Delhi Pollution: ਦੀਵਾਲੀ ਤੋਂ ਪਹਿਲਾਂ ਦਿੱਲੀ ਦੀ ਹਵਾ ਹੋਈ ਬੇਹੱਦ ਜ਼ਹਿਰੀਲੀ
Delhi Pollution: ਦੀਵਾਲੀ ਤੋਂ ਪਹਿਲਾਂ ਹੀ ਦਿੱਲੀ ਦੀ ਹਵਾ ਬੇਹੱਦ ਜ਼ਹਿਰੀਲੀ ਹੋ ਗਈ ਹੈ। ਐਤਵਾਰ ਸਵੇਰੇ ਰਾਜਧਾਨੀ ਦਾ ਸਮੁੱਚਾ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 483 ਦਰਜ ਕੀਤਾ ਗਿਆ
Delhi Pollution: ਦੀਵਾਲੀ ਤੋਂ ਪਹਿਲਾਂ ਹੀ ਦਿੱਲੀ ਦੀ ਹਵਾ ਬੇਹੱਦ ਜ਼ਹਿਰੀਲੀ ਹੋ ਗਈ ਹੈ। ਐਤਵਾਰ ਸਵੇਰੇ ਰਾਜਧਾਨੀ ਦਾ ਸਮੁੱਚਾ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 483 ਦਰਜ ਕੀਤਾ ਗਿਆ, ਜੋ ‘ਗੰਭੀਰ’ ਸ਼੍ਰੇਣੀ ਵਿੱਚ ਆਉਂਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਅਨੁਸਾਰ ਸਵੇਰੇ 8 ਵੱਜ ਕੇ 10 ਮਿੰਟ ’ਤੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਹਵਾ ਗੁਣਵੱਤਾ ਸੂਚਕ ਅੰਕ 400 ਤੋਂ ਉੱਪਰ ਦਰਜ ਕੀਤਾ ਗਿਆ।
ਹਵਾ ਦੀ ਗੁਣਵੱਤਾ ਵਿੱਚ ਇਹ ਗਿਰਾਵਟ ਅਜਿਹੇ ਸਮੇਂ ਆਈ ਹੈ ਜਦੋਂ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀਏਕਿਊਐੱਮ) ਨੇ ਸ਼ੁੱਕਰਵਾਰ ਨੂੰ ਹੀ ਦਿੱਲੀ-ਐੱਨਸੀਆਰ ਵਿੱਚ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (ਗਰੈਪ) ਦਾ ਤੀਜਾ ਪੜਾਅ ਲਾਗੂ ਕਰ ਦਿੱਤਾ ਸੀ। ਦੀਵਾਲੀ ਤੋਂ ਦੋ ਦਿਨ ਪਹਿਲਾਂ ਇਹ ਫ਼ੈਸਲਾ ਪ੍ਰਦੂਸ਼ਣ ਹੋਰ ਵਧਣ ਦੇ ਖ਼ਦਸ਼ੇ ਦੇ ਮੱਦੇਨਜ਼ਰ ਲਿਆ ਗਿਆ ਸੀ।
ਕਈ ਇਲਾਕਿਆਂ ਵਿੱਚ ਏਕਿਊਆਈ 440 ਤੋਂ ਪਾਰ
ਸੀਪੀਸੀਬੀ ਦੇ ਅੰਕੜਿਆਂ ਮੁਤਾਬਕ ਬਵਾਨਾ ਵਿੱਚ ਹਵਾ ਗੁਣਵੱਤਾ ਸੂਚਕ ਅੰਕ 446, ਪੰਜਾਬੀ ਬਾਗ ਵਿੱਚ 449 ਅਤੇ ਆਰ ਕੇ ਪੁਰਮ ਵਿੱਚ 448 ਦਰਜ ਕੀਤਾ ਗਿਆ। ਇਸੇ ਤਰ੍ਹਾਂ ਆਈਆਈਟੀ ਦਿੱਲੀ ਅਤੇ ਰੋਹਿਣੀ ਵਿੱਚ ਇਹ ਅੰਕੜਾ 445-445 ਰਿਹਾ। ਚਾਂਦਨੀ ਚੌਕ ਵਿੱਚ 420, ਪਟਪੜਗੰਜ ਵਿੱਚ 421 ਅਤੇ ਅਲੀਪੁਰ ਵਿੱਚ 413 ਏਕਿਊਆਈ ਦਰਜ ਕੀਤਾ ਗਿਆ। ਇਹ ਸਾਰੇ ਇਲਾਕੇ ‘ਗੰਭੀਰ’ ਸ਼੍ਰੇਣੀ ਵਿੱਚ ਰਹੇ।
ਦੂਜੇ ਪਾਸੇ ਆਨੰਦ ਵਿਹਾਰ ਵਿੱਚ ਏਕਿਊਆਈ 328 ਅਤੇ ਨਰੇਲਾ ਵਿੱਚ 395 ਦਰਜ ਕੀਤਾ ਗਿਆ। ਇਹ ਦੋਵੇਂ ਇਲਾਕੇ ‘ਬੇਹੱਦ ਖ਼ਰਾਬ’ ਸ਼੍ਰੇਣੀ ਵਿੱਚ ਰਹੇ। ਇੰਡੀਆ ਗੇਟ ਦੇ ਆਲੇ-ਦੁਆਲੇ ਹਵਾ ਗੁਣਵੱਤਾ ਸੂਚਕ ਅੰਕ 398 ਦਰਜ ਕੀਤਾ ਗਿਆ, ਜਦਕਿ ਅਕਸ਼ਰਧਾਮ ਮੰਦਰ ਨੇੜੇ ਇਹ ਅੰਕੜਾ 336 ਰਿਹਾ। ਦੋਵੇਂ ਥਾਵਾਂ ’ਤੇ ਹਵਾ ਦੀ ਗੁਣਵੱਤਾ ‘ਬੇਹੱਦ ਖ਼ਰਾਬ’ ਸ਼੍ਰੇਣੀ ਵਿੱਚ ਸੀ।
ਇੱਕ ਦਿਨ ਵਿੱਚ ਪ੍ਰਦੂਸ਼ਣ ਵਿੱਚ ਵੱਡਾ ਵਾਧਾ
ਸਰਦੀ ਸ਼ੁਰੂ ਹੋਣ ਦੇ ਨਾਲ ਹੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਐਤਵਾਰ ਸਵੇਰੇ ਧੁੰਦ ਦੀ ਮੋਟੀ ਪਰਤ ਛਾਈ ਰਹੀ। ਘੱਟ ਦਿਸਣਯੋਗਤਾ ਅਤੇ ਖ਼ਰਾਬ ਹਵਾ ਨੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਸ਼ਨਿਚਰਵਾਰ ਸਵੇਰੇ 8 ਵਜੇ ਦਿੱਲੀ ਦਾ ਸਮੁੱਚਾ ਏਕਿਊਆਈ 364 ਸੀ, ਜੋ ‘ਬੇਹੱਦ ਖ਼ਰਾਬ’ ਸ਼੍ਰੇਣੀ ਵਿੱਚ ਆਉਂਦਾ ਸੀ। ਇਸ ਦੇ ਮੁਕਾਬਲੇ ਐਤਵਾਰ ਸਵੇਰੇ ਇਹ ਵਧ ਕੇ 483 ਹੋ ਗਿਆ।
ਸੀਪੀਸੀਬੀ ਦੇ ਵਰਗੀਕਰਨ ਅਨੁਸਾਰ 0 ਤੋਂ 50 ਤੱਕ ਏਕਿਊਆਈ ‘ਚੰਗਾ’, 51 ਤੋਂ 100 ‘ਤਸੱਲੀਬਖ਼ਸ਼’, 101 ਤੋਂ 200 ‘ਦਰਮਿਆਨਾ’, 201 ਤੋਂ 300 ‘ਖ਼ਰਾਬ’, 301 ਤੋਂ 400 ‘ਬੇਹੱਦ ਖ਼ਰਾਬ’ ਅਤੇ 401 ਤੋਂ 500 ਤੱਕ ‘ਗੰਭੀਰ’ ਮੰਨਿਆ ਜਾਂਦਾ ਹੈ।
ਗਰੈਪ ਦੇ ਤੀਜੇ ਪੜਾਅ ਤਹਿਤ ਸਖ਼ਤ ਪਾਬੰਦੀਆਂ
ਸੀਏਕਿਊਐੱਮ ਵੱਲੋਂ ਗਰੈਪ ਦਾ ਤੀਜਾ ਪੜਾਅ ਲਾਗੂ ਕੀਤੇ ਜਾਣ ਮਗਰੋਂ ਪਹਿਲੇ ਅਤੇ ਦੂਜੇ ਪੜਾਅ ਦੀਆਂ ਪਾਬੰਦੀਆਂ ਵੀ ਜਾਰੀ ਰਹਿਣਗੀਆਂ। ਇਸ ਦੇ ਨਾਲ ਪ੍ਰਦੂਸ਼ਣ ਰੋਕਣ ਲਈ ਵਾਧੂ ਕਦਮ ਚੁੱਕੇ ਜਾਣਗੇ ਅਤੇ ਸਬੰਧਤ ਏਜੰਸੀਆਂ ਨੂੰ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਯੋਜਨਾ ਦਿੱਲੀ ਦੇ ਨਾਲ ਲੱਗਦੇ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਜ਼ਿਲ੍ਹਿਆਂ ਵਿੱਚ ਵੀ ਲਾਗੂ ਹੁੰਦੀ ਹੈ।
ਗਰੈਪ ਚਾਰ ਪੜਾਵਾਂ ਵਾਲੀ ਐਮਰਜੈਂਸੀ ਯੋਜਨਾ ਹੈ, ਜਿਸ ਨੂੰ ਸੀਏਕਿਊਐੱਮ, ਸੀਪੀਸੀਬੀ ਅਤੇ ਸਬੰਧਤ ਸੂਬਾ ਸਰਕਾਰਾਂ ਦੇ ਤਾਲਮੇਲ ਨਾਲ ਲਾਗੂ ਕੀਤਾ ਜਾਂਦਾ ਹੈ। ਹਵਾ ਦੀ ਗੁਣਵੱਤਾ ਵਿਗੜਨ ਦੇ ਨਾਲ ਇਸ ਤਹਿਤ ਪਾਬੰਦੀਆਂ ਹੋਰ ਸਖ਼ਤ ਹੁੰਦੀਆਂ ਜਾਂਦੀਆਂ ਹਨ। ਇਸ ਨੂੰ ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਮੌਸਮ ਅਤੇ ਪ੍ਰਦੂਸ਼ਣ ਸਬੰਧੀ ਅਨੁਮਾਨਾਂ ਦੇ ਆਧਾਰ ’ਤੇ ਪਹਿਲਾਂ ਹੀ ਲਾਗੂ ਕੀਤਾ ਜਾ ਸਕਦਾ ਹੈ।
ਪਹਿਲੇ ਪੜਾਅ ਵਿੱਚ ਏਕਿਊਆਈ 201 ਤੋਂ 300 ਹੋਣ ’ਤੇ ਸੜਕਾਂ ਦੀ ਧੂੜ ਘਟਾਉਣ, ਪ੍ਰਦੂਸ਼ਣ ਨਿਯਮਾਂ ਦੀ ਪਾਲਣਾ ਕਰਵਾਉਣ ਅਤੇ ਖੁੱਲ੍ਹੇ ਵਿੱਚ ਕੂੜਾ ਸਾੜਨ ’ਤੇ ਰੋਕ ਲਗਾਉਣ ਵਰਗੇ ਕਦਮ ਚੁੱਕੇ ਜਾਂਦੇ ਹਨ। ਦੂਜੇ ਪੜਾਅ ਵਿੱਚ ਏਕਿਊਆਈ 301 ਤੋਂ 400 ਹੋਣ ’ਤੇ ਧੂੜ ਰੋਕਣ ਦੇ ਉਪਾਅ ਵਧਾਏ ਜਾਂਦੇ ਹਨ, ਪਾਰਕਿੰਗ ਫੀਸ ਵਧਾਈ ਜਾਂਦੀ ਹੈ ਅਤੇ ਦਫ਼ਤਰਾਂ ਦੇ ਸਮੇਂ ਵਿੱਚ ਫੇਰਬਦਲ ਕੀਤਾ ਜਾਂਦਾ ਹੈ।
ਤੀਜੇ ਪੜਾਅ ਤਹਿਤ ਦਿੱਲੀ ਅਤੇ ਐੱਨਸੀਆਰ ਦੇ ਨਿਰਧਾਰਤ ਜ਼ਿਲ੍ਹਿਆਂ ਵਿੱਚ ਬੀਐੱਸ-3 ਪੈਟਰੋਲ ਅਤੇ ਬੀਐੱਸ-4 ਡੀਜ਼ਲ ਵਾਲੀਆਂ ਚਾਰ ਪਹੀਆ ਗੱਡੀਆਂ ਦੇ ਚੱਲਣ ’ਤੇ ਪਾਬੰਦੀ ਹੈ। ਇਸ ਤੋਂ ਇਲਾਵਾ ਪੁਰਾਣੇ ਹਲਕੇ ਅਤੇ ਦਰਮਿਆਨੇ ਮਾਲਵਾਹਕ ਵਾਹਨਾਂ ਅਤੇ ਦਿੱਲੀ ਵਿੱਚ ਰਜਿਸਟਰਡ ਨਾ ਹੋਏ ਡੀਜ਼ਲ ਵਪਾਰਕ ਵਾਹਨਾਂ ਦੀ ਆਵਾਜਾਈ ’ਤੇ ਵੀ ਸਖ਼ਤੀ ਕੀਤੀ ਗਈ ਹੈ।
ਨਿਰਮਾਣ ਕਾਰਜਾਂ ’ਤੇ ਵੀ ਰੋਕ
ਤੀਜੇ ਪੜਾਅ ਤਹਿਤ ਧੂੜ ਪੈਦਾ ਕਰਨ ਵਾਲੇ ਗ਼ੈਰ-ਜ਼ਰੂਰੀ ਨਿਰਮਾਣ ਕਾਰਜ ਬੰਦ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚ ਵੱਡੇ ਪੱਧਰ ’ਤੇ ਖੁਦਾਈ, ਮਿੱਟੀ ਪੁੱਟਣ, ਇਮਾਰਤਾਂ ਢਾਹੁਣ ਅਤੇ ਸੜਕਾਂ ਬਣਾਉਣ ਦੇ ਕੰਮ ਸ਼ਾਮਲ ਹਨ। ਜ਼ਰੂਰੀ ਪ੍ਰਾਜੈਕਟਾਂ ਨੂੰ ਸਖ਼ਤ ਧੂੜ ਕੰਟਰੋਲ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਪੱਥਰ ਤੋੜਨ ਵਾਲੀਆਂ ਮਸ਼ੀਨਾਂ ਅਤੇ ਖਣਨ ਕਾਰਜਾਂ ’ਤੇ ਵੀ ਤੁਰੰਤ ਰੋਕ ਜਾਂ ਪਾਬੰਦੀਆਂ ਲਗਾਈਆਂ ਗਈਆਂ ਹਨ। ਇਨ੍ਹਾਂ ਉਪਾਵਾਂ ਦਾ ਮਕਸਦ ਦੀਵਾਲੀ ਦੇ ਜਸ਼ਨਾਂ ਦੌਰਾਨ ਅਤੇ ਉਸ ਤੋਂ ਬਾਅਦ ਦਿੱਲੀ-ਐੱਨਸੀਆਰ ਵਿੱਚ ਪ੍ਰਦੂਸ਼ਣ ਨੂੰ ਹੋਰ ਵਧਣ ਤੋਂ ਰੋਕਣਾ ਹੈ।