ਨਵਜੋਤ ਸਿੱਧੂ ਨੂੰ ਰਿਹਾਅ ਨਾ ਕਰਨ 'ਤੇ ਸਿਆਸਤ ਹੋਈ ਤੇਜ਼, ਕਾਂਗਰਸੀ ਨੇਤਾਵਾਂ ਨੇ ਕੀਤੀ ਨਿਖੇਧੀ

By  Ravinder Singh January 26th 2023 05:26 PM

ਪਟਿਆਲਾ : ਨਵਜੋਤ ਸਿੰਘ ਸਿੱਧੂ ਨੂੰ ਗਣਤੰਤਰ ਦਿਵਸ ਉਤੇ ਰਿਹਾਅ ਨਾ ਕਰਨ ਮਗਰੋਂ ਸਿਆਸਤ ਕਾਫੀ ਤੇਜ਼ ਹੋ ਗਈ। ਕਾਂਗਰਸ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਦੇ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਦਰਅਸਲ 26 ਜਨਵਰੀ ਨੂੰ ਸਿੱਧੂ ਦੀ ਰਿਹਾਈ ਲਗਭਗ ਪੱਕੀ ਮੰਨੀ ਜਾ ਰਹੀ ਸੀ। ਸਿੱਧੂ ਦੇ ਹਮਾਇਤੀਆਂ ਨੇ ਸਵਾਗਤ ਦੀਆਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਸਨ। ਵੱਖ-ਵੱਖ ਸ਼ਹਿਰਾਂ 'ਚ ਸਵਾਗਤੀ ਬੋਰਡ ਲਗਾ ਦਿੱਤੇ ਗਏ ਸਨ। ਇੱਥੋਂ ਤੱਕ ਕਿ ਸਿੱਧੂ ਸਮਰਥਕ ਵੀ ਉਨ੍ਹਾਂ ਦੇ ਘਰ ਪੁੱਜ ਚੁੱਕੇ ਸਨ ਪਰ ਜਦੋਂ ਉਨ੍ਹਾਂ ਸਮੇਤ 51 ਕੈਦੀਆਂ ਦੀ ਰਿਹਾਈ ਦੀ ਫਾਈਲ ਰਾਜਪਾਲ ਕੋਲ ਨਾ ਪੁੱਜਣ ਦੀ ਖ਼ਬਰ ਆਈ ਤਾਂ ਸਾਰੇ ਨਿਰਾਸ਼ ਹੋ ਗਏ।



ਅੱਜ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਤੇ ਕਾਂਗਰਸੀ ਆਗੂ ਉਨ੍ਹਾਂ ਦੇ ਗ੍ਰਹਿ ਪੁੱਜੇ, ਜਿਨ੍ਹਾਂ 'ਚ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ, ਸਾਬਕਾ ਸੰਸਦ ਮੈਂਬਰ ਸ਼ਮਸ਼ੇਰ ਸਿੰਘ ਦੂਲੋ, ਨਾਜ਼ਰ ਸਿੰਘ ਸਾਬਕਾ ਵਿਧਾਇਕ, ਮਹਿੰਦਰ ਕੇ.ਪੀ. , ਸਾਬਕਾ ਕਾਂਗਰਸ ਪ੍ਰਧਾਨ ਤੇ ਵਿਧਾਇਕ ਕਾਕਾ ਰਾਜਿੰਦਰ ਸਿੰਘ ਤੇ ਅਸ਼ਵਨੀ ਸੇਖੜੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਅੱਜ ਜੋ ਵੀ ਨਵਜੋਤ ਸਿੰਘ ਸਿੱਧੂ ਨੂੰ ਸਰਕਾਰ ਵੱਲੋਂ ਰਿਹਾਅ ਨਹੀਂ ਕੀਤਾ ਗਿਆ ਉਹ ਨਿੰਦਣਯੋਗ ਫੈਸਲਾ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੂੰ ਸਿੱਧੂ ਫੋਬੀਆ ਹੋ ਗਿਆ ਹੈ, ਜਿਸ ਕਾਰਨ ਅੱਜ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਗਿਆ। ਸ਼ਮਸ਼ੇਰ ਸਿੰਘ ਦੂਲੋ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਫ਼ੈਸਲੇ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਇੱਥੇ ਹਰ ਰੋਜ਼ ਅਫ਼ਸਰ ਬਦਲੇ ਜਾ ਰਹੇ ਹਨ। ਜਿਸ ਕਾਰਨ ਅਧਿਕਾਰੀ ਤੇ ਲੋਕ ਬੇਚੈਨ ਹੋ ਗਏ ਹਨ।

ਇਹ ਵੀ ਪੜ੍ਹੋ : ਰਾਜਪਾਲ ਦਾ ਵਿਰੋਧ ਕਰਨ ਪੁੱਜੇ ਲਤੀਫਪੁਰਾ ਪੀੜਤਾਂ ਤੇ ਪੁਲਿਸ ਵਿਚਾਲੇ ਹੰਗਾਮਾ

ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਨਵਜੋਤ ਸਿੱਧੂ ਦੀ ਰਿਹਾਈ ਤੋਂ ਡਰ ਗਈਆਂ ਹਨ।  ਇਕੱਲੀ 'ਆਪ' ਸਰਕਾਰ ਹੀ ਨਹੀਂ ਡਰੀ ਸਗੋਂ ਕਾਂਗਰਸ 'ਚ ਵੀ ਬਿਨਾਂ ਤਜਰਬੇ ਤੋਂ ਅਹੁਦਿਆਂ ਤੱਕ ਪੁੱਜੇ ਲੀਡਰ ਵੀ ਡਰ ਗਏ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਸਿੱਧੂ ਨਾਲ ਹੀ ਧੱਕਾ ਨਹੀਂ ਹੋਇਆ ਬਲਕਿ ਉਨ੍ਹਾਂ 50 ਕੈਦੀਆਂ ਨਾਲ ਵੀ ਧੱਕਾ ਹੋਇਆ ਹੈ ਜਿਨ੍ਹਾਂ ਨੂੰ ਅੱਜ ਰਿਹਾਅ ਕੀਤਾ ਜਾ ਸਕਦਾ ਸੀ।

ਗਗਨਦੀਪ ਆਹੂਜਾ ਦੇ ਸਹਿਯੋਗ ਨਾਲ

Related Post