ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਮੁਸ਼ਕਲਾਂ 'ਚ ਘਿਰੇ, ਵਿਜੀਲੈਂਸ ਨੇ ਮੰਗਿਆ ਰਿਕਾਰਡ!

By  Ravinder Singh December 3rd 2022 01:19 PM

ਗੁਰਦਾਸਪੁਰ : ਵਿਜਿਲੈਂਸ ਬਿਊਰੋ ਪੰਜਾਬ ਦੀ ਰਡਾਰ ਉਤੇ ਹੁਣ ਗੁਰਦਾਸਪੁਰ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਆ ਚੁੱਕੇ ਹਨ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ ਕਿ ਕਿਸੇ ਵੀ ਸਮੇਂ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਹਾਂਲਾਕਿ ਪਾਹੜਾ ਨੂੰ ਕਦੋਂ ਬੁਲਾਇਆ ਜਾਵੇਗਾ ਇਸ ਸਬੰਧੀ ਨਾ ਤਾਂ ਪਾਹੜਾ ਤੇ ਨਾ ਹੀ ਵਿਜਿਲੈਂਸ ਵਿਭਾਗ ਦੱਸਣ ਨੂੰ ਤਿਆਰ ਹੈ।



ਕਾਬਿਲੇਗੌਰ ਹੈ ਕਿ ਪਿਛਲੇ ਦਿਨੀਂ ਵਿਜਿਲੈਂਸ ਵਿਭਾਗ ਦੀ ਇਕ ਚਿੱਠੀ ਵਾਇਰਲ ਹੋਈ ਸੀ, ਜਿਸ ਤਹਿਤ ਵਿਜਿਲੈਂਸ ਵੱਲੋਂ ਬੈਂਕਾਂ ਤੋਂ ਵਿਧਾਇਕ ਤੇ ਉਨ੍ਹਾਂ ਤੇ ਨਜ਼ਦੀਕੀਆਂ ਦੇ ਖਾਤਿਆਂ ਦਾ ਰਿਕਾਰਡ ਮੰਗਿਆ ਗਿਆ ਸੀ। ਜਿਸ ਤੋਂ ਬਾਅਦ ਇਹ ਚਰਚਾ ਹੈ ਕਿ ਸੋਮਵਾਰ 5 ਦਸੰਬਰ ਨੂੰ ਵਿਜੀਲੈਂਸ ਵੱਲੋਂ ਵਿਧਾਇਕ ਪਾਹੜਾ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਇਸ ਸਬੰਧੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਵਿਜੀਲੈਂਸ ਦੇ ਇੱਕ ਉੱਚ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਉਪਰ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਪਾਕਿਸਤਾਨ ਦੀ ਨਾਪਾਕ ਹਰਕਤ, ਡਰੋਨ ਰਾਹੀਂ ਭੇਜਿਆ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ

ਸੋਸ਼ਲ ਮੀਡੀਆ 'ਤੇ ਇਕ ਪੱਤਰ ਵਾਇਰਲ ਹੋਇਆ ਹੈ, ਜਿਸ 'ਚ ਵਿਜੀਲੈਂਸ ਬਿਊਰੋ ਨੇ ਬੈਂਕ ਮੈਨੇਜਰ ਨੂੰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਉਨ੍ਹਾਂ ਦੇ ਭਰਾ ਬਲਜੀਤ ਸਿੰਘ ਪਾਹੜਾ, ਹੋਰ ਪਰਿਵਾਰਕ ਮੈਂਬਰਾਂ ਤੇ ਕੁਝ ਬਾਹਰੀ ਵਿਅਕਤੀਆਂ ਦੇ ਬੈਂਕ ਖਾਤਿਆਂ ਦੀ ਵਿਜੀਲੈਂਸ ਜਾਂਚ ਦੀ ਗੱਲ ਕਹੀ ਗਈ ਹੈ। ਦੂਜੇ ਪਾਸੇ ਵਿਧਾਇਕ ਬਰਿੰਦਰਮੀਤ ਸਿੰਘ ਪਹਾੜਾ ਨੇ ਕਿਹਾ ਕਿ ਉਨ੍ਹਾਂ ਨੇ ਇਮਾਨਦਾਰੀ ਨਾਲ ਕੰਮ ਕੀਤਾ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਜਾਂਚ ਦਾ ਡਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕੋਈ ਪੱਤਰ ਜਾਰੀ ਕੀਤਾ ਗਿਆ ਹੈ ਤਾਂ ਇਹ ਵਿਜੀਲੈਂਸ ਬਿਊਰੋ ਦਾ ਅੰਦਰੂਨੀ ਮਾਮਲਾ ਹੈ।

ਹਾਲਾਂਕਿ ਪੱਤਰ ਲੀਕ ਹੋਣ ਨਾਲ ਵਿਭਾਗ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਸੂਤਰਾਂ ਨੇ ਕਿਹਾ ਕਿ VB ਦਾ ਪੱਤਰ ਬੈਂਕ ਦੇ ਇੱਕ ਸਮੂਹ ਵਿੱਚ ਸਾਂਝਾ ਕੀਤਾ ਗਿਆ ਸੀ, ਜਿੱਥੋਂ ਇਹ ਵਾਇਰਲ ਹੋ ਸਕਦਾ ਸੀ। ਐਸਐਸਪੀ ਵਿਜੀਲੈਂਸ ਬਿਊਰੋ ਵਰਿੰਦਰ ਕੁਮਾਰ ਨੇ ਕਿਹਾ ਕਿ ਇਹ ਪੱਤਰ ਸੋਸ਼ਲ ਮੀਡੀਆ 'ਤੇ ਕਿਵੇਂ ਵਾਇਰਲ ਹੋਇਆ ਇਸ ਦੀ ਜਾਂਚ ਕੀਤੀ ਜਾਵੇਗੀ। ਦੂਜੇ ਪਾਸੇ ਬੈਂਕ ਮੈਨੇਜਰ ਨੇ ਵਿਜੀਲੈਂਸ ਬਿਊਰੋ ਵੱਲੋਂ ਮਿਲੇ ਪੱਤਰ ਨੂੰ ਰੁਟੀਨ ਦਾ ਕੰਮ ਦੱਸਿਆ ਹੈ।

ਰਿਪੋਰਟ-ਰਵੀਬਖ਼ਸ਼ ਸਿੰਘ ਅਰਸ਼ੀ

Related Post