Ludhiana News : ਦੁਕਾਨ ਫਾਸਟ ਫੂਡ ਦੀ ਪਰ ਬਰਗਰ-ਟਿੱਕੀ ਦੇ ਨਾਮ 'ਤੇ ਵੇਚਿਆ ਜਾ ਰਿਹਾ ਸੀ ਕੁਝ ਹੋਰ , ਪੁਲਿਸ ਨੇ ਦਬੋਚਿਆ ਦੁਕਾਨਦਾਰ
Ludhiana News : ਲੁਧਿਆਣਾ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਫਾਸਟ ਫੂਡ ਦੀ ਦੁਕਾਨ ਵਿੱਚ ਬਰਗਰ, ਆਲੂ ਟਿੱਕੀ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਤੋਂ ਇਲਾਵਾ ਕੁਝ ਹੋਰ ਵੀ ਵੇਚਿਆ ਜਾ ਰਿਹਾ ਸੀ।ਜਦੋਂ ਪੁਲਿਸ ਨੂੰ ਇਸ ਬਾਰੇ ਸੂਚਨਾ ਮਿਲੀ ਤਾਂ ਉਹ ਦੁਕਾਨ 'ਤੇ ਪਹੁੰਚ ਗਏ। ਪੁਲਿਸ ਨੂੰ ਦੇਖ ਕੇ ਦੁਕਾਨਦਾਰ ਘਬਰਾ ਗਿਆ ਅਤੇ ਪੁਲਿਸ ਨੇ ਉਸਨੂੰ ਫੜ ਲਿਆ। ਦੁਕਾਨਦਾਰ ਦੇ ਫੜੇ ਜਾਣ ਤੋਂ ਬਾਅਦ ਉਸਦੇ ਗੈਰ-ਕਾਨੂੰਨੀ ਕਾਰੋਬਾਰ ਦਾ ਵੀ ਭਾਂਡਾ ਫੁੱਟ ਗਿਆ।
ਦਰਅਸਲ, ਦੁਕਾਨਦਾਰ ਫਾਸਟ ਫੂਡ ਦੀ ਦੁਕਾਨ ਦੀ ਆੜ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕਾਰੋਬਾਰ ਕਰ ਰਿਹਾ ਸੀ। ਫਾਸਟ ਫੂਡ ਦੀ ਦੁਕਾਨ ਦੀ ਆੜ ਵਿੱਚ ਹੈਰੋਇਨ ਦੀ ਤਸਕਰੀ ਕਰਨ ਵਾਲੇ ਤਸਕਰ ਨੂੰ ਸਲੇਮ ਟਾਬਰੀ ਥਾਣੇ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ,ਜਦੋਂ ਉਹ ਕਿਸੇ ਨੂੰ ਹੈਰੋਇਨ ਸਪਲਾਈ ਕਰਨ ਜਾ ਰਿਹਾ ਸੀ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ 120 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਮੁਲਜ਼ਮ ਵਿਕਰਾਂਤ ਹੀਰ ਉਰਫ਼ ਬੰਟੀ ਹੈ, ਜੋ ਕਿ ਪਿੰਡ ਕਾਸਾਬਾਦ ਦਾ ਰਹਿਣ ਵਾਲਾ ਹੈ, ਜਿਸ ਖ਼ਿਲਾਫ਼ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਮਾਮਲਾ ਦਰਜ ਕੀਤਾ ਹੈ। ਉਸਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਇੱਕ ਫਾਸਟ ਫੂਡ ਦੀ ਦੁਕਾਨ ਚਲਾਉਂਦਾ ਹੈ ਅਤੇ ਇਸਦੀ ਆੜ ਵਿੱਚ ਹੈਰੋਇਨ ਸਪਲਾਈ ਕਰਦਾ ਸੀ। ਮੁਲਜ਼ਮ ਤਰਨਤਾਰਨ ਦੇ ਤਸਕਰਾਂ ਤੋਂ ਹੈਰੋਇਨ ਦੀ ਖੇਪ ਲਿਆਉਂਦਾ ਸੀ ਅਤੇ ਅੱਗੇ ਸਪਲਾਈ ਕਰਦਾ ਸੀ।
- PTC NEWS