PTC News
Search
🔍 Search

ਬੈਂਗਲੁਰੂ ਚ ਡਾ. ਸਤਿੰਦਰ ਸਰਤਾਜ ਦੇ ਲਾਈਵ ਕੰਸਰਟ ਨੂੰ ਮਿਲਿਆ ਭਰਵਾਂ ਹੁੰਗਾਰਾ

Satinder Sartaaj concert : ਪੰਜਾਬੀ ਮਾਂ-ਬੋਲੀ, ਸੂਫ਼ੀ ਸੰਗੀਤ ਅਤੇ ਅਰਥਭਰਪੂਰ ਸ਼ਾਇਰੀ ਦੇ ਬਾਦਸ਼ਾਹ ਡਾ. ਸਤਿੰਦਰ ਸਰਤਾਜ ਦੇ ਬੈਂਗਲੁਰੂ ਵਿਖੇ ਹੋਏ ਲਾਈਵ ਕੰਸਰਟ 'ਦ ਫ਼ਿਲੋਸਫ਼ੀ ਆਫ਼ ਰੈਜ਼ੋਨੈਂਸ' (The Philosophy of Resonance) ਨੂੰ ਸ਼ੁੱਕਰਵਾਰ ਸ਼ਾਮ ਨੂੰ ਦਰਸ਼ਕਾਂ ਵੱਲੋਂ ਬੇਹੱਦ ਨਿੱਘਾ ਅਤੇ ਉਤਸ਼ਾਹ ਭਰਿਆ ਹੁੰਗਾਰਾ ਮਿਲਿਆ।

By  Amritpal Singh November 21st 2026 05:22 PM

Satinder Sartaaj concert : ਪੰਜਾਬੀ ਮਾਂ-ਬੋਲੀ, ਸੂਫ਼ੀ ਸੰਗੀਤ ਅਤੇ ਅਰਥਭਰਪੂਰ ਸ਼ਾਇਰੀ ਦੇ ਬਾਦਸ਼ਾਹ ਡਾ. ਸਤਿੰਦਰ ਸਰਤਾਜ ਦੇ ਬੈਂਗਲੁਰੂ ਵਿਖੇ ਹੋਏ ਲਾਈਵ ਕੰਸਰਟ 'ਦ ਫ਼ਿਲੋਸਫ਼ੀ ਆਫ਼ ਰੈਜ਼ੋਨੈਂਸ' (The Philosophy of Resonance) ਨੂੰ ਸ਼ੁੱਕਰਵਾਰ ਸ਼ਾਮ ਨੂੰ ਦਰਸ਼ਕਾਂ ਵੱਲੋਂ ਬੇਹੱਦ ਨਿੱਘਾ ਅਤੇ ਉਤਸ਼ਾਹ ਭਰਿਆ ਹੁੰਗਾਰਾ ਮਿਲਿਆ। ਰੂਹਾਨੀ ਪੰਜਾਬੀ ਸ਼ਾਇਰੀ, ਸੂਫ਼ੀ ਸੰਗੀਤ ਅਤੇ ਜੋਸ਼ੀਲੇ ਭੰਗੜੇ ਦੇ ਸੁਮੇਲ ਵਜੋਂ ਸਜਾਏ ਗਏ ਇਸ ਸਮਾਗਮ ਨੇ ਬੈਂਗਲੁਰੂ ਦੇ ਸੰਗੀਤ ਪ੍ਰੇਮੀਆਂ ਨੂੰ ਇੱਕ ਯਾਦਗਾਰ ਸ਼ਾਮ ਦਾ ਅਹਿਸਾਸ ਕਰਵਾਇਆ।


ਰੂਹਾਨੀ ਠਹਿਰਾਅ ਤੋਂ ਲੈ ਕੇ ਭੰਗੜੇ ਦੀ ਧਮਾਲ ਤੱਕ

ਸ਼ੋਅ ਦੌਰਾਨ ਮਾਹੌਲ ਬੜੀ ਖ਼ੂਬਸੂਰਤੀ ਨਾਲ ਸ਼ਾਂਤ, ਚਿੰਤਨਸ਼ੀਲ ਸੁਰਾਂ ਤੋਂ ਲੈ ਕੇ ਤੇਜ਼ ਰਫ਼ਤਾਰ ਅਤੇ ਜੋਸ਼ੀਲੇ ਗੀਤਾਂ ਵੱਲ ਵਧਦਾ ਰਿਹਾ। ਡਾ. ਸਰਤਾਜ ਦੀ ਦਮਦਾਰ ਆਵਾਜ਼ ਅਤੇ ਡੂੰਘੇ ਸ਼ੇਅਰਾਂ ਨੇ ਜਿੱਥੇ ਦਰਸ਼ਕਾਂ ਨੂੰ ਕੀਲ ਕੇ ਬਿਠਾਈ ਰੱਖਿਆ, ਉੱਥੇ ਹੀ ਉਨ੍ਹਾਂ ਦੇ ਤੇਜ਼-ਤਰਾਰ ਅਤੇ ਮਸ਼ਹੂਰ ਗੀਤਾਂ 'ਤੇ ਲੋਕ ਆਪਣੀਆਂ ਸੀਟਾਂ ਤੋਂ ਉੱਠ ਕੇ ਨੱਚਣ ਅਤੇ ਨਾਲ ਗਾਉਣ ਲਈ ਮਜਬੂਰ ਹੋ ਗਏ।


ਪੰਜਾਬੀ, ਹਿੰਦੀ ਤੇ ਉਰਦੂ ਭਾਸ਼ਾਵਾਂ ਦਾ ਖੂਬਸੂਰਤ ਸੁਮੇਲ

ਇਸ ਕੰਸਰਟ ਵਿੱਚ ਹਰ ਵਰਗ ਦੇ ਦਰਸ਼ਕ ਦੇਖਣ ਨੂੰ ਮਿਲੇ ਜਿਨ੍ਹਾਂ ਵਿੱਚ ਪੰਜਾਬੀ ਪਰਿਵਾਰਾਂ ਦੇ ਨਾਲ-ਨਾਲ ਨੌਜਵਾਨ ਪੇਸ਼ੇਵਰ (Young Professionals) ਅਤੇ ਸੂਫ਼ੀ ਤੇ ਸ਼ਾਇਰੀ ਸੰਗੀਤ ਦੇ ਕਦਰਦਾਨ ਸ਼ਾਮਲ ਸਨ। ਦਰਸ਼ਕਾਂ ਨੇ ਪੰਜਾਬੀ, ਹਿੰਦੀ ਅਤੇ ਉਰਦੂ ਵਿੱਚ ਪੇਸ਼ ਕੀਤੇ ਗਏ ਕਲਾਮਾਂ ਦਾ ਭਰਪੂਰ ਆਨੰਦ ਮਾਣਿਆ। ਜਿੱਥੇ ਸ਼ਾਂਤ ਅਤੇ ਭਾਵੁਕ ਗੀਤਾਂ ਦੌਰਾਨ ਹਾਲ ਵਿੱਚ ਪੂਰਨ ਖ਼ਾਮੋਸ਼ੀ ਛਾਈ ਰਹੀ, ਉੱਥੇ ਹੀ 'ਸੱਜਣ ਰਾਜ਼ੀ' ਅਤੇ 'ਉਡਾਰੀਆਂ' ਵਰਗੇ ਜਾਣੇ-ਪਛਾਣੇ ਗੀਤ ਸ਼ੁਰੂ ਹੁੰਦਿਆਂ ਹੀ ਪੂਰਾ ਪੰਡਾਲ ਤਾੜੀਆਂ ਅਤੇ ਗੂੰਜਾਂ ਨਾਲ ਭਰ ਗਿਆ।


ਦੇਸ਼ ਵਿਆਪੀ ਟੂਰ ਦਾ ਅਹਿਮ ਪੜਾਅ

ਜ਼ਿਕਰਯੋਗ ਹੈ ਕਿ ਇਹ ਕੰਸਰਟ ਡਾ. ਸਤਿੰਦਰ ਸਰਤਾਜ ਦੇ ਇੱਕ ਵੱਡੇ ਦੇਸ਼ ਵਿਆਪੀ ਟੂਰ ਦਾ ਹਿੱਸਾ ਹੈ, ਜੋ ਅਕਤੂਬਰ 2026 ਤੋਂ ਮਈ 2027 ਤੱਕ ਚੱਲੇਗਾ ਅਤੇ ਇਸ ਤਹਿਤ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸ਼ੋਅ ਕੀਤੇ ਜਾ ਰਹੇ ਹਨ। ਪ੍ਰਬੰਧਕਾਂ ਵੱਲੋਂ ਸ਼ਾਇਰਾਨਾ ਅੰਦਾਜ਼, ਸ਼ਾਨਦਾਰ ਵਿਜ਼ੂਅਲਜ਼ ਅਤੇ ਸਟੇਜ 'ਤੇ ਸਰਤਾਜ ਦੇ ਖ਼ਾਸ ਪਲਾਂ ਦਾ ਜੋ ਵਾਅਦਾ ਕੀਤਾ ਗਿਆ ਸੀ, ਇਹ ਸ਼ਾਮ ਉਸ 'ਤੇ ਪੂਰੀ ਤਰ੍ਹਾਂ ਖ਼ਰੀ ਉਤਰੀ ਅਤੇ ਦਰਸ਼ਕਾਂ ਨੂੰ ਸਕੂਨ ਤੇ ਜਸ਼ਨ ਦੇ ਅਹਿਸਾਸ ਨਾਲ ਭਰ ਗਈ।

Related Post