ਪਾਕਿਸਤਾਨ 'ਚ ਬੱਤੀ ਗੁਲ; ਹਨੇਰੇ 'ਚ ਡੁੱਬਿਆ ਇਸਲਾਮਾਬਾਦ ਤੋਂ ਲਾਹੌਰ ਤੇ ਕਰਾਚੀ

ਆਰਥਿਕ ਸੰਕਟ ਵਿੱਚ ਡੁੱਬਿਆ ਪਾਕਿਸਤਾਨ ਹੁਣ ਹਨੇਰੇ ਵਿੱਚ ਡੁੱਬ ਗਿਆ ਹੈ। ਪਹਿਲਾਂ ਦੇਸ਼ ਵਿੱਚ ਆਟਾ ਖਤਮ ਹੋ ਗਿਆ, ਫਿਰ ਗੈਸ ਅਤੇ ਪੈਟਰੋਲ ਦਾ ਸੰਕਟ ਛਾ ਗਿਆ ਅਤੇ ਹੁਣ ਬਿਜਲੀ ਲੁਪਤ ਹੋਣ ਦੀ ਸਥਿਤੀ ਬਣੀ ਹੋਈ ਹੈ।

By  Jasmeet Singh January 23rd 2023 05:53 PM

Pakistan Power Crisis: ਆਰਥਿਕ ਸੰਕਟ ਵਿੱਚ ਡੁੱਬਿਆ ਪਾਕਿਸਤਾਨ ਹੁਣ ਹਨੇਰੇ ਵਿੱਚ ਡੁੱਬ ਗਿਆ ਹੈ। ਪਹਿਲਾਂ ਦੇਸ਼ ਵਿੱਚ ਆਟਾ ਖਤਮ ਹੋ ਗਿਆ, ਫਿਰ ਗੈਸ ਅਤੇ ਪੈਟਰੋਲ ਦਾ ਸੰਕਟ ਛਾ ਗਿਆ ਅਤੇ ਹੁਣ ਬਿਜਲੀ ਲੁਪਤ ਹੋਣ ਦੀ ਸਥਿਤੀ ਬਣੀ ਹੋਈ ਹੈ। ਖ਼ਬਰਾਂ ਆ ਰਹੀਆਂ ਹਨ ਕਿ ਸੋਮਵਾਰ ਸਵੇਰ ਤੋਂ ਪਾਕਿਸਤਾਨ ਦਾ ਵੱਡਾ ਹਿੱਸਾ ਹਨੇਰੇ ਵਿੱਚ ਡੁੱਬਿਆ ਹੋਇਆ ਹੈ। ਕਵੇਟਾ ਅਤੇ ਗੁੱਡੂ ਵਿਚਕਾਰ ਹਾਈ-ਟੈਂਸ਼ਨ ਟਰਾਂਸਮਿਸ਼ਨ ਲਾਈਨਾਂ ਵਿੱਚ ਨੁਕਸ ਪੈਣ ਕਾਰਨ ਸੋਮਵਾਰ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਿਜਲੀ ਗੁਲ ਹੋ ਗਈ। ਪਾਕਿਸਤਾਨ ਪਹਿਲਾਂ ਹੀ ਬਿਜਲੀ ਦੀ ਕਮੀ ਅਤੇ ਲੰਬੇ ਕੱਟਾਂ ਦਾ ਸਾਹਮਣਾ ਕਰ ਰਿਹਾ ਹੈ। ਬਿਜਲੀ ਦੀ ਬੱਚਤ ਲਈ ਸਰਕਾਰ ਨੇ 8 ਵਜੇ ਬਾਜ਼ਾਰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ।

ਹੁਣ ਪਾਕਿਸਤਾਨੀ ਨਿਊਜ਼ ਵੈੱਬਸਾਈਟ 'ਦੁਨੀਆ ਨਿਊਜ਼' ਮੁਤਾਬਕ ਬਲੋਚਿਸਤਾਨ ਦੇ ਕਵੇਟਾ, ਇਸਲਾਮਾਬਾਦ, ਲਾਹੌਰ, ਮੁਲਤਾਨ ਖੇਤਰ ਦੇ ਸ਼ਹਿਰਾਂ ਅਤੇ ਕਰਾਚੀ ਵਰਗੇ ਕਈ ਜ਼ਿਲ੍ਹਿਆਂ ਸਮੇਤ 22 ਜ਼ਿਲਿਆਂ 'ਚ ਬਿਜਲੀ ਕੱਟ ਲੱਗ ਗਏ ਹਨ। ਲਾਹੌਰ ਵਿੱਚ ਮਾਲ ਰੋਡ, ਕੈਨਾਲ ਰੋਡ ਅਤੇ ਹੋਰ ਇਲਾਕਿਆਂ ਵਿੱਚ ਲੋਕ ਬਿਜਲੀ ਕੱਟ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਰਿਪੋਰਟਾਂ ਦੇ ਅਨੁਸਾਰ ਟਰਾਂਸਮਿਸ਼ਨ ਲਾਈਨਾਂ ਵਿੱਚ ਤਕਨੀਕੀ ਖਰਾਬੀ ਕਾਰਨ ਸਿੰਧ, ਖੈਬਰ ਪਖਤੂਨਖਵਾ, ਪੰਜਾਬ ਅਤੇ ਰਾਜਧਾਨੀ ਵਿੱਚ ਬੱਤੀ ਗੁਲ ਹੋ ਗਈ ਹੈ।

ਲਾਈਟ ਆਉਣ ਲਈ ਲੱਗ ਸਕਦੇ ਕਈ ਘੰਟੇ 

ਬਿਜਲੀ ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ ਕਿ ਰਾਸ਼ਟਰੀ ਗਰਿੱਡ 'ਚ ਸਵੇਰੇ 7:34 'ਤੇ ਗੜਬੜੀ ਦੀ ਸੂਚਨਾ ਮਿਲੀ। ਬਿਜਲੀ ਸਪਲਾਈ ਬਹਾਲ ਕਰਨ ਦੇ ਯਤਨ ਜਾਰੀ ਹਨ। ਬਿਜਲੀ ਬੰਦ ਹੋਣ ਕਾਰਨ ਮੈਟਰੋ ਸੇਵਾ ਵੀ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਲਾਮਾਬਾਦ ਬਿਜਲੀ ਸਪਲਾਈ ਕੰਪਨੀ ਦੇ 117 ਗਰਿੱਡ ਸਟੇਸ਼ਨਾਂ ਦੀ ਬਿਜਲੀ ਸਪਲਾਈ ਵਿੱਚ ਵੀ ਵਿਘਨ ਪਿਆ, ਜਿਸ ਨਾਲ ਪੂਰਾ ਸ਼ਹਿਰ ਅਤੇ ਰਾਵਲਪਿੰਡੀ ਹਨੇਰੇ ਵਿੱਚ ਡੁੱਬ ਗਿਆ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਬਿਜਲੀ ਮੁੜ ਆਉਣ 'ਚ ਕਈ ਘੰਟੇ ਲੱਗ ਸਕਦੇ ਹਨ।


ਮੁਸ਼ਕਲਾਂ ਦੇ ਹਨੇਰੇ ਵਿੱਚ ਡੁੱਬਿਆ ਗੁਆਂਢੀ ਮੁਲਕ

ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ਦੇ ਲੋਕ ਸੋਸ਼ਲ ਮੀਡੀਆ 'ਤੇ ਬੱਤੀ ਗੁਲ ਹੋਣ ਦੀ ਜਾਣਕਾਰੀ ਦੇ ਰਹੇ ਹਨ। ਹਨੇਰੇ ਵਿੱਚ ਡੁੱਬਿਆ ਪਾਕਿਸਤਾਨ ਪਹਿਲਾਂ ਹੀ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿੱਚ ਕਣਕ ਦੀ ਫ਼ਸਲ ਤਬਾਹ ਹੋਣ ਤੋਂ ਬਾਅਦ ਆਟਾ ਬਹੁਤ ਮਹਿੰਗਾ ਹੋ ਗਿਆ ਹੈ। ਲੋਕ ਸਿਰਫ ਆਟਾ ਹੀ ਨਹੀਂ ਸਗੋਂ ਦਾਲ ਅਤੇ ਤੇਲ ਵੀ ਖਰੀਦਣ ਲਈ ਸੰਘਰਸ਼ ਕਰ ਰਹੇ ਹਨ। ਕਈ ਮਹੀਨਿਆਂ ਤੋਂ ਬਿਜਲੀ ਸਪਲਾਈ ਦੀ ਹਾਲਤ ਖ਼ਰਾਬ ਹੈ। ਪਾਕਿਸਤਾਨ ਸਰਕਾਰ ਨੇ ਬਿਜਲੀ ਦੇ ਲੰਬੇ ਕੱਟਾਂ ਤੋਂ ਬਚਣ ਅਤੇ ਬਿਜਲੀ ਦੀ ਕਮੀ ਨਾਲ ਨਜਿੱਠਣ ਲਈ ਬਾਜ਼ਾਰਾਂ ਨੂੰ ਰਾਤ 8 ਵਜੇ ਬੰਦ ਕਰਨ ਦਾ ਹੁਕਮ ਵੀ ਜਾਰੀ ਕਰ ਦਿੱਤਾ ਹੈ।

Related Post