Exclusive: ਚੰਡੀਗੜ੍ਹ ਦੇ RBI ਦਫ਼ਤਰ ਬਾਹਰ ਧੜੱਲੇ ਨਾਲ ਚੱਲ ਰਿਹਾ 2000 ਦੇ ਨੋਟ ਬਦਲਣ ਦਾ ਗੋਰਖਧੰਦਾ

By  Jasmeet Singh February 3rd 2024 07:05 PM

ਜਸਮੀਤ ਸਿੰਘ: ਜੇਕਰ ਤੁਹਾਡੇ ਕੋਲ ਹੁਣ ਵੀ 2000 ਦੇ ਨੋਟ ਰਹਿ ਗਏ ਹਨ ਅਤੇ ਤੁਸੀਂ ਇਨ੍ਹਾਂ ਨੂੰ ਬਿਨ੍ਹਾਂ ਦਫ਼ਤਰੀ ਖੱਜਲ-ਖੁਆਰੀ ਤੋਂ ਬਦਲਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਚੰਡੀਗੜ੍ਹ ਦੇ ਸੈਕਟਰ 17 ਸਥਿਤ ਭਾਰਤੀ ਰਿਜ਼ਰਵ ਬੈਂਕ (Reserve Bank of India) ਦੇ ਖੇਤਰੀ ਦਫ਼ਤਰ ਪਹੁੰਚ ਕਰਨੀ ਚਾਹੀਦੀ ਹੈ। ਪਰ ਧਿਆਨ ਰਹੇ ਕਿ ਦਫ਼ਤਰ ਦੇ ਅੰਦਰ ਜਾਣ ਦੀ ਲੋੜ ਨਹੀਂ। RBI ਦੇ ਦਫ਼ਤਰ ਦੇ ਬਾਹਰ ਲੱਗੀ ਲੰਮੀ ਕਤਾਰ ਨੂੰ ਵੇਖ ਕੇ ਤਾਂ ਉਂਝ ਹੀ ਜ਼ਿਆਦਾ ਲੋਕਾਂ ਦੇ ਹੌਂਸਲੇ ਟੁੱਟ ਵੀ ਜਾਣਗੇ।

ਇਹ ਵੀ ਪੜ੍ਹੋ: ਰਾਜਪਾਲ ਪੰਜਾਬ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ, ਦੱਸਿਆ ਇਹ ਕਾਰਨ

20% ਕਮਿਸ਼ਨ ਬਿਨ੍ਹਾਂ ਦਸਤਾਵੇਜ਼ਾਂ ਦੇ ਬਦਲਵਾਓ 2000 ਦੇ ਨੋਟ 

ਉਸ ਵੇਲੇ ਤੁਹਾਡੀ ਸਹਾਇਤਾ ਲਈ ਉੱਥੇ ਖੜੇ ਏਜੰਟ ਸੁਤੇ-ਸਿੱਧ ਹੀ ਤੁਹਾਡੇ ਤੱਕ ਪਹੁੰਚ ਕਰ ਲੈਣਗੇ। ਜਿੱਥੇ RBI ਦੇ ਦਫ਼ਤਰ 'ਚ ਤੁਹਾਨੂੰ ਆਪਣਾ ਅਧਾਰ ਕਾਰਡ, ਪੈਨ ਕਾਰਡ ਅਤੇ ਪਾਸਬੁੱਕ ਦੀ ਕਾਪੀ ਦੇਣ ਬਦਲੇ 20,000 ਰੁਪਏ ਤੱਕ ਦੇ ਨੋਟ ਬਦਲਣ ਦਾ ਮੌਕਾ ਮਿਲਦਾ ਹੈ। ਉੱਥੇ ਹੀ ਇਨ੍ਹਾਂ ਏਜੰਟਾਂ ਦੀ ਮਦਦ ਨਾਲ ਮਹਿਜ਼ 20% ਦੀ ਕਮਿਸ਼ਨ ਅਦਾਇਗੀ ਕਰਨ ਉਪ੍ਰੰਤ ਤੁਹਾਨੂੰ 40,000 ਅਤੇ ਇਸਤੋਂ ਹੋਰ ਵੱਧ ਕੀਮਤ ਦੀ ਰਕਮ ਬੜੀ ਹੀ ਆਸਾਨੀ ਨਾਲ ਬਦਲ ਦਿੱਤੀ ਜਾਂਦੀ ਹੈ। ਹਾਲਾਂਕਿ ਇਹ ਗੈਰ-ਕਾਨੂੰਨੀ ਹੈ, ਕਿਉਂਕਿ ਇਸ ਨਾਲ ਪਹਿਲਾਂ ਤਾਂ RBI ਨੂੰ ਲੱਖਾਂ-ਕਰੋੜਾਂ ਦਾ ਚੂਨਾ ਲੱਗ ਰਿਹਾ ਹੈ। ਦੂਜਾ, ਇੱਕ ਜ਼ਰੂਰੀ ਸਵਾਲ ਇਹ ਵੀ ਹੈ ਕਿ, ਇਨ੍ਹਾਂ ਏਜੰਟਾਂ ਕੋਲ ਇੰਨਾ ਪੈਸਾ ਆ ਕਿਥੋਂ ਰਿਹਾ ਹੈ? ਕਿਉਂਕਿ ਅੰਤ ਵਿੱਚ ਇਹ 2000 ਨੋਟ ਏਜੰਟਾਂ ਲਈ ਤਾਂ ਉਂਝ ਹੀ ਰੱਦੀ ਹਨ, ਜਿਵੇਂ ਕਿਸੇ ਆਮ ਇਨਸਾਨ ਲਈ, ਜੋ ਇੱਕ ਵੱਡੇ ਘਪਲੇ (Scam) ਵੱਲ ਨੂੰ ਇਸ਼ਾਰਾ ਕਰਦੇ ਹਨ। 

ਚੰਡੀਗੜ੍ਹ ਦੇ ਨਾਗਰਿਕ ਨੇ ਦੱਸੀ ਆਪ ਬੀਤੀ 

ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਚੰਡੀਗੜ੍ਹ ਦੇ ਇੱਕ ਨਾਗਰਿਕ ਨੇ ਕਿਹਾ, "ਮੇਰੇ ਘਰੇ 40 ਹਜ਼ਾਰ ਰੁਪਏ ਪਏ ਸਨ, ਜੋ ਕਿ ਸਾਰੇ ਹੀ 2000 ਦੇ ਨੋਟ ਸਨ। ਜਦੋਂ ਮੈਂ ਚੰਡੀਗੜ੍ਹ ਦੇ ਸੈਕਟਰ 17 ਸਥਿਤ RBI ਦੇ ਖੇਤਰੀ ਦਫਤਰ ਪਹੁੰਚਿਆ ਤਾਂ ਮੈਂ ਦਫ਼ਤਰ ਦੇ ਬਾਹਰ ਲੰਮੀ ਕਤਾਰ ਵੇਖ ਹੈਰਾਨ ਰਹਿ ਗਿਆ। ਗਾਰਡ ਨੇ ਮੈਨੂੰ ਕਿਹਾ ਕਿ ਲੋਕ ਤੜਕੇ 3 ਵਜੇ ਹੀ ਇੱਥੇ ਪਹੁੰਚ ਜਾਂਦੇ ਨੇ, ਸੋ ਤੁਹਾਨੂੰ ਵੀ ਉਨ੍ਹੇ ਹੀ ਵਜ੍ਹੇ ਆਉਣਾ ਪਵੇਗਾ ਤਾਂ ਤੁਹਾਡੀ ਸਵੇਰੇ 10-11 ਵਜੇ ਤੱਕ ਵਾਰੀ ਆਵੇਗੀ।"

ਉਨ੍ਹਾਂ ਅੱਗੇ ਕਿਹਾ, "ਇੰਨੀ ਦੇਰ 'ਚ ਜਦੋਂ ਮੈਂ ਨਿਰਾਸ਼ ਹੋ ਆਪਣੀ ਗੱਡੀ ਵੱਲ ਜਾਣ ਲੱਗਾ, ਸਾਡੇ ਕੋਲ ਉੱਥੇ ਖਲੋਤਾ ਇੱਕ ਏਜੰਟ ਆ ਗਿਆ, ਜਿਸਨੇ ਬਿਨ੍ਹਾਂ ਕਿਸੇ ਦਸਤਾਵੇਜ਼ ਦੇ ਤੁਰੰਤ ਹੀ 40 ਹਜ਼ਾਰ ਰੁਪਏ ਬਦਲਣ ਦਾ ਮੌਕਾ ਸਾਹਮਣੇ ਰੱਖ ਦਿੱਤਾ। ਆਪਣੀ ਇਸ ਖ਼ਾਸ ਗੈਰ-ਕਾਨੂੰਨੀ ਸਰਵਿਸ ਬਦਲੇ ਉਸ ਨੇ 20 ਫ਼ੀਸਦੀ ਕਮਿਸ਼ਨ ਦੀ ਮੰਗ ਕੀਤੀ। ਉਸ ਨਾਲ ਸਹਿਮਤੀ ਨਾ ਬਣਨ 'ਤੇ ਇੱਕ ਹੋਰ ਮਹਿਲਾ ਏਜੰਟ ਨੇ ਸਾਡੇ ਤੱਕ ਪਹੁੰਚ ਕੀਤੀ ਅਤੇ ਉਸਨੇ 15% ਕਮਿਸ਼ਨ 'ਤੇ ਸਾਡੇ ਸਾਰੇ ਨੋਟ ਬਦਲ ਕੇ ਉਸੇ ਵੇਲੇ ਸਾਡੇ ਹੱਥ ਵਿੱਚ ਥਮਾ ਦਿੱਤੇ।"

ਇਹ ਵੀ ਪੜ੍ਹੋ: ਭਗਵਾਨ ਰਾਮ, ਮਾਤਾ ਸੀਤਾ ਅਤੇ ਰਾਵਣ ਬਾਰੇ ਨਾਟਕ ਵਿੱਚ ਇਤਰਾਜ਼ਯੋਗ ਦ੍ਰਿਸ਼, ਕਈ ਵਿਦਿਆਰਥੀ ਗ੍ਰਿਫ਼ਤਾਰ

ਧਾਰਮਿਕ ਅਸਥਾਨਾਂ ਲਈ ਦਲਾਲਾਂ ਦਾ ਸਪੈਸ਼ਲ ਡਿਸਕਾਊਂਟ

ਇੰਨਾ ਹੀ ਨਹੀਂ, ਇਨ੍ਹਾਂ ਏਜੰਟਾਂ ਵੱਲੋਂ ਧਾਰਮਿਕ ਅਸਥਾਨਾਂ ਤੋਂ ਆਉਣ ਵਾਲਿਆਂ ਲਈ ਸਪੈਸ਼ਲ ਆਫ਼ਰ ਵੀ ਚੱਲ ਰਿਹਾ ਹੈ।

ਚੰਡੀਗੜ੍ਹ ਦੀ ਇੱਕ ਧਾਰਮਿਕ ਸੰਸਥਾ ਨਾਲ ਜੁੜੇ ਪਵਿੱਤਰ ਸਿੰਘ (ਨਾਮ ਬਦਲਿਆ ਹੋਇਆ) ਨੇ ਦੱਸਿਆ ਕਿ, "ਮੇਰੇ ਕੋਲ ਕਿਸੇ ਸ਼ਰਧਾਲੂ ਵੱਲੋਂ 2000 ਰੁਪਏ ਦਾ ਨੋਟ ਆਇਆ ਤਾਂ ਮੈਂ ਉਸਨੂੰ ਬਦਲਵਾਉਣ ਲਈ ਆਪਣੇ ਸਾਰੇ ਦਸਤਾਵੇਜ਼ਾਂ ਨਾਲ ਚੰਡੀਗੜ੍ਹ ਦੇ RBI ਦੇ ਖੇਤਰ ਦਫਤਰ ਪਹੁੰਚਿਆ ਪਰ ਲੰਮੀਆਂ ਕਤਾਰਾਂ 'ਚ ਸਵੇਰ ਤੋਂ ਸ਼ਾਮ ਤੱਕ ਖੜਨਾਂ ਮੇਰੇ ਲਈ ਸੰਭਵ ਨਹੀਂ ਸੀ।"

ਉਨ੍ਹਾਂ ਕਿਹਾ, "ਅਜੇ ਮੈਂ ਪਹੁੰਚਿਆ ਹੀ ਸੀ ਕਿ ਇੱਕ ਦਲਾਲ ਮੇਰੇ ਕੋਲ ਆਇਆ ਅਤੇ 20% ਕਮਿਸ਼ਨ ਦੇ ਬਦਲੇ ਮੈਨੂੰ ਨੋਟ ਬਦਲਣ ਦਾ ਆਫ਼ਰ ਦਿੱਤਾ ਤਾਂ ਮੈਂ ਉਸਨੂੰ ਕਿਹਾ ਵੀ ਇਹ ਸੰਗਤ ਦੇ ਪੈਸੇ ਹਨ ਤਾਂ ਉਸਨੇ ਤੁਰੰਤ ਹੀ 400 ਰੁਪਏ ਦੀ ਥਾਂ 300 ਰੁਪਏ 'ਚ ਨੋਟ ਬਦਲਣ ਦਾ ਆਫ਼ਰ ਮੇਰੇ ਸਾਹਮਣੇ ਰੱਖ ਦਿੱਤਾ। ਮੈਂ ਅੱਗੇ ਹੋਰ ਕਮਿਸ਼ਨ ਘਟਾਉਣ ਦੀ ਕੋਸ਼ਿਸ਼ ਕੀਤੀ ਪਰ ਉਸਦਾ ਕਹਿਣਾ ਸੀ ਕਿ ਇਸਤੋਂ ਘੱਟ ਨਹੀਂ ਹੋ ਸਕਦਾ, ਕਿਉਂਕਿ ਉਸਨੂੰ ਅੱਗੇ ਜਵਾਬ ਦੇਣਾ ਔਖਾ ਹੋ ਜਾਵੇਗਾ। ਤਾਂ ਫਿਰ ਮੈਂ ਓਨੇ 'ਚ ਉਸ ਨਾਲ ਸੌਦਾ ਕਰ ਲਿਆ।"

ਪ੍ਰਸ਼ਾਸਨਿਕ ਕਾਰਵਾਈ ਦੀ ਹੈ ਫੌਰੀ ਲੋੜ

ਹੁਣ ਇੱਕ ਵੱਡਾ ਸਵਾਲ ਇਹ ਹੈ ਕਿ ਉਹ ਲੋਕ ਕੌਣ ਹਨ, ਜਿਸਨੂੰ ਇਸ ਦਲਾਲ ਨੇ ਜਵਾਬ ਦੇਣਾ ਸੀ, ਜ਼ਾਹਿਰ ਤੌਰ 'ਤੇ ਇਹ ਕੰਮ-ਕਾਜ ਇੱਕ ਵੱਡੇ ਘਪਲੇ ਦੇ ਤੌਰ 'ਤੇ ਚੱਲ ਰਿਹਾ ਹੈ ਅਤੇ ਕੇਂਦਰੀ ਏਜੰਸੀਆਂ ਅਤੇ ਪੁਲਿਸ ਨੂੰ ਚਾਹੀਦਾ ਹੈ ਕਿ ਇਸ ਨਾਲ ਜਲਦ ਤੋਂ ਜਲਦ ਨਜਿੱਠਿਆ ਜਾਵੇ ਨਹੀਂ ਤਾਂ RBI ਨੂੰ ਇੰਝ ਹੀ ਚੂਨਾ ਲੱਗਦਾ ਰਹੇਗਾ। 

RBI ਨੇ ਆਪਣੇ ਬਿਆਨ 'ਚ ਕਿਹਾ..... 

ਭਾਰਤੀ ਰਿਜ਼ਰਵ ਬੈਂਕ ਨੇ 1 ਫਰਵਰੀ ਨੂੰ ਕਿਹਾ ਕਿ 19 ਮਈ 2023 ਤੱਕ ਚੱਲ ਰਹੇ 2,000 ਰੁਪਏ ਦੇ ਕਰੰਸੀ ਨੋਟਾਂ ਵਿੱਚੋਂ 97.50 ਪ੍ਰਤੀਸ਼ਤ ਬੈਂਕਿੰਗ ਪ੍ਰਣਾਲੀ ਵਿੱਚ ਵਾਪਸ ਆ ਗਏ ਹਨ। ਅਜਿਹੇ ਬੈਂਕ ਨੋਟਾਂ ਦੀ ਕੁੱਲ ਕੀਮਤ 31 ਜਨਵਰੀ 2024 ਨੂੰ ਕਾਰੋਬਾਰ ਦੀ ਸਮਾਪਤੀ 'ਤੇ ਘੱਟ ਕੇ 8,897 ਕਰੋੜ ਰੁਪਏ ਰਹਿ ਗਈ, ਜੋ ਕਿ 19 ਮਈ 2023 ਨੂੰ ਕਾਰੋਬਾਰ ਦੀ ਸਮਾਪਤੀ 'ਤੇ 3.56 ਲੱਖ ਕਰੋੜ ਰੁਪਏ ਸੀ। ਜਦੋਂ ਸਰਕਾਰ ਨੇ 2,000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। 

ਕੇਂਦਰੀ ਬੈਂਕ ਨੇ ਆਪਣੀ ਕਲੀਨ ਨੋਟ ਨੀਤੀ ਦੇ ਹਿੱਸੇ ਵਜੋਂ ਉੱਚ-ਮੁੱਲ ਵਾਲੇ ਬੈਂਕ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਹੈ। 7 ਅਕਤੂਬਰ 2023 ਤੱਕ 2,000 ਰੁਪਏ ਦੇ ਬੈਂਕ ਨੋਟਾਂ ਨੂੰ ਜਮ੍ਹਾ ਕਰਨ ਅਤੇ/ਜਾਂ ਬਦਲੇ ਜਾਣ ਦੀ ਸਹੂਲਤ ਦੇਸ਼ ਦੀਆਂ ਸਾਰੀਆਂ ਬੈਂਕ ਸ਼ਾਖਾਵਾਂ ਵਿੱਚ ਉਪਲਬਧ ਸੀ। ਪਰ ਹੁਣ 2,000 ਰੁਪਏ ਦੇ ਨੋਟਾਂ ਨੂੰ ਬਦਲਣ ਦੀ ਸਹੂਲਤ ਪੂਰੇ ਦੇਸ਼ ਦੇ ਚੋਣਵੇਂ ਰਿਜ਼ਰਵ ਬੈਂਕ ਦੇ ਦਫ਼ਤਰਾਂ ਵਿੱਚ ਹੀ ਉਪਲਬਧ ਹੈ।

Related Post