SAD Leader Murder Case : ਅਕਾਲੀ ਕੌਂਸਲਰ ਦੇ ਕਤਲ ਲਈ CM ਮਾਨ ਨੂੰ ਠਹਿਰਾਇਆ ਜ਼ਿੰਮੇਵਾਰ : ਬਿਕਰਮ ਸਿੰਘ ਮਜੀਠੀਆ

SAD Leader Murder Case : ਮਜੀਠੀਆ ਨੇ ਕਿਹਾ ਕਿ ਜੇਕਰ ਹਰਜਿੰਦਰ ਸਿੰਘ ਸੱਤਾਧਾਰੀ ਪਾਰਟੀ ਦੇ ਇਕ ਆਗੂ ਜਾਂ ਸਾਧਾਰਣ ਵਰਕਰ ਹੀ ਹੁੰਦੇ ਤਾਂ ਵੀ ਉਹਨਾਂ ਨੂੰ ਢੁਕਵੀਂ ਸੁਰੱਖਿਆ ਮਿਲ ਜਾਣੀ ਸੀ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਵਿਚ ਸਿਰਫ ਆਪ ਦੇ ਆਗੂਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।

By  KRISHAN KUMAR SHARMA May 25th 2025 08:47 PM -- Updated: May 25th 2025 08:50 PM

SAD Leader Murder Case : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਅਕਾਲੀ ਦਲ ਦੇ ਕੌਂਸਲਰ ਹਰਜਿੰਦਰ ਸਿੰਘ (Councilor Harjinder Singh Murder Case) ਜਿਹਨਾਂ ਨੂੰ ਵਾਰ-ਵਾਰ ਧਮਕੀਆਂ ਮਿਲਣ ’ਤੇ ਵੀ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਗਈ, ਦੇ ਕਤਲ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ।

ਸੂਬੇ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਫੇਲ੍ਹ ਹੋਣ ਲਈ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਲੋਕਾਂ ਨੂੰ ਧਮਕੀਆਂ ਜਾਂ ਖ਼ਤਰੇ ਦੇ ਆਧਾਰ ’ਤੇ ਨਹੀਂ ਸਗੋਂ ਸਿਆਸੀ ਲਿਹਾਜਦਾਰੀਆਂ ਦੇ ਆਧਾਰ ’ਤੇ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।

ਅਕਾਲੀ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਤ੍ਰਾਸਦੀਯੋਗ ਹੈ ਕਿ ਸੀਨੀਅਰ ਅਕਾਲੀ ਆਗੂ ਤੇ ਜੰਡਿਆਲਾ ਗੁਰੂ ਤੋਂ ਮਿਉਂਸਪਲ ਕੌਂਸਲਰ ਹਰਜਿੰਦਰ ਸਿੰਘ ਜਿਹਨਾਂ ਦੀ ਗੈਂਗਸਟਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਨੂੰ ਸਰਕਾਰ ਨੇ ਵਾਰ-ਵਾਰ ਧਮਕੀਆਂ ਮਿਲਣ ਦੇ ਬਾਵਜੂਦ ਵੀ ਸੁਰੱਖਿਆ ਪ੍ਰਦਾਨ ਨਹੀਂ ਕੀਤੀ। ਉਹਨਾਂ ਕਿਹਾ ਕਿ ਇਹ ਗੈਂਗਸਟਰ ਤੇ ਗੁੰਡੇ ਲਗਾਤਾਰ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ।

ਮਜੀਠੀਆ ਨੇ ਕਿਹਾ ਕਿ ਜੇਕਰ ਸਰਦਾਰ ਹਰਜਿੰਦਰ ਸਿੰਘ ਸੱਤਾਧਾਰੀ ਪਾਰਟੀ ਦੇ ਇਕ ਆਗੂ ਜਾਂ ਸਾਧਾਰਣ ਵਰਕਰ ਹੀ ਹੁੰਦੇ ਤਾਂ ਵੀ ਉਹਨਾਂ ਨੂੰ ਢੁਕਵੀਂ ਸੁਰੱਖਿਆ ਮਿਲ ਜਾਣੀ ਸੀ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਵਿਚ ਸਿਰਫ ਆਪ ਦੇ ਆਗੂਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਕੋਈ ਪਰਵਾਹ ਨਹੀਂ ਹੈ।

Related Post