ENG vs PAK Final: ਇੰਗਲੈਂਡ ਦੂਜੀ ਵਾਰ ਬਣਿਆ ਟੀ-20 ਵਿਸ਼ਵ ਚੈਂਪੀਅਨ

By  Pardeep Singh November 13th 2022 06:00 PM

ENG vs PAK T20 World Cup 2022 Final: ਮੈਲਬੋਰਨ ਵਿੱਚ ਖੇਡੇ ਗਏ T20 ਵਿਸ਼ਵ ਕੱਪ 2022 ਦੇ ਫਾਈਨਲ ਮੈਚ ਵਿੱਚ ਇੰਗਲੈਂਡ ਦੀ ਟੀਮ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਦੂਜੀ ਵਾਰ T20 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ। ਇੰਗਲੈਂਡ ਲਈ ਉਸ ਦੇ ਸਟਾਰ ਆਲਰਾਊਂਡਰ ਬੇਨ ਸਟਾਕਸ ਨੇ 49 ਗੇਂਦਾਂ 'ਤੇ 52 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਇਸ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਪਾਕਿਸਤਾਨ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ।


ਪਾਕਿਸਤਾਨ ਦੀ ਪਾਰੀ ਸ਼ੁਰੂ ਤੋਂ ਹੀ ਵਿਗੜਦੀ ਨਜ਼ਰ ਆ ਰਹੀ ਸੀ ਅਤੇ ਇੰਗਲਿਸ਼ ਗੇਂਦਬਾਜ਼ਾਂ ਨੇ ਉਨ੍ਹਾਂ 'ਤੇ ਆਪਣੀ ਪਕੜ ਬਣਾਈ ਰੱਖੀ। ਪਾਕਿ ਕਪਤਾਨ ਬਾਬਰ ਆਜ਼ਮ ਵੀ ਕੁਝ ਖਾਸ ਨਹੀਂ ਕਰ ਸਕੇ ਅਤੇ 32 ਦੌੜਾਂ ਬਣਾ ਕੇ ਆਊਟ ਹੋ ਗਏ। ਪਾਕਿਸਤਾਨ ਲਈ ਸ਼ਾਨ ਮਸੂਦ ਨੇ 38 ਦੌੜਾਂ ਬਣਾਈਆਂ।


ਇੰਗਲੈਂਡ ਦੇ ਖੱਬੇ ਹੱਥ ਦੇ ਗੇਂਦਬਾਜ਼ ਸੈਮ ਕਰਨ ਨੇ ਫਾਈਨਲ ਮੈਚ 'ਚ ਜ਼ਬਰਦਸਤ ਪ੍ਰਦਰਸ਼ਨ ਕੀਤਾ। ਉਸ ਨੇ ਆਪਣੇ ਚਾਰ ਓਵਰਾਂ ਦੇ ਸਪੈੱਲ ਵਿੱਚ ਸਿਰਫ਼ 12 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਉਸ ਦੇ ਪ੍ਰਦਰਸ਼ਨ ਦੇ ਦਮ 'ਤੇ ਪਾਕਿਸਤਾਨ ਦੀ ਟੀਮ ਨਿਰਧਾਰਤ 20 ਓਵਰਾਂ 'ਚ ਸਿਰਫ 137 ਦੌੜਾਂ ਹੀ ਬਣਾ ਸਕੀ, ਜਿਸ ਨੂੰ ਇੰਗਲੈਂਡ ਦੀ ਟੀਮ ਨੇ ਪੰਜ ਵਿਕਟਾਂ ਗੁਆ ਕੇ ਹਾਸਲ ਕਰ ਲਿਆ।

ਇਸ ਸ਼ਾਨਦਾਰ ਜਿੱਤ ਨਾਲ ਇੰਗਲੈਂਡ ਦੀ ਟੀਮ ਨੇ ਦੂਜੀ ਵਾਰ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ 'ਚ ਆਪਣਾ ਦਬਦਬਾ ਜ਼ਾਹਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇੰਗਲੈਂਡ ਨੇ ਪੌਲ ਕਾਲਿੰਗਵੁੱਡ ਦੀ ਕਪਤਾਨੀ 'ਚ ਆਸਟ੍ਰੇਲੀਆ ਨੂੰ ਹਰਾ ਕੇ 2010 'ਚ ਟੀ-20 ਵਿਸ਼ਵ ਕੱਪ ਜਿੱਤਿਆ ਸੀ।

Related Post