CM ਮਾਨ ਦਾ ਰਾਜਪਾਲ ਨੂੰ ਜਵਾਬ; ਕਿਹਾ - 50 ਹਜ਼ਾਰ ਰੁਪਏ ਨਹੀਂ, 47 ਹਜ਼ਾਰ ਕਰੋੜ ਰੁਪਏ ਦਾ ਲਿਆ ਕਰਜ਼ਾ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਉਨ੍ਹਾਂ ਦੇ ਪੱਤਰ ਦਾ ਜਵਾਬ ਭੇਜ ਦਿੱਤਾ ਹੈ। ਜਿਸ ਵਿੱਚ ਉਨ੍ਹਾਂ ਰਾਜਪਾਲ ਵੱਲੋਂ ਪੁੱਛੇ ਗਏ 50 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਬਾਰੇ ਪੂਰਾ ਵੇਰਵਾ ਦਿੱਤਾ ਹੈ। CM ਭਗਵੰਤ ਮਾਨ ਨੇ ਲੰਘੇ ਕੱਲ੍ਹ ਪਟਿਆਲਾ ਵਿਖੇ ਰੈਲੀ ਦੌਰਾਨ ਕਿਹਾ ਸੀ ਕਿ ਉਹ ਰਾਜਪਾਲ ਨੂੰ ਪੱਤਰ ਲਿਖ ਕੇ ਕਰਜ਼ੇ ਦਾ ਪੂਰਾ ਹਿਸਾਬ ਦੇਣਗੇ।
ਇਸ ਪੱਤਰ ਵਿੱਚ CM ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ 50 ਹਜ਼ਾਰ ਕਰੋੜ ਨਹੀਂ ਸਗੋਂ 47 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਜਿਸ ਵਿੱਚੋਂ ਪਿਛਲੀਆਂ ਸਰਕਾਰਾਂ ਦੇ ਕਰਜ਼ਿਆਂ ਦਾ ਕਰੀਬ 27 ਹਜ਼ਾਰ ਕਰੋੜ ਰੁਪਏ ਦਾ ਵਿਆਜ ਵੀ ਅਦਾ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਪੱਤਰ ਵਿੱਚ ਬਿਜਲੀ ਸਬਸਿਡੀ, ਸਰਕਾਰੀ ਸਕੀਮਾਂ, ਜੀਐਸਟੀ ਆਦਿ ਦੇ ਬਕਾਏ ਦਾ ਵੀ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਰਾਜਪਾਲ ਨੂੰ ਇਹ ਵੀ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ।
CM ਮਾਨ ਵੱਲੋਂ ਰਾਜਪਾਲ ਨੂੰ ਭੇਜਿਆ ਪੱਤਰ ਨੱਥੀ ਕੀਤਾ ਗਿਆ....
CM ਨੇ ਆਪਣੇ ਪੱਤਰ ਵਿੱਚ ਰਾਜਪਾਲ ਨੂੰ ਕੀ ਕਿਹਾ, ਇੱਥੇ ਜਾਣੋ
CM ਭਗਵੰਤ ਮਾਨ ਨੇ 21 ਸਤੰਬਰ ਨੂੰ ਰਾਜਪਾਲ ਕੋਲੋਂ 5637 ਕਰੋੜ ਰੁਪਏ ਦੀ RDF (ਦਿਹਾਤੀ ਵਿਕਾਸ ਫ਼ੰਡ) ਜਾਰੀ ਕਰਨ ਵਿੱਚ ਕੇਂਦਰ ਤੋਂ ਦਖ਼ਲ ਦੀ ਮੰਗ ਕਰਨ ਦੀ ਗੱਲ ਕਹੀ ਸੀ। ਇਸ ਦੇ ਜਵਾਬ ਵਿੱਚ ਰਾਜਪਾਲ ਵੱਲੋਂ 22 ਸਤੰਬਰ ਨੂੰ ਪੰਜਾਬ ਸਰਕਾਰ ਵੱਲੋਂ ਲਏ ਕਰਜ਼ੇ ਦਾ ਹਿਸਾਬ ਮੰਗਿਆ ਗਿਆ ਸੀ।
ਜਿਸ ਵਿੱਚ ਮਾਨ ਸਰਕਾਰ ਨੇ ਹੁਣ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ 1 ਅਪ੍ਰੈਲ 2022 ਤੋਂ 31 ਅਗਸਤ 2023 ਤੱਕ 47,107 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਜਿਸ ਵਿੱਚ ਨਾ ਸਿਰਫ਼ ਬਜ਼ਾਰ ਦੇ ਕਰਜ਼ੇ ਸਗੋਂ ਨਾਬਾਰਡ ਦੇ ਕਰਜ਼ੇ ਵੀ ਸ਼ਾਮਲ ਹਨ। ਇਸ ਵਿੱਚ ਕੇਂਦਰ ਸਰਕਾਰ ਵੱਲੋਂ ਪ੍ਰਵਾਨਿਤ ਪ੍ਰਾਜੈਕਟਾਂ ਨਾਲ ਸਬੰਧਤ ਕਰਜ਼ੇ ਵੀ ਸ਼ਾਮਲ ਹਨ।
ਕਰਜ਼ੇ ਦੀ ਰਕਮ ਦੇ ਹੋਰ ਨਿਵੇਸ਼ ਦੇ ਅੰਕੜੇ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਕਿਹਾ ਕਿ ਇਹ ਸਪੱਸ਼ਟ ਹੈ ਕਿ 27,016 ਕਰੋੜ ਰੁਪਏ ਕਰਜ਼ੇ ਦੇ ਵਿਆਜ ਵਜੋਂ ਹੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਰਜ਼ਿਆਂ ਅਤੇ ਆਪਣੇ ਸਰੋਤਾਂ ਰਾਹੀਂ ਸਕੀਮਾਂ ਅਤੇ ਸੰਸਥਾਵਾਂ ਨੂੰ ਫੰਡ ਦੇ ਰਹੀ ਹੈ। ਜਿਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਨੇ ਅਣਗੌਲਿਆ ਕੀਤਾ ਸੀ।
CM ਮਾਨ ਨੇ ਰਾਜਪਾਲ ਪੰਜਾਬ 'ਤੇ ਸ਼ਬਦਾਂ 'ਚ ਕਸਿਆ ਤਨਜ਼?
ਮੁੱਖ ਮੰਤਰੀ ਮਾਨ ਨੇ ਰਾਜਪਾਲ ਨੂੰ ਲਿਖਿਆ ਕਿ ਇਸ ਵੇਰਵੇ ਤੋਂ ਆਪ ਸਮਝ ਸਕੋਗੇ ਕਿ ਆਪ ਜੀ ਦੀ ਸਰਕਾਰ ਵਿਰਾਸਤ ਵਿੱਚ ਮਿਲੇ ਕਰਜ਼ੇ ਦੀ ਚੁਣੌਤੀ ਨਾਲ ਕਿਵੇਂ ਜੂਝ ਰਹੀ ਹੈ। ਇਸ ਨਾਲ ਆਪ ਪ੍ਰਧਾਨ ਮੰਤਰੀ ਨੂੰ ਯਕੀਨ ਦਿਵਾ ਸਕੋਗੇ ਕਿ ਪੰਜਾਬ ਵਿੱਚ ਸਰਕਾਰ ਕਰਜ਼ੇ ਦੀ ਸਹੀ ਵਰਤੋਂ ਕਰ ਰਹੀ ਹੈ। ਇਸ ਦੇ ਨਾਲ ਹੀ ਸੂਬੇ ਦੀ ਵਿੱਤੀ ਹਾਲਤ ਨੂੰ ਸੁਧਾਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ CM ਮਾਨ ਨੇ ਰਾਜਪਾਲ ਨੂੰ ਕਿਹਾ ਕਿ ਉਹ ਹੁਣ ਪੈਂਡਿੰਗ RDF ਜਾਰੀ ਕਰਵਾਉਣ ਲਈ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਉਣ।