ਡੇਰਾ ਮੁਖੀ ਦੀ ਸੁਨਾਰੀਆ ਜੇਲ੍ਹ 'ਚ ਵਾਪਸੀ, 40 ਦਿਨਾਂ ਦੀ ਪੈਰੋਲ ਖਤਮ, 2 ਗੀਤ ਕੀਤੇ ਰਿਲੀਜ਼

By  Jasmeet Singh November 25th 2022 10:19 AM

ਰੋਹਤਕ, 25 ਨਵੰਬਰ: ਜਬਰ ਜਨਾਹ ਅਤੇ ਕਤਲ ਦੇ ਦੋਸ਼ੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਅੱਜ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਪਰਤੇਗਾ। ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਪੂਰੀ ਹੋ ਗਈ ਹੈ। ਪੁਲਿਸ ਅੱਜ ਉਸ ਨੂੰ ਸੁਨਾਰੀਆ ਜੇਲ੍ਹ ਲੈ ਕੇ ਜਾਵੇਗੀ, ਜਿਸ ਲਈ ਜੇਲ੍ਹ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਰਾਮ ਰਹੀਮ 15 ਅਕਤੂਬਰ ਨੂੰ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਪੈਰੋਲ 'ਤੇ ਬਾਹਰ ਆਉਣ ਤੋਂ ਬਾਅਦ ਉਹ ਰੋਜ਼ਾਨਾ ਯੂਟਿਊਬ 'ਤੇ ਆਨਲਾਈਨ ਆ ਕੇ ਸਤਿਸੰਗ ਕਰਦਾ ਸੀ। ਰਾਮ ਰਹੀਮ ਦੇ ਸਤਿਸੰਗ 'ਚ ਕਈ ਨੇਤਾਵਾਂ ਨੇ ਵੀ ਸ਼ਿਰਕਤ ਕੀਤੀ ਸੀ, ਜਿਸ ਨੂੰ ਲੈ ਕੇ ਕਾਫੀ ਵਿਵਾਦ ਹੋਇਆ। ਰਾਮ ਰਹੀਮ ਨੇ ਪੈਰੋਲ 'ਤੇ ਬਾਹਰ ਆਉਣ ਤੋਂ ਬਾਅਦ ਦੋ ਗੀਤ ਵੀ ਰਿਲੀਜ਼ ਕੀਤੇ ਸਨ।

ਪੈਰੋਲ 'ਤੇ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਸੀ ਕਿ ਉਸ ਦਾ ਕੋਈ ਉਤਰਾਧਿਕਾਰੀ ਨਹੀਂ ਹੈ, ਉਹ ਡੇਰੇ ਦਾ ਮੁਖੀ ਹੈ ਅਤੇ ਰਹੇਗਾ। ਪੈਰੋਲ 'ਤੇ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਉੱਤਰ ਪ੍ਰਦੇਸ਼ ਦੇ ਬਾਗਪਤ 'ਚ ਡੇਰੇ 'ਚ ਰਹਿ ਰਿਹਾ ਹੈ। 8 ਨਵੰਬਰ ਨੂੰ ਰਾਮ ਰਹੀਮ ਅਤੇ ਉਸ ਦੇ ਪੈਰੋਕਾਰਾਂ ਨੇ ਡੇਰਾ ਸੰਸਥਾਪਕ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਅਵਤਾਰ ਦਿਹਾੜੇ ਦੇ ਮੌਕੇ 'ਤੇ ਬਾਗਪਤ 'ਚ ਵੱਡਾ ਸਮਾਗਮ ਕੀਤਾ। ਇਸ ਸਮਾਗਮ ਵਿੱਚ ਲੋਕ ਆਨਲਾਈਨ ਵੀ ਜੁੜੇ ਹੋਏ ਸਨ। ਇਸ ਵਿੱਚ ਕਈ ਭਾਜਪਾ ਆਗੂਆਂ ਦੇ ਸ਼ਾਮਲ ਹੋਣ ਕਾਰਨ ਵਿਵਾਦ ਵੀ ਹੋਇਆ ਸੀ।

ਮੈਂ ਟੀ-10 ਤੇ ਟੀ-20 ਕ੍ਰਿਕਟ ਦੀ ਸ਼ੁਰੂਆਤ ਕੀਤੀ - ਰਾਮ ਰਹੀਮ 

ਰਾਮ ਰਹੀਮ ਨੇ ਸਤਿਸੰਗ ਵਿੱਚ ਦਾਅਵਾ ਕੀਤਾ ਕਿ 24 ਸਾਲ ਪਹਿਲਾਂ ਉਸ ਨੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਜਲਾਲਾਨਾ ਵਿੱਚ ਟੀ-10 ਅਤੇ ਟੀ-20 ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ। ਰਾਮ ਰਹੀਮ ਨੇ ਕਿਹਾ ਸੀ ਕਿ ਜਦੋਂ ਮੈਂ ਇਸਨੂੰ ਸ਼ੁਰੂ ਕੀਤਾ ਸੀ ਤਾਂ ਵੱਡੇ ਖਿਡਾਰੀ ਕਹਿੰਦੇ ਸਨ ਕੀ ਇਹ ਵੀ ਕ੍ਰਿਕਟ ਹੈ? ਫਿਰ ਇਸ ਖੇਡ ਨੂੰ ਕਿਸੇ ਨੇ ਗੰਭੀਰਤਾ ਨਾਲ ਨਹੀਂ ਲਿਆ। ਕੋਈ ਵੀ ਇਸਨੂੰ ਖੇਡਣਾ ਨਹੀਂ ਚਾਹੁੰਦਾ ਸੀ। ਪਰ ਅੱਜ ਸਾਰੀ ਦੁਨੀਆਂ ਨੇ ਇਸ ਫਾਰਮੈਟ ਨੂੰ ਅਪਣਾ ਲਿਆ ਹੈ। ਰਾਮ ਰਹੀਮ ਨੇ ਕਿਹਾ ਕਿ ਅਸੀਂ ਇਸ ਗੇਮ 'ਚ ਅੱਠ ਵੀ ਰੱਖੇ ਸਨ। ਜਦੋਂ ਗੇਂਦ ਸਟੇਡੀਅਮ ਤੋਂ ਬਾਹਰ ਗਈ ਤਾਂ 8 ਦੌੜਾਂ ਹੀ ਉਪਲਬਧ ਸਨ। ਰਾਮ ਰਹੀਮ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਛੱਕੇ ਅੱਠਾਂ 'ਤੇ ਛਾਏ ਹੋਣਗੇ।

ਅਦਾਲਤ ਵੱਲੋਂ 20 ਸਾਲ ਦੀ ਸਜ਼ਾ

ਰਾਮ ਰਹੀਮ ਨੂੰ ਅਦਾਲਤ ਨੇ ਆਸ਼ਰਮ ਦੀਆਂ ਦੋ ਮਹਿਲਾ ਪੈਰੋਕਾਰਾਂ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਸੁਣਾਈ ਹੈ। ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਇਆ ਸੀ। ਰਾਮ ਰਹੀਮ ਨੂੰ 2002 'ਚ ਡੇਰਾ ਪ੍ਰਬੰਧਕ ਰਣਜੀ ਸਿੰਘ ਦੀ ਹੱਤਿਆ ਦੀ ਸਾਜ਼ਿਸ਼ ਰਚਣ ਲਈ ਵੀ ਦੋਸ਼ੀ ਠਹਿਰਾਇਆ ਗਿਆ ਸੀ। ਇਸ ਦੇ ਨਾਲ ਹੀ ਅਦਾਲਤ ਨੇ ਰਾਮ ਰਹੀਮ ਨੂੰ ਪੱਤਰਕਾਰ ਦੀ ਹੱਤਿਆ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਹੈ।

Related Post