ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਅੰਤਿਮ ਸੰਸਕਾਰ ਅੱਜ

By  Ravinder Singh January 15th 2023 09:22 AM

ਜਲੰਧਰ : ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਅੰਤਿਮ ਸੰਸਕਾਰ ਅੱਜ ਕੀਤਾ ਜਾਵੇਗਾ। ਉਨ੍ਹਾਂ ਦੀ ਅੰਤਿਮ ਯਾਤਰਾ ਜਲੰਧਰ ਸ਼ਹਿਰ ਦੇ ਫੁੱਟਬਾਲ ਚੌਕ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਦੇ ਜੱਦੀ ਪਿੰਡ ਧਾਲੀਵਾਲ ਕਾਦੀਆਂ ਵਿਖੇ ਕਾਲਾ ਸੰਘਿਆਂ ਰੋਡ 'ਤੇ ਸਵੇਰੇ 11 ਵਜੇ ਦੇ ਕਰੀਬ ਦਾਹ ਸੰਸਕਾਰ ਕੀਤਾ ਜਾਵੇਗਾ। ਭਾਰਤ ਜੋੜੋ ਯਾਤਰਾ ਦੌਰਾਨ ਕੱਲ੍ਹ ਫਿਲੌਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਸੰਸਦ ਮੈਂਬਰ ਦੀ ਮੌਤ ਹੋ ਗਈ ਸੀ। ਉਹ ਰਾਹੁਲ ਗਾਂਧੀ ਨਾਲ ਪੈਦਲ ਯਾਤਰਾ ਕਰ ਰਹੇ ਸਨ। ਜਿੱਥੇ ਉਹ ਇਕਦਮ ਡਿੱਗ ਪਏ ਸਨ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਅੰਤਿਮ ਸੰਸਕਾਰ ਹੋਣ ਤੱਕ ਯਾਤਰਾ ਮੁਲਤਵੀ ਕਰ ਦਿੱਤੀ।


ਸੰਸਦ ਮੈਂਬਰ ਦੀ ਮੌਤ ਦੀ ਜਾਣਕਾਰੀ ਸ਼ਨਿੱਚਰਵਾਰ ਸਵੇਰੇ 8.45 ਵਜੇ ਦੇ ਕਰੀਬ ਮਿਲੀ। ਜਿਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਿੱਧਾ ਜਲੰਧਰ ਸ਼ਹਿਰ ਸਥਿਤ ਉਨ੍ਹਾਂ ਦੇ ਘਰ ਲਿਜਾਇਆ ਗਿਆ। ਜਿਸ ਤੋਂ ਬਾਅਦ ਰਾਹੁਲ ਗਾਂਧੀ ਵੀ ਦੁੱਖ ਪ੍ਰਗਟ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ। ਰਾਹੁਲ ਗਾਂਧੀ ਇੱਥੇ ਕਾਫੀ ਦੇਰ ਤੱਕ ਪਰਿਵਾਰ ਨਾਲ ਬੈਠੇ ਰਹੇ। ਉਹ ਸੰਸਦ ਮੈਂਬਰ ਦੀ ਪਤਨੀ ਕਰਮਜੀਤ ਕੌਰ, ਐਮਪੀ ਦੇ ਪੁੱਤਰ ਵਿਕਰਮਜੀਤ ਚੌਧਰੀ ਨੂੰ ਮਿਲੇ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ।

ਇਹ ਵੀ ਪੜ੍ਹੋ : ਪੰਜਾਬ 'ਚ ਟੈਸਟਿੰਗ ਦੀ ਹੌਲੀ ਰਫ਼ਤਾਰ ਵਿਚਾਲੇ ਕੋਰੋਨਾ ਦੇ 9 ਮਰੀਜ਼ ਆਏ ਸਾਹਮਣੇ

ਐਮਪੀ ਸੰਤੋਖ ਚੌਧਰੀ ਦੇ ਬੇਵਕਤੀ ਦੇਹਾਂਤ ਕਾਰਨ ਕਾਂਗਰਸ ਪਾਰਟੀ ਵਿੱਚ ਵੀ ਸੋਗ ਦੀ ਲਹਿਰ ਹੈ। ਪਾਰਟੀ ਵੱਲੋਂ ਉਨ੍ਹਾਂ ਦੇ ਸਨਮਾਨ ਵਿੱਚ ਭਾਰਤ ਜੋੜੋ ਯਾਤਰਾ 24 ਘੰਟਿਆ ਲਈ ਮੁਲਤਵੀ ਕੀਤੀ ਹੈ। ਇਹ ਯਾਤਰਾ ਐਤਵਾਰ ਦੁਪਹਿਰ ਨੂੰ ਖਾਲਸਾ ਕਾਲਜ ਗਰਾਊਂਡ, ਜਲੰਧਰ ਤੋਂ ਮੁੜ ਸ਼ੁਰੂ ਹੋਵੇਗੀ। ਉੱਥੇ ਹੀ, ਰਾਹੁਲ ਗਾਂਧੀ ਦੀ 15 ਜਨਵਰੀ ਨੂੰ ਜਲੰਧਰ ਵਿੱਚ ਹੋਣ ਵਾਲੀ ਪ੍ਰੈਸ ਕਾਨਫਰੰਸ, ਹੁਣ ਹੁਸ਼ਿਆਰਪੁਰ ਵਿੱਚ 17 ਜਨਵਰੀ ਨੂੰ ਹੋਵੇਗੀ।

Related Post