Farmers Tractor March : SKM ਦੇ ਸੱਦੇ ਤੇ ਕਿਸਾਨਾਂ ਵੱਲੋਂ ਅੱਜ ਪੰਜਾਬ ਭਰ ਚ ਕੱਢਿਆ ਗਿਆ ਟਰੈਕਟਰ ਮਾਰਚ

Farmers Tractor March : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ 26 ਜਨਵਰੀ ਦੇ ਮੌਕੇ 'ਤੇ ਪੂਰੇ ਭਾਰਤ ਵਿੱਚ ਹਜ਼ਾਰਾਂ ਕਿਸਾਨ ਟਰੈਕਟਰਾਂ ਤੇ ਸਵਾਰ ਹੋ ਕੇ ਸੜਕਾਂ ‘ਤੇ ਉਤਰੇ। ਕਿਸਾਨਾਂ ਵੱਲੋਂ ਅੱਜ ਦੇ ਦਿਨ ਨੂੰ ਕਾਲਾ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਉਹਨਾਂ ਵੱਲੋਂ ਬਿਜਲੀ ਸੋਧ ਬਿੱਲ, ਬੀਜ ਬਿੱਲ, ਲੇਬਰ ਕੋਡ ਬਿੱਲ ਅਤੇ ਹੋਰ ਮੰਗਾਂ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨਿੱਜੀਕਰਨ ਨੂੰ ਵਧਾਵਾ ਦੇ ਰਹੀ ਹੈ ,ਜਿਸ ਦਾ ਨੁਕਸਾਨ ਆਮ ਲੋਕਾਂ, ਗਰੀਬ ਪਰਿਵਾਰਾਂ, ਛੋਟੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਭੁਗਤਣਾ ਪਵੇਗਾ

By  Shanker Badra January 26th 2026 03:17 PM

Farmers Tractor March : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ 26 ਜਨਵਰੀ ਦੇ ਮੌਕੇ 'ਤੇ ਪੂਰੇ ਭਾਰਤ ਵਿੱਚ ਹਜ਼ਾਰਾਂ ਕਿਸਾਨ ਟਰੈਕਟਰਾਂ ਤੇ ਸਵਾਰ ਹੋ ਕੇ ਸੜਕਾਂ ‘ਤੇ ਉਤਰੇ। ਕਿਸਾਨਾਂ ਵੱਲੋਂ ਅੱਜ ਦੇ ਦਿਨ ਨੂੰ ਕਾਲਾ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਉਹਨਾਂ ਵੱਲੋਂ ਬਿਜਲੀ ਸੋਧ ਬਿੱਲ, ਬੀਜ ਬਿੱਲ, ਲੇਬਰ ਕੋਡ ਬਿੱਲ ਅਤੇ ਹੋਰ ਮੰਗਾਂ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨਿੱਜੀਕਰਨ ਨੂੰ ਵਧਾਵਾ ਦੇ ਰਹੀ ਹੈ ,ਜਿਸ ਦਾ ਨੁਕਸਾਨ ਆਮ ਲੋਕਾਂ, ਗਰੀਬ ਪਰਿਵਾਰਾਂ, ਛੋਟੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਭੁਗਤਣਾ ਪਵੇਗਾ।

ਕਿਸਾਨਾਂ ਨੇ ਦਾਅਵਾ ਕੀਤਾ ਕਿ ਜੇਕਰ ਬਿਜਲੀ ਸੋਧ ਬਿੱਲ ਲਾਗੂ ਹੁੰਦਾ ਹੈ ਤਾਂ ਬਿਜਲੀ ਮੀਟਰ ਸਿਮ ਕਾਰਡ ਰੀਚਾਰਜ ਮਾਡਲ ‘ਤੇ ਚੱਲਣਗੇ। ਉਹਨਾਂ ਦੇ ਮੁਤਾਬਿਕ ਰੀਚਾਰਜ ਜਿੰਨਾ ਹੋਵੇਗਾ, ਉਨੀ ਹੀ ਬਿਜਲੀ ਮਿਲੇਗੀ ਅਤੇ ਰੀਚਾਰਜ ਨਾ ਹੋਣ ਦੀ ਸਥਿਤੀ ਵਿੱਚ ਬਿਜਲੀ ਕੱਟ ਦਿੱਤੀ ਜਾਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮਾਡਲ ਗਰੀਬ ਵਰਗ ਲਈ ਗੰਭੀਰ ਸਮੱਸਿਆ ਪੈਦਾ ਕਰੇਗਾ।

ਇਸ ਤੋਂ ਇਲਾਵਾ ਬੀਜ ਸੋਧ ਬਿੱਲ ਨੂੰ ਲੈ ਕੇ ਕਿਸਾਨਾਂ ਨੇ ਕਿਹਾ ਕਿ ਬਿੱਲ ਲਾਗੂ ਹੋਣ ਤੋਂ ਬਾਅਦ ਸਿਰਫ ਕੁਝ ਹੀ ਵੱਡੀਆਂ ਕੰਪਨੀਆਂ ਹੀ ਬੀਜ ਵੇਚਣ ਦੀ ਹੱਕਦਾਰ ਹੋਣਗੀਆਂ ,ਜਿਸ ਨਾਲ ਬੀਜਾਂ ‘ਤੇ ਮਨਮਾਨੀ ਅਤੇ ਇਕਾਧਿਕਾਰ ਹਾਸਲ ਹੋ ਜਾਵੇਗਾ। ਉਹਨਾਂ ਨੇ ਦਲੀਲ ਦਿੱਤੀ ਕਿ ਇਸ ਦੇ ਨਤੀਜੇ ਵਜੋਂ ਕਿਸਾਨਾਂ ਦਾ ਆਧਾਰ ਕੁਝ ਕੰਪਨੀਆਂ ‘ਤੇ ਹੋ ਜਾਵੇਗਾ ਜੋ ਕਿਸਾਨੀ ਹਿਤਾਂ ਲਈ ਸਹੀ ਨਹੀਂ ਹੈ।

ਲੇਬਰ ਕੋਡ ਬਿੱਲ ਬਾਰੇ ਕਿਸਾਨਾਂ ਨੇ ਕਿਹਾ ਕਿ ਇਸ ਨਾਲ ਮਜ਼ਦੂਰ ਵਰਗ ਨੂੰ ਵੱਡਾ ਨੁਕਸਾਨ ਹੋਵੇਗਾ ਕਿਉਂਕਿ ਮਜ਼ਦੂਰਾਂ ਦੇ ਹੱਕ ਘਟਣਗੇ। ਕਿਸਾਨਾਂ ਨੇ ਕਿਹਾ ਕਿ ਇਹ ਸਾਰੇ ਬਿੱਲ ਮਿਲ ਕੇ ਕਿਸਾਨ, ਮਜ਼ਦੂਰ ਅਤੇ ਆਮ ਨਾਗਰਿਕਾਂ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਦੇ ਹਨ ਅਤੇ ਸਰਕਾਰ ਸਭ ਕੁਝ ਨਿੱਜੀ ਹੱਥਾਂ ਵਿੱਚ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।

ਅੱਜ ਦੀ ਰੋਸ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਆਪਣੇ ਟਰੈਕਟਰਾਂ ਸਮੇਤ ਸ਼ਾਮਲ ਹੋਏ ਅਤੇ ਲੋਕਾਂ ਨੂੰ ਇਹਨਾਂ ਬਿੱਲਾਂ ਬਾਰੇ ਜਾਣੂ ਕੀਤਾ ਗਿਆ। ਕਿਸਾਨੀ ਆਗੂਆਂ ਨੇ ਕਿਹਾ ਕਿ ਅੱਜ ਦਾ ਟਰੈਕਟਰ ਮਾਰਚ ਮੁਕਤਸਰ ਡੀਸੀ ਦਫ਼ਤਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਵਾਪਸ ਮੁਕਤਸਰ ਡੀਸੀ ਦਫ਼ਤਰ ‘ਤੇ ਖਤਮ ਹੋਵੇਗਾ ਅਤੇ ਇਸ ਦੌਰਾਨ ਨਾਗਰਿਕਾਂ ਨੂੰ ਨਵੇਂ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਤਰਨਤਾਰਨ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਵੱਲੋਂ ਕੱਢਿਆ ਟਰੈਕਟਰ ਮਾਰਚ

ਤਰਨਤਾਰਨ ਵਿਖੇ ਸਯੁੰਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਗਣਤੰਤਰ ਦਿਵਸ ਮੌਕੇ 'ਤੇ ਟਰੈਕਟਰ ਮਾਰਚ ਦਾ ਅਯੋਜਨ ਕੀਤਾ ਗਿਆ। ਟਰੈਕਟਰ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ ਲੈ ਕੇ ਸ਼ਾਮਲ ਹੋਏ। ਟਰੈਕਟਰ ਮਾਰਚ ਵਿੱਚ ਸ਼ਾਮਲ ਕਿਸਾਨ ਆਗੂਆਂ ਨੇ ਕਿਹਾ ਕੇਂਦਰ ਸਰਕਾਰ ਨਾਲ ਲੜਾਈ ਲੜਕੇ ਕਿਸਾਨਾਂ ਵੱਲੋਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਇਆ ਗਿਆ ਸੀ ਪਰ ਹੁਣ ਕੇਂਦਰ ਸਰਕਾਰ ਵੱਲੋਂ ਲੋਕ ਮਾਰੂ ਫੈਸਲੇ ਕਰਦਿਆਂ ਬਿਜਲੀ ਸੋਧ ਬਿੱਲ 2025 ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਵੇਗੀ। ਇਸੇ ਤਰ੍ਹਾਂ ਬੀਜ਼ ਸੋਧ ਬਿੱਲ ਲਿਆਂਦਾ ਜਾ ਰਿਹਾ ਹੈ ,ਜੋ ਕਿ ਕਿਸਾਨਾਂ ਲਈ ਘਾਤਕ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਸੇ ਤਰ੍ਹਾਂ ਮਜ਼ਦੂਰ ਵਿਰੋਧੀ ਫੈਸਲਾ ਕਰਦਿਆਂ ਮਨਰੇਗਾ ਕਾਨੂੰਨ ਨੂੰ ਬਦਲ ਦਿੱਤਾ ਗਿਆ ਹੈ, ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਜ਼ਮੀਨਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚਿਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਲੋਕ ਮਾਰੂ ਫੈਸਲਿਆਂ ਨੂੰ ਲਾਗੂ ਨਹੀਂ ਹੋਣ ਦੇਣਗੇ।  

ਅਜਨਾਲਾ 'ਚ ਵੀ ਕਿਸਾਨਾਂ ਵੱਲੋਂ ਕੱਢਿਆ ਟਰੈਕਟਰ ਮਾਰਚ

ਅਜਨਾਲਾ 'ਚ ਵੀ ਕੇਂਦਰ ਸਰਕਾਰ ਵੱਲੋਂ ਨਵੇਂ ਲਿਆਂਦੇ ਗਏ ਜੀ ਰਾਮ ਜੀ ਵਿਕਾਸ ਕਾਨੂੰਨ ਦੇ ਵਿਰੋਧ ਵਿੱਚ ਵੀ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਕਿਸਾਨ ਆਗੂਆਂ ਦਾ ਆਰੋਪ ਹੈ ਕਿ ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਹੈ ਅਤੇ ਇਸ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਕਮਜ਼ੋਰ ਹੋਵੇਗੀ। ਟਰੈਕਟਰ ਮਾਰਚ ਦੌਰਾਨ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਮਲੋਟ ਵਿਖੇ ਕਿਸਾਨਾਂ ਵੱਲੋਂ ਕਾਲਾ ਦਿਵਸ ਮਨਾਉਂਦੇ ਹੋਏ ਟਰੈਕਟਰ ਮਾਰਚ ਕੱਢਿਆ ਗਿਆ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਮਲੋਟ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬਿਜਲੀ ਸੋਧ ਬਿੱਲ, ਬੀਜ ਬਿਲ ਅਤੇ ਲੇਬਰ ਕੋਡ ਦੇ ਖਿਲਾਫ ਟਰੈਕਟਰ ਮਾਰਚ ਕੱਢਿਆ ਗਿਆ। ਇਹ ਟਰੈਕਟਰ ਮਾਰਚ ਪੁਡਾ ਕਲੋਨੀ ਵਿਖੇ ਦੁਸਹਿਰਾ ਗਰਾਉਂਡ ਤੋਂ ਸ਼ੁਰੂ ਹੋਇਆ ਤੇ ਜੀਟੀ ਰੋਡ ਤੋਂ ਹੁੰਦਾ ਹੋਇਆ ਦਾਨੇਵਾਲਾ ਚੌਂਕ ਤੋਂ ਵਾਪਸ ਬਠਿੰਡਾ ਚੌਂਕੀ ਵਿੱਚ ਆ ਕੇ ਸਮਾਪਤ ਹੋਇਆ। ਇਸ ਮੌਕੇ ਕਿਸਾਨ ਜਥੇਬੰਦੀਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨ ਜਥੇਬੰਦੀਆਂ ਨੇ ਇਹਨਾਂ ਬਿੱਲਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ।

Related Post