਾ ਕਿ ਇਕ ਸਾਲ ਦਾ ਸਮਾਂ ਹੀ ਰਹਿ ਗਿਆ ਹੈ ਤੇ ਉਸਨੂੰ 2027 ਦੀਆਂ ਚੋਣਾਂ ਮਗਰੋਂ ਆਪਣੀਆਂ ਗੈਰ ਕਾਨੂੰਨੀ ਕਾਰਵਾਈਆਂ ਵਾਸਤੇ ਹਿਸਾਬ ਦੇਣਾ ਪਵੇਗਾ।

Related Post