ਜੰਮੂ ਦੇ ਰਾਜੌਰੀ 'ਚ ਮੁੱਠਭੇੜ, ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਕੀਤਾ ਢੇਰ

Jammu Kashmir Encounter: ਜੰਮੂ ਦੇ ਰਾਜੌਰੀ ਜ਼ਿਲ੍ਹੇ ਦੇ ਦਰਸਾਲ ਇਲਾਕੇ ਵਿੱਚ ਇੱਕ ਮੁੱਠਭੇੜ ਦੀ ਖਬਰ ਸਾਹਮਣੇ ਆਈ ਹੈ,

By  Amritpal Singh June 2nd 2023 08:50 AM

Jammu Kashmir Encounter: ਜੰਮੂ ਦੇ ਰਾਜੌਰੀ ਜ਼ਿਲ੍ਹੇ ਦੇ ਦਰਸਾਲ ਇਲਾਕੇ ਵਿੱਚ ਇੱਕ ਮੁੱਠਭੇੜ ਦੀ ਖਬਰ ਸਾਹਮਣੇ ਆਈ ਹੈ, ਜਿਸ ਵਿੱਚ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਇਹ ਆਪਰੇਸ਼ਨ ਸ਼ੁੱਕਰਵਾਰ ਤੜਕੇ ਸ਼ੁਰੂ ਹੋਇਆ। ਇਸ ਦੇ ਨਾਲ ਹੀ ਦੋ ਤੋਂ ਤਿੰਨ ਅੱਤਵਾਦੀਆਂ ਦੇ ਘੇਰੇ ਜਾਣ ਦੀ ਵੀ ਖ਼ਬਰ ਹੈ। ਇਸ ਤੋਂ ਪਹਿਲਾਂ ਮਈ ਮਹੀਨੇ ਵਿੱਚ ਵੀ ਸੁਰੱਖਿਆ ਬਲਾਂ ਦਾ ਇੱਥੇ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ ਸੀ, ਜਿਸ ਵਿੱਚ ਪੰਜ ਜਵਾਨ ਸ਼ਹੀਦ ਹੋ ਗਏ ਸਨ।

ਦਰਅਸਲ ਸ਼ੁੱਕਰਵਾਰ ਤੜਕੇ ਸੁਰੱਖਿਆ ਬਲਾਂ ਨੂੰ ਰਾਜੌਰੀ ਦੇ ਦਰਸਾਲ ਇਲਾਕੇ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਤਲਾਸ਼ੀ ਮੁਹਿੰਮ ਦੌਰਾਨ ਜਦੋਂ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਆਉਂਦੇ ਦੇਖਿਆ ਤਾਂ ਉਨ੍ਹਾਂ ਨੇ ਜਵਾਨਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਅੱਤਵਾਦੀਆਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ 'ਚ 1 ਅੱਤਵਾਦੀ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।

ਇਸ ਸਾਲ ਅਮਰਨਾਥ ਯਾਤਰਾ ਲਈ ਜੰਮੂ-ਕਸ਼ਮੀਰ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਜਿਸ ਕਾਰਨ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਸ੍ਰੀਨਗਰ ਵਿੱਚ ਪੁਲਿਸ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਇਸ ਤੋਂ ਪਹਿਲਾਂ ਮਈ ਦੀ ਸ਼ੁਰੂਆਤ 'ਚ ਰਾਜੌਰੀ ਇਲਾਕੇ 'ਚ ਹੋਏ ਅੱਤਵਾਦੀ ਹਮਲੇ 'ਚ 5 ਜਵਾਨ ਸ਼ਹੀਦ ਹੋ ਗਏ ਸਨ। ਇਸ ਦੇ ਨਾਲ ਹੀ ਦੋ ਅੱਤਵਾਦੀ ਮਾਰੇ ਗਏ। ਇਸ ਹਮਲੇ ਤੋਂ ਬਾਅਦ ਰਾਜੌਰੀ ਇਲਾਕੇ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ।

ਪਿਛਲੇ ਮਹੀਨੇ ਰਾਜੌਰੀ 'ਚ ਇਹ ਹਮਲਾ ਅਜਿਹੇ ਸਮੇਂ ਹੋਇਆ ਜਦੋਂ ਪਾਕਿਸਤਾਨ, ਚੀਨ ਸਮੇਤ ਕਈ ਦੇਸ਼ਾਂ ਦੇ ਵਿਦੇਸ਼ ਮੰਤਰੀ ਐੱਸਸੀਓ ਦੀ ਬੈਠਕ ਲਈ ਭਾਰਤ 'ਚ ਮੌਜੂਦ ਸਨ। ਇਸੇ ਲਈ ਇਸ ਨੂੰ ਪਾਕਿਸਤਾਨ ਦੀ ਵੱਡੀ ਸਾਜ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਸੀ।

Related Post