1984 ਦੇ ਪੀੜਤ ਪਰਿਵਾਰਾਂ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਨਾਲ ਕੀਤੀ ਮੁਲਾਕਾਤ; ਦੰਗਾ ਸ਼ਬਦ ਦੀ ਵਰਤੋਂ ਤੇ ਜਤਾਇਆ ਇਤਰਾਜ਼
1984 Delhi Sikh Katleaam : ਭਾਵੁਕ ਮੁਲਾਕਾਤ ਦੌਰਾਨ ਪੀੜਤ ਪਰਿਵਾਰਾਂ ਨੇ ਆਪਣੇ ਦਰਦ ਨੂੰ ਬਿਆਨ ਕਰਦਿਆਂ ਜਥੇਦਾਰ ਸਾਹਿਬ ਅੱਗੇ ਮੰਗ ਰੱਖੀ ਕਿ 1984 ਵਿੱਚ ਸਿੱਖਾਂ ਨਾਲ ਜੋ ਹੋਇਆ, ਉਸਨੂੰ 'ਦੰਗਾ' ਕਹਿਣਾ ਬੰਦ ਕਰਕੇ ਅਧਿਕਾਰਤ ਤੌਰ 'ਤੇ 'ਕਤਲੇਆਮ' (Genocide) ਘੋਸ਼ਿਤ ਕੀਤਾ ਜਾਵੇ।
1984 Delhi Sikh Katleaam : 1984 ਦੇ ਦਿੱਲੀ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਇੱਕ ਵਫ਼ਦ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੁੜਗੱਜ (Jathedar Kuldeep Singh Gargajj) ਨਾਲ ਮੁਲਾਕਾਤ ਕੀਤੀ। ਇਸ ਭਾਵੁਕ ਮੁਲਾਕਾਤ ਦੌਰਾਨ ਪੀੜਤ ਪਰਿਵਾਰਾਂ ਨੇ ਆਪਣੇ ਦਰਦ ਨੂੰ ਬਿਆਨ ਕਰਦਿਆਂ ਜਥੇਦਾਰ ਸਾਹਿਬ ਅੱਗੇ ਮੰਗ ਰੱਖੀ ਕਿ 1984 ਵਿੱਚ ਸਿੱਖਾਂ ਨਾਲ ਜੋ ਹੋਇਆ, ਉਸਨੂੰ 'ਦੰਗਾ' ਕਹਿਣਾ ਬੰਦ ਕਰਕੇ ਅਧਿਕਾਰਤ ਤੌਰ 'ਤੇ 'ਕਤਲੇਆਮ' (Genocide) ਘੋਸ਼ਿਤ ਕੀਤਾ ਜਾਵੇ। ਪੀੜਤ ਪਰਿਵਾਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ 41 ਸਾਲਾਂ ਤੋਂ ਉਹ ਇਸ ਨਾਮੁਰਾਦ ਦੁਖਾਂਤ ਦਾ ਸੰਤਾਪ ਹੰਢਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਆਪਣੇ ਪਿਤਾ, ਨਾਨਾ ਅਤੇ ਮਾਸੂਮ ਬੱਚਿਆਂ ਨੂੰ ਮਰਦੇ ਦੇਖਿਆ ਹੈ। ਉਨ੍ਹਾਂ ਅਫ਼ਸੋਸ ਜਤਾਇਆ ਕਿ ਅੱਜ ਵੀ ਦਿੱਲੀ ਕਮੇਟੀ ਦੇ ਕਈ ਮੈਂਬਰ ਅਤੇ ਹੋਰ ਲੋਕ ਇਸ ਘਟਨਾ ਲਈ 'ਦੰਗਾ' ਸ਼ਬਦ ਦੀ ਵਰਤੋਂ ਕਰਦੇ ਹਨ, ਜਦਕਿ ਇਹ ਸਿੱਧੇ ਤੌਰ 'ਤੇ ਇੱਕਪਾਸੜ ਨਸਲਕੁਸ਼ੀ ਸੀ।
ਵਫ਼ਦ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਨ ਤੋਂ ਬਾਅਦ ਜਥੇਦਾਰ ਕੁਲਦੀਪ ਸਿੰਘ ਨੇ ਪਰਿਵਾਰਾਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਪੰਥ ਉਨ੍ਹਾਂ ਦੇ ਨਾਲ ਖੜ੍ਹਾ ਹੈ। ਪੀੜਤਾਂ ਅਨੁਸਾਰ, ਜਥੇਦਾਰ ਸਾਹਿਬ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਸਾਲ ਨਵੰਬਰ ਤੱਕ ਇਸ ਘਟਨਾ ਨੂੰ ਅਧਿਕਾਰਤ ਤੌਰ 'ਤੇ 'ਕਤਲੇਆਮ' ਘੋਸ਼ਿਤ ਕਰਵਾਉਣ ਲਈ ਢੁਕਵੀਂ ਕਾਰਵਾਈ ਕੀਤੀ ਜਾਵੇਗੀ।
ਪੀੜਤਾਂ ਨੇ ਗੁਰੂ ਰਾਮਦਾਸ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹੁਣ 41 ਸਾਲਾਂ ਬਾਅਦ ਉਨ੍ਹਾਂ ਦੇ ਜ਼ਖਮਾਂ 'ਤੇ ਮੱਲ੍ਹਮ ਲੱਗੇਗੀ ਅਤੇ ਇਤਿਹਾਸ ਵਿੱਚ ਇਸ ਕਾਲੇ ਦੌਰ ਨੂੰ ਸਹੀ ਸ਼ਬਦਾਂ ਵਿੱਚ ਦਰਜ ਕੀਤਾ ਜਾਵੇਗਾ।