ਢੀਂਡਸਾ ਕੋਲ ਅਨੁਸ਼ਾਸਨੀ ਕਮੇਟੀ ਦੀ ਕਾਰਵਾਈ ਰੋਕਣ ਦਾ ਅਧਿਕਾਰ ਨਹੀਂ: ਅਕਾਲੀ ਦਲ

ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਢੀਂਡਸਾ ਇਕ ਸੀਨੀਅਰ ਆਗੂ ਹਨ ਜਿਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਾਰਟੀ ਦੇ ਸਰਪ੍ਰਸਤ ਪਾਰਟੀ ਦੇ ਕਿਸੇ ਵੀ ਫੈਸਲੇ ਨੂੰ ਪਲਟ ਨਹੀਂ ਸਕਦੇ।

By  Amritpal Singh July 31st 2024 05:51 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਕੋਲ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੀ ਕਾਰਵਾਈ ਰੋਕਣ ਦਾ ਅਧਿਕਾਰ ਨਹੀਂ ਹੈ। ਅਨੁਸ਼ਾਸਨੀ ਕਮੇਟੀ ਨੇ ਬੀਤੇ ਕੱਲ੍ਹ ਪਾਰਟੀ ਵਿਰੋਧੀ ਗਤੀਵਿਧੀਆਂ ਲਈ 8 ਆਗੂਆਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਸੀ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਢੀਂਡਸਾ ਇਕ ਸੀਨੀਅਰ ਆਗੂ ਹਨ ਜਿਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਾਰਟੀ ਦੇ ਸਰਪ੍ਰਸਤ ਪਾਰਟੀ ਦੇ ਕਿਸੇ ਵੀ ਫੈਸਲੇ ਨੂੰ ਪਲਟ ਨਹੀਂ ਸਕਦੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਨਾ ਹੋਣ ਲਈ ਆਖਣ ਦੀ ਥਾਂ ’ਤੇ ਢੀਂਡਸਾ ਨੇ ਪਾਰਟੀ ਵਿਚੋਂ ਕੱਢੇ ਆਗੂਆਂ ਦੀ ਅਗਵਾਈ ਕਰਨ ਨੂੰ ਤਰਜੀਹ ਦਿੱਤੀ ਤੇ ਹੁਣ ਪਾਰਟੀ ਦੇ ਸੰਵਿਧਾਨ ਮੁਤਾਬਕ ਲਏ ਫੈਸਲਿਆਂ ਨੂੰ ਪਲਟਣ ਵਾਸਤੇ ਅਖੌਤੀ ਤਾਨਾਸ਼ਾਹ ਵਜੋਂ ਕੰਮ ਕਰ ਰਹੇ ਹਨ।

ਬਲਵਿੰਦਰ ਸਿੰਘ ਭੂੰਦੜ ਨੇ ਇਹ ਵੀ ਕਿਹਾ ਕਿ ਪਾਰਟੀ ਦੇ 8 ਆਗੂਆਂ ਖਿਲਾਫ ਕਾਰਵਾਈ ਇਸ ਕਰ ਕੇ ਕੀਤੀ ਗਈ ਹੈ ਕਿਉਂਕਿ ਉਹਨਾਂ ਨੇ 26 ਨੂੰ ਪਾਰਟੀ ਦੀ ਵਰਕਿੰਗ ਕਮੇਟੀ ਵੱਲੋਂ ਪਾਸ ਉਸ ਮਤੇ ਵੱਲ ਧਿਆਨ ਨਹੀਂ ਦਿੱਤਾ ਜਿਸ ਵਿਚ ਕਿਹਾ ਗਿਆ ਸੀ ਕਿ ਕਿਸੇ ਵੀ ਤਰੀਕੇ ਦੇ ਮਤਭੇਦ ਪਾਰਟੀ ਫੋਰਮ ’ਤੇ ਵਿਚਾਰੇ ਜਾਣ। ਉਹਨਾਂ ਕਿਹਾ ਕਿ ਕੱਢੇ ਗਏ ਆਗੂਆਂ ਨੇ ਪਾਰਟੀ ਪ੍ਰਧਾਨ ਦੀ ਪ੍ਰਵਾਨਗੀ ਤੋਂ ਬਗੈਰ ਸਮਾਂਤਰ ਸੰਗਠਨ ਖੜ੍ਹਾ ਕਰ ਕੇ ਇਹ ਸਪਸ਼ਟ ਕਰ ਦਿੱਤਾ ਸੀ ਕਿ ਉਹ ਪਾਰਟੀ ਦੇ ਖਿਲਾਫ ਕੰਮ ਕਰਨਗੇ ਅਤੇ ਉਹਨਾਂ ਦਾ ਇਕਲੌਤਾ ਮਕਸਦ ਪਾਰਟੀ ਕੇਡਰ ਨੂੰ ਗੁੰਮਰਾਹ ਕਰਨਾ ਹੈ।

Related Post