ਰਿਸ਼ਤਿਆਂ ਦਾ ਘਾਣ : ਮਤਰੇਏ ਪੁੱਤਰ ਨੂੰ ਉਤਾਰਿਆ ਮੌਤ ਦੇ ਘਾਟ

By  Ravinder Singh December 17th 2022 05:51 PM

ਲੁਧਿਆਣਾ : ਲੁਧਿਆਣਾ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਥਾਣਾ ਸਲੇਮ ਟਾਬਰੀ ਦੇ ਘੇਰੇ ਅੰਦਰ ਪੈਂਦੇ ਭੱਟਿਆ ਇਲਾਕੇ 'ਚ ਗੁਰੂ ਕਿਰਪਾ ਕਲੋਨੀ 'ਚ ਪਿਓ ਵੱਲੋਂ ਆਪਣੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਆਸਪਾਸ ਦੇ ਲੋਕਾਂ ਦੇ ਦੱਸਣ ਮੁਤਾਬਿਕ ਬੀਤੇ ਕੁਝ ਦਿਨ ਪਹਿਲਾਂ ਪਰਿਵਾਰ 'ਚ ਪਤੀ-ਪਤਨੀ ਦੀ ਆਪਸ ਵਿਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੁੰਦੀ ਹੈ ਜਿਸ ਤੋਂ ਬਾਅਦ ਪਤਨੀ ਆਪਣੀ ਭੈਣ ਘਰ ਚਲੀ ਗਈ।



ਥਾਣਾ ਸਲੇਮ ਟਾਬਰੀ ਅਧੀਨ ਇਲਾਕੇ 'ਚ ਇਕ ਪਿਓ ਨੇ ਆਪਣੇ ਮਤਰੇਏ 20 ਸਾਲਾ ਪੁੱਤ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਪੁੱਤ ਦੀ ਲਾਸ਼ ਦੇ ਹੱਥ-ਪੈਰ ਬੰਨ੍ਹ ਕੇ ਪਲਾਸਟਿਕ ਦੇ ਡਰੱਮ ਵਿਚ ਸੁੱਟ ਦਿੱਤਾ ਤੇ ਉਸ 'ਤੇ ਸੀਮੈਂਟ ਦਾ ਪਲਸਤਰ ਵੀ ਕਰ ਦਿੱਤਾ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ।

ਮ੍ਰਿਤਕ ਦੀ ਮਾਂ ਸਵਿਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਉਸ ਨੇ ਵਿਵੇਕਾਨੰਦ ਮੰਡਲ ਉਰਫ਼ ਸੱਪੂ ਮੰਡਲ ਨਾਲ ਦੂਜਾ ਵਿਆਹ ਕਰਵਾ ਲਿਆ। ਪਹਿਲੇ ਪਤੀ ਤੋਂ ਉਸ ਦਾ ਪੁੱਤਰ ਪਿਯੂਸ਼ (20) ਸੀ, ਜੋ ਉਸ ਦੇ ਨਾਲ ਹੀ ਰਹਿੰਦਾ ਸੀ। ਉਸ ਦਾ ਮਤਰੇਏ ਪਿਓ ਨਾਲ ਝਗੜਾ ਰਹਿੰਦਾ ਸੀ। ਇਸੇ ਰੰਜਿਸ਼ ਕਾਰਨ ਉਸ ਦੇ ਪਤੀ ਨੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਮਾਂ ਨੇ ਦੱਸਿਆ ਕਿ 5 ਦਸੰਬਰ ਤੋਂ ਉਸ ਦਾ ਪੁੱਤ ਘਰੋਂ ਲਾਪਤਾ ਸੀ। ਜਦੋਂ ਉਸ ਨੇ ਇਸ ਬਾਰੇ ਪਤੀ ਨੂੰ ਪੁੱਛਿਆ ਤਾਂ ਉਹ ਉਸ ਨੂੰ ਹਰ ਵਾਰ ਗੁੰਮਰਾਹ ਕਰ ਦਿੰਦਾ ਸੀ। ਜਦੋਂ ਉਸ ਨੂੰ ਸ਼ੱਕ ਹੋਇਆ ਤਾਂ ਉਹ ਕਿਰਾਏ ਦੇ ਮਕਾਨ ਦੀ ਛੱਤ ਉਤੇ ਗਈ, ਜਿੱਥੇ ਉਸ ਨੂੰ ਇਕ ਡਰੰਮ ਮਿਲਿਆ। ਇਸ ਡਰੰਮ 'ਚੋਂ ਬਦਬੂ ਆ ਰਹੀ ਸੀ। ਉਸ ਨੇ ਆਸ-ਪਾਸ ਦੇ ਲੋਕਾਂ ਨੂੰ ਸੂਚਿਤ ਕੀਤਾ ਤਾਂ ਡਰੰਮ ਤੋੜਿਆ ਗਿਆ। ਡਰੰਮ ਅੰਦਰੋਂ ਉਸ ਦੇ ਪੁੱਤ ਦੀ ਲਾਸ਼ ਬਰਾਮਦ ਹੋਈ। ਇਸ ਤੋਂ ਬਾਅਦ ਸਾਰੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ : ਅਦਾਲਤ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਸੌਂਪੀ ਥਾਰ ਗੱਡੀ ਤੇ ਪਿਸਤੌਲ, ਬਦਲਾਅ 'ਤੇ ਲਾਈ ਪਾਬੰਦੀ

ਉਧਰ ਮੌਕੇ 'ਤੇ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏਸੀਪੀ ਮਨਿੰਦਰ ਬੇਦੀ ਨੇ ਕਿਹਾ ਕਿ 20 ਸਾਲਾ ਪਿਊਸ਼ ਨੌਜਵਾਨ ਦੀ ਡਰੰਮ 'ਚੋਂ ਲਾਸ਼  ਮਿਲੀ ਹੈ ਜਿਸਨੂੰ ਪੋਸਟਾਰਟਮ ਲਈ ਸਿਵਲ ਹਸਪਤਾਲ ਭੇਜ ਰਹੇ ਹਾਂ। ਪੁਲਿਸ ਮੁਲਜ਼ਮ ਪਿਤਾ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।

Related Post