CM ਮਾਨ ਅਤੇ AAP ਪੰਜਾਬ ਪ੍ਰਧਾਨ ਅਰੋੜਾ ਸਮੇਤ ਦੇ ਪਾਰਟੀ ਦੇ 12 ਤੋਂ ਵੱਧ ਆਗੂਆਂ ਨੂੰ ਵੱਡੀ ਰਾਹਤ, ਹਾਈਕੋਰਟ ਨੇ ਦੋਵੇਂ FIR ਕੀਤੀ ਰੱਦ
AAP Punjab News : ਹਾਈ ਕੋਰਟ ਨੇ 2020 ਅਤੇ 2021 ਵਿੱਚ ਚੰਡੀਗੜ੍ਹ ਵਿੱਚ ਉਕਤ ਆਗੂਆਂ ਖਿਲਾਫ਼ ਪੰਜਾਬ ਵਿੱਚ ਬਿਜਲੀ ਦਰਾਂ ਵਿੱਚ ਵਾਧੇ ਵਿਰੁੱਧ ਪ੍ਰਦਰਸ਼ਨਾਂ ਲਈ ਅਤੇ ਫਿਰ ਲਖੀਮਪੁਰ ਖੇੜੀ ਘਟਨਾ ਦੌਰਾਨ ਵਿਰੋਧ ਪ੍ਰਦਰਸ਼ਨਾਂ ਲਈ ਦਾਇਰ ਦੋਵੇਂ ਐਫਆਈਆਰਜ਼ ਨੂੰ ਰੱਦ ਕਰ ਦਿੱਤਾ ਹੈ।
AAP Punjab News : ਪੰਜਾਬ ਹਰਿਆਣਾ ਹਾਈਕੋਰਟ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਹਰਪਾਲ ਚੀਮਾ, ਪੰਜਾਬ ਆਪ ਪ੍ਰਧਾਨ ਅਮਨ ਅਰੋੜਾ, ਗੁਰਮੀਤ ਸਿੰਘ ਮੀਤ ਹੇਅਰ, ਬਲਜਿੰਦਰ ਕੌਰ, ਜੈ ਸਿੰਘ ਰੋੜੀ ਅਤੇ ਆਮ ਪਾਰਟੀ ਦੇ ਲਗਭਗ ਇੱਕ ਦਰਜਨ ਹੋਰ ਆਗੂਆਂ ਨੂੰ ਹਾਈ ਕੋਰਟ ਤੋਂ ਮਹੱਤਵਪੂਰਨ ਰਾਹਤ ਮਿਲੀ ਹੈ।
ਹਾਈ ਕੋਰਟ ਨੇ 2020 ਅਤੇ 2021 ਵਿੱਚ ਚੰਡੀਗੜ੍ਹ ਵਿੱਚ ਉਕਤ ਆਗੂਆਂ ਖਿਲਾਫ਼ ਪੰਜਾਬ ਵਿੱਚ ਬਿਜਲੀ ਦਰਾਂ ਵਿੱਚ ਵਾਧੇ ਵਿਰੁੱਧ ਪ੍ਰਦਰਸ਼ਨਾਂ ਲਈ ਅਤੇ ਫਿਰ ਲਖੀਮਪੁਰ ਖੇੜੀ ਘਟਨਾ ਦੌਰਾਨ ਵਿਰੋਧ ਪ੍ਰਦਰਸ਼ਨਾਂ ਲਈ ਦਾਇਰ ਦੋਵੇਂ ਐਫਆਈਆਰਜ਼ ਨੂੰ ਰੱਦ ਕਰ ਦਿੱਤਾ ਹੈ।
ਸੀਐਮ ਮਾਨ ਸਮੇਤ ਸਾਰੇ ਪਾਰਟੀ ਲੀਡਰਾਂ ਵੱਲੋਂ ਹਾਈ ਕੋਰਟ ਨੂੰ ਦੋਵੇਂ ਐਫਆਈਆਰਜ਼ ਰੱਦ ਕਰਨ ਦੀ ਬੇਨਤੀ ਕੀਤੀ ਸੀ, ਜਿਸ 'ਤੇ ਹੁਣ ਫਿਰ ਹਾਈ ਕੋਰਟ ਨੇ ਦਰਜ ਐਫਆਈਆਰਜ਼ 'ਤੇ ਉਨ੍ਹਾਂ ਵਿਰੁੱਧ ਕਿਸੇ ਵੀ ਹੋਰ ਕਾਰਵਾਈ 'ਤੇ ਰੋਕ ਲਗਾ ਦਿੱਤੀ ਸੀ।
ਅੱਜ, ਹਾਈ ਕੋਰਟ ਨੇ ਉਨ੍ਹਾਂ ਦੀਆਂ ਪਟੀਸ਼ਨਾਂ 'ਤੇ ਆਪਣਾ ਫੈਸਲਾ ਸੁਣਾਇਆ, ਉਨ੍ਹਾਂ ਵਿਰੁੱਧ ਦਰਜ ਦੋਵੇਂ ਐਫਆਈਆਰਜ਼ ਨੂੰ ਰੱਦ ਕਰਕੇ ਉਨ੍ਹਾਂ ਨੂੰ ਮਹੱਤਵਪੂਰਨ ਰਾਹਤ ਦਿੱਤੀ।
ਕਿਹੜੇ-ਕਿਹੜੇ ਆਗੂਆਂ ਨੂੰ ਮਿਲੀ ਰਾਹਤ ?
ਅੱਜ ਹਾਈ ਕੋਰਟ ਤੋਂ ਰਾਹਤ ਹਾਸਲ ਕਰਨ ਵਾਲਿਆਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਹਰਪਾਲ ਸਿੰਘ ਚੀਮਾ, ਮਾਸਟਰ ਬਲਦੇਵ ਸਿੰਘ, ਬਲਜਿੰਦਰ ਕੌਰ, ਮੀਤ ਹੇਅਰ, ਅਮਨ ਅਰੋੜਾ, ਮਨਜੀਤ ਸਿੰਘ ਬਿਲਾਸਪੁਰੀ, ਨਰਿੰਦਰ ਸਿੰਘ ਸ਼ੇਰਗਿੱਲ, ਜੈ ਸਿੰਘ ਰੋੜੀ, ਸਰਬਜੀਤ ਸਿੰਘ ਮਾਣੂੰਕੇ ਖ਼ਿਲਾਫ਼ ਜਨਵਰੀ 2020 ਵਿੱਚ ਦਰਜ ਐਫਆਈਆਰ ਸ਼ਾਮਲ ਹੈ।
ਅਕਤੂਬਰ 2021 ਵਿੱਚ ਕੀਤੇ ਗਏ ਧਰਨੇ ਨੂੰ ਲੈ ਕੇ ਅਮਨ ਅਰੋੜਾ, ਜਰਨੈਲ ਸਿੰਘ, ਜੈ ਕ੍ਰਿਸ਼ਨ ਰੋੜੀ, ਅਨਮੋਲ ਗਗਨ ਮਾਨ, ਕੁਲਵੰਤ ਸਿੰਘ ਪੰਡੋਰੀ ਅਤੇ ਮਨਜੀਤ ਸਿੰਘ ਬਿਲਾਸਪੁਰੀ ਵਿਰੁੱਧ ਦਰਜ ਐਫਆਈਆਰ ਵੀ ਰੱਦ ਕਰ ਦਿੱਤੀ ਗਈ ਹੈ।