Jalandhar News : ਜਲੰਧਰ ਕੈਂਟ ਰੇਲਵੇ ਸਟੇਸ਼ਨ ਤੇ ਉਸਾਰੀ ਦੌਰਾਨ ਡਿੱਗੀ ਕਰੇਨ, ਨੁਕਸਾਨੇ ਗਏ ਦਰਜਨਾਂ ਵਾਹਨ

Jalandhar News : ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਉਸਾਰੀ ਦੌਰਾਨ ਇੱਕ ਵੱਡੀ ਕਰੇਨ ਡਿੱਗ ਗਈ ਹੈ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ ਦਰਜਨਾਂ ਵਾਹਨ ਨੁਕਸਾਨੇ ਗਏ ਹਨ

By  Shanker Badra June 21st 2025 01:29 PM -- Updated: June 21st 2025 01:36 PM

Jalandhar News : ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਜਿੱਥੇ ਕਰੇਨ ਦੀ ਮਦਦ ਨਾਲ ਭਾਰੀ ਸਾਮਾਨ ਚੁੱਕਿਆ ਜਾ ਰਿਹਾ ਸੀ। ਇਸ ਦੌਰਾਨ ਕਰੇਨ ਨਾਲ ਭਾਰੀ ਸਾਮਾਨ ਚੁੱਕਦੇ ਸਮੇਂ ਮਸ਼ੀਨ ਵਾਹਨਾਂ 'ਤੇ ਡਿੱਗ ਗਈ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ ਦਰਜਨਾਂ ਵਾਹਨ ਨੁਕਸਾਨੇ ਗਏ ਹਨ। 

ਜਾਣਕਾਰੀ ਅਨੁਸਾਰ ਕਰੇਨ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਬਣੇ ਪਾਰਕਿੰਗ ਏਰੀਆ ਵਿੱਚ ਡਿੱਗੀ ਹੈ। ਜਿਸ ਕਾਰਨ ਦਰਜਨਾਂ ਚਾਰ ਅਤੇ ਦੋ ਪਹੀਆ ਵਾਹਨ ਉਸਦੀ ਲਪੇਟ ਵਿੱਚ ਆ ਗਏ। ਇਸ ਘਟਨਾ ਤੋਂ ਬਾਅਦ ਰੇਲਵੇ ਅਤੇ ਆਰਪੀਐਫ ਦੀਆਂ ਟੀਮਾਂ ਤੁਰੰਤ ਜਾਂਚ ਲਈ ਮੌਕੇ 'ਤੇ ਪਹੁੰਚ ਗਈਆਂ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ ਹੈ। ਇਸਦੀ ਜਾਂਚ ਤੋਂ ਬਾਅਦ ਰੇਲਵੇ ਵੱਲੋਂ ਮਾਮਲੇ ਵਿੱਚ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਲੋਕਾਂ ਦਾ ਕਹਿਣਾ ਹੈ ਕਿ ,ਜਿਸ ਖੰਭੇ ਨੂੰ 2 ਤੋਂ 3 ਕਰੇਨਾਂ ਨਾਲ ਚੁੱਕਿਆ ਜਾਣਾ ਸੀ, ਉਸ ਨੂੰ ਇੱਕ ਕਰੇਨ ਨਾਲ ਚੁੱਕਿਆ ਗਿਆ, ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਖੁਸ਼ਕਿਸਮਤੀ ਸੀ ਕਿ ਘਟਨਾ ਦੌਰਾਨ ਵਾਹਨਾਂ ਦੇ ਨੇੜੇ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਲੋਕਾਂ ਦਾ ਕਹਿਣਾ ਹੈ ਕਿ ਸਟਾਫ ਦੀਆਂ ਗੱਡੀਆਂ ਪਾਰਕਿੰਗ ਵਿੱਚ ਖੜ੍ਹੀਆਂ ਸਨ। ਹਾਦਸੇ ਵਿੱਚ ਵਾਹਨ ਨੁਕਸਾਨੇ ਗਏ। ਲੋਕਾਂ ਨੇ ਆਰੋਪ ਲਗਾਇਆ ਹੈ ਕਿ ਠੇਕੇਦਾਰ ਦੇ ਕਰਮਚਾਰੀ ਉਨ੍ਹਾਂ ਨਾਲ ਦੁਰਵਿਵਹਾਰ ਕਰ ਰਹੇ ਹਨ।

ਪਾਰਕਿੰਗ ਠੇਕੇਦਾਰ ਦਾ ਕਹਿਣਾ ਹੈ ਕਿ ਕੈਂਟ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਸੀ। ਰੇਲਵੇ ਸਟੇਸ਼ਨ 'ਤੇ ਲਗਾਏ ਜਾਣ ਵਾਲੇ ਹਿੱਸੇ ਨੂੰ 5 ਹਿੱਸਿਆਂ ਵਿੱਚ ਚੁੱਕਿਆ ਜਾਣਾ ਸੀ ਪਰ ਇਸਨੂੰ ਕਰੇਨ ਦੀ ਮਦਦ ਨਾਲ ਇੱਕੋ ਵਾਰ ਵਿੱਚ ਚੁੱਕਿਆ ਗਿਆ। ਇਸ ਘਟਨਾ ਦੌਰਾਨ ਕਰੇਨ ਦਾ ਇੱਕ ਹਿੱਸਾ ਬੈਠ ਗਿਆ ਅਤੇ ਕਰੇਨ ਸਮੇਤ ਸਾਮਾਨ ਸਿੱਧਾ ਪਾਰਕਿੰਗ ਵਿੱਚ ਖੜ੍ਹੇ ਵਾਹਨਾਂ 'ਤੇ ਡਿੱਗ ਪਿਆ। ਪਾਰਕਿੰਗ ਠੇਕੇਦਾਰ ਦਾ ਕਹਿਣਾ ਹੈ ਕਿ ਹਾਦਸੇ ਵਿੱਚ ਪਾਰਕਿੰਗ ਵਿੱਚ ਖੜ੍ਹੇ ਸਿਰਫ਼ ਦੋਪਹੀਆ ਵਾਹਨਾਂ ਨੂੰ ਹੀ ਨੁਕਸਾਨ ਪਹੁੰਚਿਆ ਹੈ। 

ਪਾਰਕਿੰਗ ਠੇਕੇਦਾਰ ਨੇ ਕਿਹਾ- ਉਕਤ ਕੰਮ ਕਰਵਾਉਣ ਵਾਲਾ ਠੇਕੇਦਾਰ ਲੁਧਿਆਣਾ ਵਿੱਚ ਹੈ। ਉਸਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਜਦੋਂ ਠੇਕੇਦਾਰ ਦੇ ਕਰਮਚਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਠੇਕੇਦਾਰ ਦੇ ਆਉਣ 'ਤੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨੂੰ ਪੂਰੀ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਜਲਦੀ ਹੀ ਇੱਕ ਟੀਮ ਜਾਂਚ ਲਈ ਘਟਨਾ ਸਥਾਨ 'ਤੇ ਪਹੁੰਚੇਗੀ। ਜਿਸ ਤੋਂ ਬਾਅਦ ਮਾਮਲੇ ਵਿੱਚ ਢੁਕਵੀਂ ਕਾਰਵਾਈ ਕੀਤੀ ਜਾਵੇਗੀ।

Related Post