CM ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ, BJP ’ਚ ਗਏ ਸਾਂਸਦਾਂ ਨੂੰ ਦਿੱਤੀ ਚੇਤਾਵਨੀ, ਕਿਹਾ - ਬੀਜੇਪੀ ’ਚ ਜਾ ਕੇ ਬਚ ਨਹੀਂ ਸਕਦੇ...
CM Mann Meets President Draupadi Murmu : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਮਹੀਨੇ ਭਾਰਤੀ ਜਨਤਾ ਪਾਰਟੀ (BJP) 'ਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਸਾਂਸਦਾਂ ਦੇ ਮਸਲੇ 'ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਗਈ।
CM Mann Meets President Draupadi Murmu : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਮਹੀਨੇ ਭਾਰਤੀ ਜਨਤਾ ਪਾਰਟੀ (BJP) 'ਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਸਾਂਸਦਾਂ ਦੇ ਮਸਲੇ 'ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਸੀਐਮ ਨੇ ਰਾਸ਼ਟਰਪਤੀ ਨੂੰ ਭਾਜਪਾ 'ਚ ਸ਼ਾਮਲ ਹੋਏ ਸਾਰੇ 7 ਸਾਂਸਦਾਂ ਦੀ ਮਾਨਤਾ ਰੱਦ ਕਰਨ ਦੀ ਮੰਗ ਕੀਤੀ।
ਇਨ੍ਹਾਂ ਸਾਂਸਦਾਂ ਨੇ ਲੋਕਤੰਤਰ ਦਾ ਮਜ਼ਾਕ ਬਣਾਇਆ : ਸੀਐਮ ਮਾਨ
ਸੀਐਮ ਮਾਨ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਨੂੰ ਕਿਹਾ ਸੀ ਕਿ ਪੂਰੀ ਪਾਰਟੀ ਦੋ-ਤਿਹਾਈ ਬਹੁਮਤ ਨਾਲ ਕਿਸੇ ਹੋਰ ਪਾਰਟੀ ਨਾਲ ਰਲੇਵਾਂ ਕਰ ਸਕਦੀ ਹੈ, ਪਰ ਜੇਕਰ ਇੱਕ ਸਦਨ ਦੇ ਸਿਰਫ਼ 6-7 ਲੋਕ ਹੀ ਅਜਿਹਾ ਕਹਿਣ, ਤਾਂ ਇਹ ਮਨਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਹ ਲੋਕਤੰਤਰ ਦਾ ਮਜ਼ਾਕ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਭਾਜਪਾ ਦੇ ਪੰਜਾਬ ਵਿੱਚ 2 ਵਿਧਾਇਕ ਹਨ ਅਤੇ ਹੁਣ 6 ਰਾਜ ਸਭਾ ਸੰਸਦ ਮੈਂਬਰ ਹਨ, ਇਹ ਸੰਵਿਧਾਨ ਦਾ ਮਜ਼ਾਕ ਹੈ। ਮੈਂ ਸੰਵਿਧਾਨ ਵਿੱਚ ਸੋਧ ਕਰਕੇ ਵਾਪਸ ਬੁਲਾਉਣ ਦੇ ਅਧਿਕਾਰ ਦੀ ਮੰਗ ਕੀਤੀ ਸੀ। ਮਾਨ ਅੱਜ ਸਵੇਰੇ 3 ਵੋਲਵੋ ਬੱਸਾਂ ਵਿੱਚ 90 ਵਿਧਾਇਕਾਂ ਨਾਲ ਦਿੱਲੀ ਪਹੁੰਚੇ ਸਨ।
ਰਾਘਵ ਚੱਢਾ ਨੂੰ ਜਵਾਬ
ਸਾਂਸਦ ਰਾਘਵ ਚੱਢਾ ਵੱਲੋਂ 21 ਰਾਜਾਂ ਦੀ ਪੁਲਿਸ ਦੇ ਦਿੱਤੇ ਬਿਆਨ 'ਤੇ ਸੀਐਮ ਮਾਨ ਨੇ ਕਿਹਾ ਕਿ ਕੀ ਤੁਸੀਂ ਸਾਨੂੰ 21 ਰਾਜਾਂ ਦੀ ਪੁਲਿਸ ਨਾਲ ਧਮਕੀ ਦੇ ਰਹੇ ਹੋ, ਸਾਡੇ ਵਿਰੁੱਧ 21 ਐਫਆਈਆਰ ਦਰਜ ਕੀਤੀਆਂ ਜਾਣਗੀਆਂ ? ਨਿਸ਼ਾਨਾ ਬਣਾਉਣ ਦੇ ਮੁੱਦੇ 'ਤੇ ਮਾਨ ਨੇ ਕਿਹਾ ਕਿ ਸਾਰਿਆਂ ਦੀ ਵਾਰੀ ਆਵੇਗੀ ਪਰ ਸਭ ਕੁਝ ਕਾਨੂੰਨੀ ਤੌਰ 'ਤੇ ਕੀਤਾ ਜਾਵੇਗਾ।
'ਭਾਜਪਾ 'ਚ ਗਏ ਸਾਂਸਦ ਚੁਣੇ ਹੋਏ ਨਹੀਂ, ਚੋਣਵੇਂ ਹਨ'
ਮੁੱਖ ਮੰਤਰੀ ਨੇ ਕਿਹਾ, "ਜੇਕਰ ਉਨ੍ਹਾਂ ਨੂੰ ਜਾਣਾ ਹੀ ਪੈਂਦਾ ਤਾਂ ਉਨ੍ਹਾਂ ਨੂੰ ਪਹਿਲਾਂ ਅਸਤੀਫਾ ਦੇ ਦੇਣਾ ਚਾਹੀਦਾ ਸੀ। ਆਮ ਆਦਮੀ ਪਾਰਟੀ ਕਿਸੇ ਹੋਰ ਨੂੰ ਭੇਜ ਸਕਦੀ ਸੀ। ਉਹ ਆਪਣੀ ਪਾਰਟੀ ਵਿੱਚੋਂ ਕਿਤੇ ਵੀ ਚੁਣੇ ਜਾ ਸਕਦੇ ਸਨ। ਮੈਂ ਸੰਵਿਧਾਨ ਵਿੱਚ ਸੋਧ ਕਰਕੇ ਵਾਪਸ ਬੁਲਾਉਣ ਦੇ ਅਧਿਕਾਰ ਦੀ ਮੰਗ ਕੀਤੀ ਹੈ। ਰਾਘਵ ਚੱਢਾ ਨੇ ਖੁਦ ਸੰਸਦ ਵਿੱਚ ਇਹ ਮੁੱਦਾ ਉਠਾਇਆ। ਲੋਕਾਂ ਨੇ ਇਨ੍ਹਾਂ ਵਿਧਾਇਕਾਂ ਨੂੰ ਚੁਣਿਆ, ਅਤੇ ਚੁਣੇ ਹੋਏ ਵਿਧਾਇਕਾਂ ਨੇ ਬਾਅਦ ਵਿੱਚ ਉਨ੍ਹਾਂ ਨੂੰ ਰਾਜ ਸਭਾ ਵਿੱਚ ਭੇਜਿਆ। ਇਹ ਲੋਕਤੰਤਰ ਦਾ ਕਤਲ ਹੈ। ਇਹ ਚੁਣੇ ਹੋਏ ਨਹੀਂ, ਸਗੋਂ ਚੋਣਵੇਂ ਹਨ। ਪੰਜਾਬੀ ਅਜਿਹੇ ਵਿਸ਼ਵਾਸਘਾਤ ਨੂੰ ਬਰਦਾਸ਼ਤ ਨਹੀਂ ਕਰਦੇ।"
'ਦੂਜੇ ਰਾਜਾਂ 'ਚ ਲੁਕ ਸਕਦੇ ਹੋ, ਪਰ ਪੰਜਾਬ 'ਚ ਨਹੀਂ'
ਮੁੱਖ ਮੰਤਰੀ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਨੂੰ ਦੱਸਿਆ ਕਿ ਉਨ੍ਹਾਂ ਨੇ ਗਲਤ ਕੀਤਾ ਹੈ। ਜੇਕਰ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਤਾਂ ਕੀ ਉਨ੍ਹਾਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਸਕਦੀ? ਕੀ ਉਨਾਂ ਨੂੰ ਸੁਰੱਖਿਆ ਮਿਲ ਗਈ ਹੈ? ਪਰ ਇਹ ਪੰਜਾਬ ਵਿੱਚ ਕੰਮ ਨਹੀਂ ਕਰੇਗਾ। ਭਵਿੱਖ ਵਿੱਚ ਜੇਕਰ ਕਿਤੇ ਵੀ ਸੱਤਾ ਦੀ ਦੁਰਵਰਤੋਂ ਕੀਤੀ ਜਾਂਦੀ ਹੈ, ਤਾਂ ਕੇਸ ਦਰਜ ਕੀਤਾ ਜਾਵੇਗਾ। ਭਾਜਪਾ ਵਿੱਚ ਸ਼ਾਮਲ ਹੋਣ ਨਾਲ ਉਨ੍ਹਾਂ ਨੂੰ ਸੁਰੱਖਿਆ ਨਹੀਂ ਮਿਲ ਜਾਵੇਗੀ। ਉਹ ਦੂਜੇ ਰਾਜਾਂ ਵਿੱਚ ਲੁਕ ਸਕਦੇ ਹਨ, ਪਰ ਪੰਜਾਬ ਵਿੱਚ ਨਹੀਂ।