Gangsters ਨਾਲ ਸਬੰਧ ਹੋਣ ਦੇ ਇਲਜ਼ਾਮਾਂ ਤੋਂ ਭੜਕੇ MP ਸੁਖਜਿੰਦਰ ਸਿੰਘ ਰੰਧਾਵਾ, ਨਵਜੋਤ ਕੌਰ ਨੂੰ ਭੇਜਿਆ ਕਾਨੂੰਨੀ ਨੋਟਿਸ

ਭੇਜੇ ਗਏ ਨੋਟਿਸ ’ਚ ਕਿਹਾ ਗਿਆ ਕਿ ਡਾ. ਸਿੱਧੂ ਵੱਲੋਂ ਰਾਜਸਥਾਨ ਵਿੱਚ ਪਾਰਟੀ ਟਿਕਟਾਂ ਦੀ ਵੰਡ ਦੌਰਾਨ ਭ੍ਰਿਸ਼ਟਾਚਾਰ ਦੇ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਝੂਠੇ, ਘੜੇ ਹੋਏ ਅਤੇ ਰਾਜਨੀਤਿਕ ਦੁਸ਼ਮਨੀ ਤੋਂ ਪ੍ਰੇਰਿਤ ਹਨ।

By  Aarti December 9th 2025 12:30 PM -- Updated: December 9th 2025 01:14 PM

Sukhjinder Singh Randhawa legal Notice : ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੇ ਅੰਦਰੂਨੀ ਤਣਾਅ ਇੱਕ ਵਾਰ ਫਿਰ ਸਾਹਮਣੇ ਆ ਗਏ ਹਨ। ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਕਾਂਗਰਸ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।

ਭੇਜੇ ਗਏ ਨੋਟਿਸ ’ਚ ਕਿਹਾ ਗਿਆ ਕਿ ਡਾ. ਸਿੱਧੂ ਵੱਲੋਂ ਰਾਜਸਥਾਨ ਵਿੱਚ ਪਾਰਟੀ ਟਿਕਟਾਂ ਦੀ ਵੰਡ ਦੌਰਾਨ ਭ੍ਰਿਸ਼ਟਾਚਾਰ ਦੇ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਝੂਠੇ, ਘੜੇ ਹੋਏ ਅਤੇ ਰਾਜਨੀਤਿਕ ਦੁਸ਼ਮਨੀ ਤੋਂ ਪ੍ਰੇਰਿਤ ਹਨ। ਇਨ੍ਹਾਂ ਬਿਆਨਾਂ ਨਾਲ ਰੰਧਾਵਾ ਦੀ ਸਿਆਸੀ ਅਤੇ ਸਮਾਜਿਕ ਦਿਖ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ।

ਕਾਨੂੰਨੀ ਨੋਟਿਸ ਅਨੁਸਾਰ, ਇਹ ਬਿਆਨ ਭਾਰਤੀ ਨਿਆਂ ਸੰਹਿਤਾ 2023 ਦੀ ਧਾਰਾ 356 ਅਧੀਨ ਅਪਰਾਧਿਕ ਮਾਣਹਾਨੀ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਜਿਸ ਮੁਤਾਬਿਕ ਡਾ. ਨਵਜੋਤ ਕੌਰ ਸਿੱਧੂ ਨੂੰ 7 ਦਿਨਾਂ ਦੇ ਅੰਦਰ ਬਿਨਾ ਕਿਸੇ ਸ਼ਰਤ ਦੇ ਸਰਵਜਨਕ ਮਾਫ਼ੀ ਮੰਗਣ ਅਤੇ ਆਪਣੇ ਸਾਰੇ ਝੂਠੇ ਦੋਸ਼ ਮੀਡੀਆ ਅਤੇ ਸੋਸ਼ਲ ਮੀਡੀਆ ਤੋਂ ਵਾਪਸ ਲੈਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਜੇਕਰ ਨਿਰਧਾਰਿਤ ਸਮੇਂ ਅੰਦਰ ਮਾਫ਼ੀ ਨਹੀਂ ਮੰਗੀ ਗਈ ਤਾਂ ਡਾ. ਸਿੱਧੂ ਖ਼ਿਲਾਫ਼ ਬਟਾਲਾ ਅਦਾਲਤ ਵਿੱਚ ਫੌਜਦਾਰੀ ਮਾਣਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ, ਜਿਸ ਵਿੱਚ ਕਾਨੂੰਨੀ ਖ਼ਰਚ ਅਤੇ ਹਰਜ਼ਾਨਾ ਵੀ ਵਸੂਲ ਕੀਤਾ ਜਾਵੇਗਾ। ਨਾਲ ਹੀ ਰੰਧਾਵਾ ਨੇ ਸਪੱਸ਼ਟ ਕੀਤਾ ਕਿ ਉਹ ਸਦਾ ਪਾਰਦਰਸ਼ਤਾ, ਇਮਾਨਦਾਰੀ ਅਤੇ ਲੋਕਸੇਵਾ ਦੇ ਸਿਧਾਂਤਾਂ 'ਤੇ ਚੱਲੇ ਹਨ ਅਤੇ ਝੂਠੇ ਦੋਸ਼ਾਂ ਦੇ ਆਧਾਰ 'ਤੇ ਆਪਣੀ ਛਵੀ ਨੂੰ ਦਾਗ਼ਦਾਰ ਨਹੀਂ ਹੋਣ ਦੇਣਗੇ।

ਦੱਸ ਦਈਏ ਕਿ ਡਾ. ਨਵਜੋਤ ਕੌਰ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੇ ਰਾਜਸਥਾਨ ਵਿੱਚ ਕਾਂਗਰਸ ਨੂੰ ਹਾਰ ਦਿੱਤੀ ਹੈ। ਇਨ੍ਹਾਂ ਇਲਜ਼ਾਮ ਤੋਂ ਬਾਅਦ, ਰੰਧਾਵਾ ਨੇ ਇੱਕ ਕਾਨੂੰਨੀ ਨੋਟਿਸ ਜਾਰੀ ਕੀਤਾ, ਜਿਸ ਵਿੱਚ ਸਪੱਸ਼ਟ ਕੀਤਾ ਗਿਆ ਕਿ ਇਹ ਬਿਆਨ ਬੇਬੁਨਿਆਦ, ਝੂਠਾ ਅਤੇ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ।

ਇਹ ਵੀ ਪੜ੍ਹੋ : ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ 'ਚ ਕੀਤੀ ਸੇਵਾ

Related Post