ਮਰਹੂਮ ਅਦਾਕਾਰ-ਕਾਰਕੁੰਨ ਦੀਪ ਸਿੱਧੂ ਨਾਲ ਜੁੜੇ ਵਿਵਾਦ, ਰਾਜਨੀਤਿਕ ਸਬੰਧ ਅਤੇ ਦਿਲਚਸਪ ਤੱਥ

ਅਦਾਕਾਰ-ਕਾਰਕੁੰਨ ਦੀਪ ਸਿੱਧੂ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਿਹਾਂ ਨੂੰ ਅੱਜ ਇੱਕ ਸਾਲ ਪੂਰਾ ਹੋ ਚੁੱਕਿਆ ਹੈ। ਦੀਪ ਸਿੱਧੂ ਨਾਲ ਜੁੜੇ ਇੱਕ ਧੜੇ ਦੇ ਆਰੋਪ ਨੇ ਕਿ ਇੱਕ ਬਹੁਤ ਵੱਡੀ ਸਾਜਿਸ਼ ਤਹਿਤ ਸਿੱਧੂ ਨੂੰ ਏਜੰਸੀਆਂ ਨੇ ਆਪਣਾ ਨਿਸ਼ਾਨਾ ਬਣਾ ਸ਼ਹੀਦ ਕਰ ਦਿੱਤਾ ਸੀ, ਜਿਸਨੂੰ ਬਾਅਦ ਵਿਚ ਕਾਰ ਹਾਦਸੇ ਦਾ ਰੂਪ ਦੇ ਦਿੱਤਾ ਗਿਆ।

By  Jasmeet Singh February 15th 2023 02:19 PM

Deep Sidhu 1st Death Anniversary: ਅਦਾਕਾਰ-ਕਾਰਕੁੰਨ ਦੀਪ ਸਿੱਧੂ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਿਹਾਂ ਨੂੰ ਅੱਜ ਇੱਕ ਸਾਲ ਪੂਰਾ ਹੋ ਚੁੱਕਿਆ ਹੈ। ਦੀਪ ਸਿੱਧੂ ਨਾਲ ਜੁੜੇ ਇੱਕ ਧੜੇ ਦੇ ਆਰੋਪ ਨੇ ਕਿ ਇੱਕ ਬਹੁਤ ਵੱਡੀ ਸਾਜਿਸ਼ ਤਹਿਤ ਸਿੱਧੂ ਨੂੰ ਏਜੰਸੀਆਂ ਨੇ ਆਪਣਾ ਨਿਸ਼ਾਨਾ ਬਣਾ ਸ਼ਹੀਦ ਕਰ ਦਿੱਤਾ ਸੀ, ਜਿਸਨੂੰ ਬਾਅਦ ਵਿਚ ਕਾਰ ਹਾਦਸੇ ਦਾ ਰੂਪ ਦੇ ਦਿੱਤਾ ਗਿਆ। ਉੱਥੇ ਦੂਜੇ ਪਾਸੇ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ, ਜਿਨ੍ਹਾਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਸਾਂਝੀ ਕੀਤੀ ਅਤੇ ਜੋ ਹਾਦਸੇ ਦੀ ਰਾਤ ਸਿੱਧੂ ਨਾਲ ਗੱਡੀ 'ਚ ਸਵਾਰ ਸਨ, ਨੇ ਦੋਸ਼ ਲਾਇਆ ਕਿ ਸਿੱਧੂ ਦੀ ਮੌਤ ਇੱਕ ਕਾਰ ਹਾਦਸਾ ਹੀ ਸੀ ਜਿਸਤੋਂ ਨਿੱਜੀ ਫ਼ਾਇਦਾ ਚੁੱਕਣ ਲਈ ਸਿੱਧੂ ਦੀ ਪਤਨੀ ਅਤੇ ਉਨ੍ਹਾਂ ਦੇ ਭਰਾ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ।


ਮਰਹੂਮ ਦੀਪ ਸਿੱਧੂ ਦੀ ਪਹਿਲੀ ਬਰਸੀ ਉਨ੍ਹਾਂ ਬਾਰੇ ਜਾਣੇ-ਅਣਜਾਣੇ ਦਿਲਚਸਪ ਤੱਥ 

1. ਪੰਜਾਬੀ ਅਦਾਕਾਰ

ਦੀਪ ਸਿੱਧੂ ਦਾ ਜਨਮ ਸਾਲ 1984 ਵਿੱਚ ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਇੱਕ ਪੰਜਾਬੀ ਅਭਿਨੇਤਾ ਵਜੋਂ ਉਨ੍ਹਾਂ ਸਾਲ 2015 ਵਿੱਚ 'ਰਮਤਾ ਜੋਗੀ' ਨਾਮਕ ਫਿਲਮ ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਇਹ ਫ਼ਿਲਮ ਦਿੱਗਜ ਅਭਿਨੇਤਾ ਧਰਮਿੰਦਰ ਦੇ ਬੈਨਰ 'ਵਿਜਯਤਾ ਫਿਲਮਜ਼' ਹੇਠ ਰਿਲੀਜ਼ ਹੋਈ ਸੀ। ਸਿੱਧੂ ਨੂੰ ਇਸ ਭੂਮਿਕਾ ਲਈ ਸਰਵੋਤਮ ਪੁਰਸ਼ ਡੈਬਿਊ ਪੁਰਸਕਾਰ ਵੀ ਮਿਲਿਆ। ਇਨ੍ਹਾਂ ਸਾਲਾਂ ਦੌਰਾਨ ਸਿੱਧੂ ਨੇ ਕਈ ਫਿਲਮਾਂ ਕੀਤੀਆਂ। ਸਾਲ 2018 ਵਿਚ ਸਿੱਧੂ ਦੀ ਇੱਕ ਫਿਲਮ 'Saade Ale' ਨੂੰ ਕਾਨਸ ਫਿਲਮ ਫੈਸਟੀਵਲ ਵਿੱਚ ਲਾਂਚ ਕੀਤੀ ਗਈ ਸੀ, ਜੋ ਆਪਣੇ ਆਪ ਵੀ ਬਹੁਤ ਵੱਡੀ ਉਪਲਭਦੀ ਸੀ।

2. ਗ੍ਰਾਸੀਮ ਮਿਸਟਰ ਇੰਡੀਆ 2006 

ਪੰਜਾਬੀ ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਸਿੱਧੂ ਇੱਕ ਮਾਡਲ ਸੀ। ਦਿਲਚਸਪ ਗੱਲ ਇਹ ਹੈ ਕਿ, ਉਹ ਪੱਛਮੀ ਜ਼ੋਨ ਤੋਂ ਪ੍ਰਸਿੱਧ ਕਿੰਗਫਿਸ਼ਰ ਮਾਡਲ ਹੰਟ ਵਿਜੇਤੇ ਰਹੇ ਅਤੇ 2006 ਵਿੱਚ ਗ੍ਰਾਸਿਮ ਮਿਸਟਰ ਇੰਡੀਆ 'ਚ ਮਿਸਟਰ ਪਰਸਨੈਲਿਟੀ ਅਤੇ ਮਿਸਟਰ ਟੈਲੇਂਟੇਡ ਦਾ ਖ਼ਿਤਾਬ ਵੀ ਆਪਣੇ ਨਾਂਅ ਕੀਤਾ। ਸਿੱਧੂ ਨੇ ਹੇਮੰਤ ਤ੍ਰਿਵੇਦੀ ਅਤੇ ਰੋਹਿਤ ਬਲ ਵਰਗੇ ਪ੍ਰਮੁੱਖ ਨਾਵਾਂ ਲਈ ਰੈਂਪ ਵਾਲਕ ਵੀ ਕੀਤਾ ਸੀ।

3. ਸੰਨੀ ਦਿਓਲ ਨਾਲ ਕੀਤਾ ਪਹਿਲਾ ਟਰੈਕਟਰ ਵਿਗਿਆਪਨ

ਆਪਣੀ ਫਿਲਮੀ ਸ਼ੁਰੂਆਤ ਤੋਂ ਇੱਕ ਦਹਾਕਾ ਪਹਿਲਾਂ, ਦੀਪ ਜਦੋਂ ਅਜੇ ਪੁਣੇ ਵਿੱਚ ਪੜ੍ਹਦੇ ਸਨ ਤਾਂ ਉਨ੍ਹਾਂ ਦੀ ਇੱਕ ਵਿਗਿਆਪਨ ਸ਼ੂਟ ਲਈ ਚੋਣ ਹੋਈ। ਦਿਲਚਸਪ ਗੱਲ ਇਹ ਹੈ ਕਿ ਇਹ ਇਸ਼ਤਿਹਾਰ ਸੰਨੀ ਦਿਓਲ ਨਾਲ ਟਰੈਕਟਰ ਬ੍ਰਾਂਡ ਲਈ ਸੀ। ਉਹ ਦਿਓਲ ਦੇ ਛੋਟੇ ਭਰਾ ਦਾ ਕਿਰਦਾਰ ਨਿਭਾਉਣ ਲਈ ਚੁਣੇ ਗਏ ਸਨ।


4. ਬਾਲਾਜੀ ਟੈਲੀਫਿਲਮਾਂ 'ਚ ਕਾਨੂੰਨੀ ਮੁਖੀ 

ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਦੀਪ ਸਿੱਧੂ ਨੇ ਇੱਕ ਵਕੀਲ ਦੇ ਤੌਰ 'ਤੇ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕੀਤਾ, ਉਸਦੀ ਪਹਿਲੀ ਨੌਕਰੀ ਸਹਾਰਾ ਇੰਡੀਆ ਪਰਿਵਾਰ ਨਾਲ ਸੀ। ਜਿਸ ਤੋਂ ਬਾਅਦ ਉਨ੍ਹਾਂ ਹੈਮੌਂਡਾ 'ਚ ਵੀ ਕੰਮ ਕੀਤਾ ਜੋ ਕਿ ਇੱਕ ਬ੍ਰਿਟਿਸ਼ ਲਾਅ ਫਰਮ ਸੀ, ਜੋ ਸੋਨੀ ਪਿਕਚਰਜ਼, ਡਿਜ਼ਨੀ ਅਤੇ ਹਾਲੀਵੁੱਡ ਸਟੂਡੀਓਜ਼ ਦਾ ਪ੍ਰਬੰਧਨ ਕਰਦੀ ਸੀ। ਅੱਗੇ ਉਨ੍ਹਾਂ ਸਾਡੇ ਤਿੰਨ ਸਾਲਾਂ ਲਈ ਏਕਤਾ ਕਪੂਰ ਦੀ ਬਾਲਾਜੀ ਟੈਲੀਫਿਲਮਜ਼ ਵਿੱਚ ਬਤੌਰ ਕਾਨੂੰਨੀ ਮੁਖੀ ਵਜੋਂ ਵੀ ਸੇਵਾ ਨਿਭਾਈ।


5. ਸੰਨੀ ਦਿਓਲ ਲਈ ਚੋਣ ਪ੍ਰਚਾਰ ਕੀਤਾ

ਸਾਲ 2020 'ਚ ਕਿਸਾਨੀ ਅੰਦੋਲਨ ਦੇ ਸਿਖ਼ਰ ਦੌਰਾਨ ਦੀਪ ਸਿੱਧੂ ਦੀ ਇੱਕ ਫੋਟੋ ਸਰਕੁਲੇਟ ਕੀਤੀ ਗਈ, ਜਿਸ ਵਿੱਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਸਦ ਮੈਂਬਰ ਸੰਨੀ ਦਿਓਲ ਨਾਲ ਨਜ਼ਰ ਆਏ। ਇਹ 2019 ਦੀਆਂ ਚੋਣਾਂ ਦੇ ਦੌਰਾਨ ਦੀ ਤਸਵੀਰ ਸੀ, ਜਿੱਥੇ ਸਿੱਧੂ ਨੇ ਗੁਰਦਾਸਪੁਰ ਹਲਕੇ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਲਈ ਚੋਣ ਪ੍ਰਚਾਰ ਕੀਤਾ ਸੀ। ਹਾਲਾਂਕਿ ਸੰਨੀ ਦਿਓਲ ਨੇ ਲਾਲ ਕਿਲ੍ਹੇ ਵਿਵਾਦ ਤੋਂ ਟਵੀਟ ਕਰ ਕਿਹਾ ਸੀ ਕਿ ਉਨ੍ਹਾਂ ਦਾ ਜਾਂ ਉਨ੍ਹਾਂ ਦੇ ਪਰਿਵਾਰ ਦਾ ਸਿੱਧੂ ਨਾਲ ਕੋਈ ਸਬੰਧ ਨਹੀਂ ਸੀ।


6. ਐਨਆਈਏ ਦੁਆਰਾ ਸੰਮਨ

ਸਿੱਧੂ ਦੇ ਨਾਲ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਅਤੇ 38 ਹੋਰਾਂ ਨੂੰ 17 ਜਨਵਰੀ 2021 ਨੂੰ ਐਨਆਈਏ - ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਤਲਬ ਕੀਤਾ ਸੀ। ਉਹਨਾਂ ਨੂੰ ਆਈਪੀਸੀ ਦੀ ਧਾਰਾ 160 ਦੇ ਤਹਿਤ SFJ - ਸਿੱਖਸ ਫਾਰ ਜਸਟਿਸ ਨਾਲ ਸਬੰਧਤ ਇੱਕ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ।


7. ਲਾਲ ਕਿਲ੍ਹੇ ਹਿੰਸਾ ਦਾ ਦੋਸ਼

ਕਿਸਾਨੀ ਅੰਦੋਲਨ ਦੌਰਾਨ ਕੁਝ ਰਾਸ਼ਟਰੀ ਮੀਡੀਆ ਨੇ ਝੂਠੀ ਖ਼ਬਰ ਚਲਾ ਦਿੱਤੀ ਕਿ ਕੌਮੀ ਝੰਡੇ 'ਤਿਰੰਗੇ' ਦੀ ਥਾਂ ਖਾਲਸਤਾਨੀ ਝੰਡੇ ਨੇ ਲੈ ਲਈ ਸੀ, ਸੱਚਾਈ ਇਹ ਸੀ ਕਿ ਲਾਲ ਕਿਲ੍ਹੇ 'ਤੇ ਸਿਖਾਂ ਦੇ ਧਾਰਮਿਕ ਚਿਨ੍ਹ 'ਨਿਸ਼ਾਨ ਸਾਹਿਬ' ਨੂੰ ਤਿਰੰਗੇ ਦੀ ਥਾਂ ਲਏ ਬਿਨਾਂ ਲਹਿਰਾਇਆ ਗਿਆ ਸੀ, ਇਸ ਦਰਮਿਆਨ ਪ੍ਰਦਰਸ਼ਨਕਾਰੀਆਂ ਤੇ ਦਿੱਲੀ ਪੁਲਿਸ ਵਿਚਾਲੇ ਝੜਪ ਵੀ ਹੋਈ। ਜਿਸਦਾ ਸਾਰਾ ਦੋਸ਼ ਸਿੱਧੂ 'ਤੇ ਮੜ੍ਹ ਦਿੱਤਾ ਗਿਆ, ਉਸਨੂੰ ਕਥਿਤ ਤੌਰ 'ਤੇ ਆਪਣੇ ਇਸ ਕਦਮ ਲਈ 'ਸਿੱਖ ਫਾਰ ਜਸਟਿਸ' ਦਾ ਏਜੰਟ ਵੀ ਕੀਆ ਗਿਆ।

8. ਕਿਸਾਨ ਆਗੂਆਂ ਨੇ ਵੀ ਲਾਇਆ ਸੀ ਦੋਸ਼

ਅੰਦੋਲਨ ਦੌਰਾਨ ਟਰੈਕਟਰ ਰੈਲੀ ਦਰਮਿਆਨ ਪ੍ਰਦਰਸ਼ਨਕਾਰੀਆਂ ਤੇ ਦਿੱਲੀ ਪੁਲਿਸ ਵਿਚਾਲੇ ਝੜਪ ਮਗਰੋਂ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਟਰੈਕਟਰ ਰੈਲੀ ਦੇ ਕੁਝ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਦੀਪ ਸਿੱਧੂ ਨੇ ਲਾਲ ਕਿਲ੍ਹੇ ਵਲ੍ਹ ਕੀਤੀ, ਜਿਸ ਤੋਂ ਬਾਅਦ ਸਿੱਧੂ ਨੇ ਆਪਣੇ ਫੇਸਬੁੱਕ ਲਾਈਵ ਵਿੱਚ ਇਹ ਕਹਿ ਕੇ ਆਪਣਾ ਬਚਾਅ ਕੀਤਾ ਕਿ ਅਸੀਂ ਸਿਰਫ਼ ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਲਹਿਰਾਇਆ ਨਾ ਕਿ ਤਿਰੰਗੇ ਲਾਹ ਉਸਦਾ ਅਪਮਾਨ ਕੀਤਾ।


9. ਗੈਂਗਸਟਰ ਤੋਂ ਕਾਰਕੁੰਨ ਬਣੇ ਲੱਖਾ ਸਿਧਾਣਾ ਦੇ ਕਰੀਬੀ

ਕਿਸਾਨੀ ਅੰਦੋਲਨ 'ਚ ਹਿੱਸਾ ਪਾਉਣ ਵਾਲੇ ਗੈਂਗਸਟਰ ਤੋਂ ਕਾਰਕੁੰਨ ਬਣੇ ਲੱਖਾ ਸਿਧਾਣਾ ਉਰਫ਼ ਲਖਬੀਰ ਸਿੰਘ ਦਸਦੇ ਹੋਏ ਦੋਵਾਂ ਦੀਪ ਸਿੱਧੂ ਅਤੇ ਲੱਖਾ ਸਿਧਾਣਾ 'ਤੇ ਸਿੰਘੂ ਬਾਰਡਰ 'ਤੇ ਭੜਕਾਊ ਭਾਸ਼ਣ ਦੇਣ ਦਾ ਦੋਸ਼ ਲਾਇਆ ਗਿਆ। ਸਿਧਾਣਾ ਖਿਲਾਫ 26 ਕੇਸ ਵੀ ਦਰਜ ਕਰਾਏ ਗਏ। ਕਿਸਾਨ ਆਗੂਆਂ ਤੇ ਕਿਸਾਨ ਜੱਥੇਬੰਦੀਆਂ ਨੇ ਇਹ ਤੱਕ ਕਹਿ ਛੱਡਿਆ ਸੀ ਕਿ ਉਨ੍ਹਾਂ ਦਾ ਇਨ੍ਹਾਂ ਦੋਵਾਂ ਨਾਲ ਕੋਈ ਸਬੰਧ ਨਹੀਂ।

10. ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅੱਤਵਾਦੀ ਨਹੀਂ - ਸਿੱਧੂ 

ਨਵੰਬਰ 2020 ਵਿੱਚ ਬਰਖਾ ਦੱਤ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਦੀਪ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅੱਤਵਾਦੀ ਨਹੀਂ ਸੀ, ਸਗੋਂ ਉਹ ਇੱਕ ਸੰਘੀ ਢਾਂਚੇ ਲਈ ਲੜੇ ਸਨ। ਬਰਖਾ ਲਗਾਤਾਰ ਸਿੱਧੂ ਨੂੰ ਆਪਣੀਆਂ ਟਿੱਪਣੀਆਂ ਕਰ ਉਕਸਾਉਂਦੀ ਰਹੀ ਪਰ ਸਿੱਧੂ ਨੇ ਇੱਕ ਵਾਰ ਵੀ ਇਸ ਤੱਥ ਨੂੰ ਸਵੀਕਾਰ ਨਹੀਂ ਕੀਤਾ ਕਿ ਭਿੰਡਰਾਂਵਾਲੇ ਇੱਕ ਅੱਤਵਾਦੀ ਸਨ।

Related Post