PTC News
Search
🔍 Search

Gold ਦਾ ਅਜੂਬਾ! 16KG ਦੇ ਦੁਨੀਆ ਦੇ ਸਭ ਤੋਂ ਭਾਰੀ ਝੁਮਕੇ ਦੇਖ ਹਰ ਕੋਈ ਰਹਿ ਗਿਆ ਹੈਰਾਨ

55 ਕਾਰੀਗਰਾਂ ਦੀ ਮਹੀਨਿਆਂ ਦੀ ਮਿਹਨਤ ਲਿਆਈ ਰੰਗ

By  Jaswinder Kaur October 26th 2026 03:20 PM

World's heaviest earrings weighing 16KG : ਭਾਰਤੀ ਅਰਬਪਤੀ ਜੌਏ ਅਲੁੱਕਾਸ ਦੀ ਜਿਊਲਰੀ ਚੇਨ 'ਜੌਏਅਲੁੱਕਾਸ' ਨੇ ਸੋਨੇ ਦੇ ਝੁਮਕਿਆਂ ਦੀ ਇੱਕ ਜੋੜੀ ਨਾਲ ਗਿਨੀਜ਼ ਵਰਲਡ ਰਿਕਾਰਡ ਦੇ ਦੋ ਰਿਕਾਰਡ ਆਪਣੇ ਨਾਂ ਕੀਤੇ ਹਨ। 16 ਕਿਲੋਗ੍ਰਾਮ ਤੋਂ ਵੱਧ ਭਾਰ ਵਾਲੇ ਇਹ ਝੁਮਕੇ ਹੁਣ ਤੱਕ ਦੇ ਸਭ ਤੋਂ ਭਾਰੇ ਅਤੇ ਸਭ ਤੋਂ ਵੱਡੇ ਝੁਮਕੇ ਹਨ।

'ਮਯੂਰ ਸਹਸ੍ਰ' (ਭਾਵ 'ਇੱਕ ਹਜ਼ਾਰ ਮੋਰ') ਨਾਂ ਦੇ ਇਨ੍ਹਾਂ ਝੁਮਕਿਆ ਨੂੰ ਸ਼ਨੀਵਾਰ ਨੂੰ ਦੁਬਈ ਗੋਲਡ ਡਿਸਟ੍ਰਿਕਟ 'ਚ ਕੰਪਨੀ ਦੇ ਨਵੇਂ ਫਲੈਗਸ਼ਿਪ ਸਟੋਰ 'ਜਿਊਲ ਆਫ਼ ਜੌਏ' 'ਚ ਲਾਂਚ ਕੀਤਾ। ਇਨ੍ਹਾਂ ਦੀ ਲਾਂਚਿੰਗ ਯੂਏਈ ਦੇ ਆਰਥਿਕਤਾ ਅਤੇ ਸੈਰ-ਸਪਾਟਾ ਮੰਤਰੀ ਅਬਦੁੱਲਾ ਬਿਨ ਤੌਕ ਅਲ ਮਰਰੀ ਨੇ ਕੀਤੀ। ਜਾਣਕਾਰੀ ਮੁਤਾਬਕ ਗਿਨੀਜ਼ ਵਰਲਡ ਰਿਕਾਰਡ ਦੇ ਇੱਕ ਨੁਮਾਇੰਦੇ ਨੇ ਗਰੁੱਪ ਦੇ ਚੇਅਰਮੈਨ ਜੌਏ ਅਲੁੱਕਾਸ ਅਤੇ ਉਨ੍ਹਾਂ ਦੇ ਪੁੱਤਰ ਤੇ ਮੁੱਖ ਕਾਰਜਕਾਰੀ ਅਧਿਕਾਰੀ ਜੌਨ ਪੌਲ ਅਲੁੱਕਾਸ ਨੂੰ ਸਭ ਤੋਂ ਭਰੇ ਅਤੇ ਸਭ ਤੋਂ ਵੱਡੇ ਸੋਨੇ ਦੇ ਝੁਮਕਿਆ ਦੇ ਸਰਟੀਫਿਕੇਟ ਸੌਂਪੇ।

ਇਹ ਵੀ ਪੜ੍ਹੋ : 

Gold Silver Price : ਸੋਨੇ ਦੀਆਂ ਕੀਮਤਾਂ 'ਚ ਤੇਜ਼ੀ, ਚਾਂਦੀ ਡਿੱਗੀ, ਜਾਣੋ ਕੀ ਹੋਰ ਡਿੱਗਣਗੀਆਂ ਕੀਮਤਾਂ ?

ਇਹ ਝੁਮਕੇ 22 ਕੈਰੇਟ ਸੋਨੇ ਨਾਲ ਬਣਾਏ ਗਏ ਹਨ ਅਤੇ ਇਨ੍ਹਾਂ 'ਚ ਕੁੱਲ 16.514 ਕਿਲੋਗ੍ਰਾਮ ਸੋਨਾ ਵਰਤਿਆ ਗਿਆ ਹੈ। ਇਨ੍ਹਾਂ ਦੀ ਲੰਬਾਈ 1.215 ਮੀਟਰ ਅਤੇ ਵਿਆਸ 0.682 ਮੀਟਰ ਹੈ। 55 ਕਾਰੀਗਰਾਂ ਨੇ ਕਈ ਮਹੀਨਿਆਂ ਤੱਕ 5,840 ਘੰਟੇ ਲਗਾ ਕੇ ਇਨ੍ਹਾਂ ਨੂੰ ਆਪਣੇ ਹੱਥਾਂ ਨਾਲ ਤਿਆਰ ਕੀਤਾ ਹੈ।

ਇਨ੍ਹਾਂ ਝੁਮਕਿਆ ਦਾ ਡਿਜ਼ਾਈਨ ਮੋਰ ਤੋਂ ਪ੍ਰੇਰਿਤ ਹੈ ਅਤੇ ਇਨ੍ਹਾਂ ਨੂੰ ਦੱਖਣੀ ਏਸ਼ੀਆਈ ਦੁਲਹਨਾਂ ਦੇ ਗਹਿਣਿਆਂ 'ਚ ਦਿਖਾਈ ਦੇਣ ਵਾਲੇ 'ਝੁਮਕੇ' (ਘੰਟੀ ਦੇ ਆਕਾਰ ਵਾਲੇ ਗਹਿਣੇ) ਦੀ ਸ਼ੈਲੀ 'ਚ ਬਣਾਇਆ ਗਿਆ ਹੈ। ਦੱਸ ਦੇਈਏ ਕਿ ਗਿਨੀਜ਼ ਵਰਲਡ ਰਿਕਾਰਡ ਮੁਤਾਬਕ 12 ਅਕਤੂਬਰ ਨੂੰ ਦੁਬਈ 'ਚ ਇਨ੍ਹਾਂ ਦੇ ਭਾਰ ਨੂੰ ਪ੍ਰਮਾਣਿਤ ਕੀਤਾ ਗਿਆ ਸੀ।

ਹਾਲਾਂਕਿ, ਜੌਏਅਲੁੱਕਾਸ ਨੇ ਦੱਸਿਆ ਕਿ ਇਹ ਝੁਮਕੇ ਵਿਕਰੀ ਲਈ ਨਹੀਂ ਹਨ। ਇਨ੍ਹਾਂ ਨੂੰ 'ਜਿਊਲ ਆਫ਼ ਜੌਏ' ਸਟੋਰ 'ਚ ਹਮੇਸ਼ਾ ਲਈ ਲੋਕਾਂ ਦੇ ਦੇਖਣ ਵਾਸਤੇ ਰੱਖਿਆ ਜਾਵੇਗਾ। ਇਹ ਸਟੋਰ ਰੋਜ਼ਾਨਾ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ ਅਤੇ ਇੱਥੇ ਦਾਖ਼ਲਾ ਮੁਫ਼ਤ ਹੈ। ਕੰਪਨੀ ਨੇ ਇਨ੍ਹਾਂ ਝੁਮਕਿਆ ਦੀ ਕੋਈ ਕੀਮਤ ਨਹੀਂ ਦੱਸੀ ਹੈ। ਦੁਬਈ 'ਚ 24 ਕੈਰੇਟ ਸੋਨੇ ਦੀ ਪ੍ਰਚੂਨ ਕੀਮਤ ਲਗਪਗ 481 ਦਿਰਹਮ (131 ਡਾਲਰ) ਪ੍ਰਤੀ ਗ੍ਰਾਮ ਸੀ। ਇਸ ਹਿਸਾਬ ਨਾਲ ਕਾਰੀਗਰੀ ਦੇ ਖ਼ਰਚ ਨੂੰ ਛੱਡ ਦਿੱਤਾ ਜਾਵੇ ਤਾਂ ਸਿਰਫ਼ ਇਨ੍ਹਾਂ 'ਚ ਵਰਤੇ ਗਏ ਸੋਨੇ ਦੀ ਕੀਮਤ ਹੀ ਲਗਪਗ 20 ਲੱਖ ਡਾਲਰ ਬਣਦੀ ਹੈ, ਜੋ ਭਾਰਤੀ ਕਰੰਸੀ 'ਚ ਕਰੀਬ 19 ਕਰੋੜ ਰੁਪਏ ਹੈ।

ਇਹ ਲਾਂਚਿੰਗ ਜੌਏਅਲੁੱਕਾਸ ਵੱਲੋਂ 'ਜਿਊਲ ਆਫ਼ ਜੌਏ' ਨਾਂ ਦਾ 25,000 ਵਰਗ ਫੁੱਟ ਦਾ ਸ਼ੋਅਰੂਮ ਖੋਲ੍ਹਣ ਤੋਂ ਕੁਝ ਦਿਨਾਂ ਬਾਅਦ ਕੀਤੀ ਗਈ ਹੈ। ਕੰਪਨੀ ਇਸ ਨੂੰ ਮੱਧ ਪੂਰਬ ਦਾ ਸਭ ਤੋਂ ਵੱਡਾ ਗਹਿਣਿਆਂ ਦਾ ਸਟੋਰ ਦੱਸਦੀ ਹੈ। ਦੁਬਈ ਅਤੇ ਦੱਖਣੀ ਭਾਰਤੀ ਸੂਬੇ ਕੇਰਲ ਦੇ ਤ੍ਰਿਸ਼ੂਰ 'ਚ ਸਥਿਤ ਇਹ ਗਰੁੱਪ 13 ਦੇਸ਼ਾਂ 'ਚ 200 ਤੋਂ ਵੱਧ ਸ਼ੋਅਰੂਮ ਚਲਾਉਂਦਾ ਹੈ।

ਜੌਏ ਅਲੁੱਕਾਸ ਨੇ ਖਾੜੀ ਦੇਸ਼ਾਂ ਤੋਂ ਸ਼ੁਰੂਆਤ ਕਰਦਿਆਂ ਕਾਰੋਬਾਰ ਦੇ ਵਿਦੇਸ਼ੀ ਹਿੱਸੇ ਦੀ ਕਮਾਨ ਸੰਭਾਲੀ ਅਤੇ ਬਾਅਦ 'ਚ 2001 'ਚ 'ਜੌਏ ਅਲੁੱਕਾਸ ਜਿਊਲਰੀ' ਦੀ ਸਥਾਪਨਾ ਕੀਤੀ। ਉਨ੍ਹਾਂ ਦੀ ਕੁੱਲ ਜਾਇਦਾਦ ਲਗਪਗ 5.4 ਅਰਬ ਡਾਲਰ ਅਨੁਮਾਨੀ ਗਈ ਹੈ। ਇਸ ਦੇ ਆਧਾਰ 'ਤੇ ਉਹ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ 52ਵੇਂ ਸਥਾਨ 'ਤੇ ਅਤੇ ਕੇਰਲ ਦੇ ਕਾਰੋਬਾਰੀਆਂ 'ਚ ਤੀਜੇ ਸਥਾਨ 'ਤੇ ਹਨ।



















Related Post