ਪੰਜਾਬ 'ਚ ਨਵੇਂ ਸਾਲ 'ਤੇ ਅੱਤਵਾਦੀ ਹਮਲੇ ਦਾ ਖ਼ਦਸ਼ਾ, ਅਲਰਟ ਜਾਰੀ

ਨਵੇਂ ਸਾਲ ਦੇ ਮੌਕੇ 'ਤੇ ਅੱਤਵਾਦੀ ਪੰਜਾਬ 'ਚ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇ ਸਕਦੇ ਹਨ ਜਿਸ ਬਾਬਤ ਪੰਜਾਬ ਪੁਲਿਸ ਨੇ ਅਲਰਟ ਜਾਰੀ ਕਰ ਦਿੱਤਾ ਹੈ। ਕੇਂਦਰੀ ਖੁਫੀਆ ਏਜੰਸੀਆਂ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਪੁਲਿਸ ਸਟੇਸ਼ਨਾਂ ਅਤੇ ਸਰਕਾਰੀ ਇਮਾਰਤਾਂ 'ਤੇ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ।

By  Jasmeet Singh December 29th 2022 02:35 PM

ਚੰਡੀਗੜ੍ਹ, 29 ਦਸੰਬਰ: ਨਵੇਂ ਸਾਲ ਦੇ ਮੌਕੇ 'ਤੇ ਅੱਤਵਾਦੀ ਪੰਜਾਬ 'ਚ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇ ਸਕਦੇ ਹਨ ਜਿਸ ਬਾਬਤ ਪੰਜਾਬ ਪੁਲਿਸ ਨੇ ਅਲਰਟ ਜਾਰੀ ਕਰ ਦਿੱਤਾ ਹੈ। ਕੇਂਦਰੀ ਖੁਫੀਆ ਏਜੰਸੀਆਂ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਪੁਲਿਸ ਸਟੇਸ਼ਨਾਂ ਅਤੇ ਸਰਕਾਰੀ ਇਮਾਰਤਾਂ 'ਤੇ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ। 

ਬੀਤੇ ਦਿਨ ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਤਸਕਰਾਂ ਦੇ ਇੱਕ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 10 ਕਿਲੋ ਹੈਰੋਇਨ, ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਹਨ। ਪਿਛਲੇ ਕਈ ਮਹੀਨਿਆਂ ਤੋਂ ਪਾਕਿਸਤਾਨ ਸਰਹੱਦ ਪਾਰੋਂ ਡਰੋਨਾਂ ਦੇ ਮਾਮਲੇ ਵਧੇ ਹਨ।

ਹਾਲ ਹੀ ਵਿੱਚ ਤਰਨਤਾਰਨ ਪੁਲਿਸ ਨੇ ਮੰਗਲਵਾਰ ਨੂੰ ਸਰਹਾਲੀ ਪੁਲਿਸ ਸਟੇਸ਼ਨ 'ਤੇ ਰਾਕੇਟ-ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਹਮਲੇ ਦੀ ਅਗਲੀ ਜਾਂਚ ਵਿੱਚ ਇੱਕ ਸਬ ਮਾਡਿਊਲ ਦਾ ਪਰਦਾਫਾਸ਼ ਕੀਤਾ, ਜੋ ਕਿ ਕੈਨੇਡਾ ਸਥਿਤ ਗੈਂਗਸਟਰ ਤੋਂ ਅੱਤਵਾਦੀ ਬਣੇ ਲਖਬੀਰ ਸਿੰਘ ਉਰਫ ਲੰਡਾ ਦੇ ਨਿਰਦੇਸ਼ਾਂ 'ਤੇ ਫਿਲੀਪੀਨਜ਼ ਤੋਂ ਚਲਾਇਆ ਜਾ ਰਿਹਾ ਸੀ।

ਪੁਲਿਸ ਨੇ ਸਬ-ਮੌਡਿਊਲ ਦੇ ਤਿੰਨ ਮੈਂਬਰਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਅਤੇ ਇੱਕ ਲੋਡਿਡ ਆਰਪੀਜੀ ਅਤੇ ਇੱਕ ਰਾਕੇਟ ਲਾਂਚਰ ਬਰਾਮਦ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਸਬ ਮਾਡਿਊਲ ਨੂੰ ਯਾਦਵਿੰਦਰ ਸਿੰਘ ਫਿਲੀਪੀਨਜ਼ ਦੀ ਤਰਫੋਂ ਲੰਡਾ ਦੇ ਨਿਰਦੇਸ਼ਾਂ 'ਤੇ ਚਲਾਇਆ ਜਾ ਰਿਹਾ ਸੀ। ਪੁਲਿਸ ਅਨੁਸਾਰ ਲੰਡਾ ਸਰਹਾਲੀ ਪੁਲਿਸ ਸਟੇਸ਼ਨ ਅਤੇ ਮੁਹਾਲੀ ਵਿੱਚ ਪੰਜਾਬ ਪੁਲਿਸ ਦੇ ਖੁਫ਼ੀਆ ਹੈੱਡਕੁਆਰਟਰ ’ਤੇ ਆਰਪੀਜੀ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ ਹੈ। ਉਹ ਪਾਕਿਸਤਾਨ ਤੋਂ ਵਿਸਫੋਟਕਾਂ ਦੀ ਤਸਕਰੀ ਅਤੇ ਟਾਰਗੇਟ ਕਿਲਿੰਗ ਸਮੇਤ ਲਗਭਗ 40 ਅਪਰਾਧਿਕ ਮਾਮਲਿਆਂ ਵਿੱਚ ਪੰਜਾਬ ਨੂੰ ਲੋੜੀਂਦਾ ਹੈ।

-  ਰਿਪੋਰਟਰ ਅੰਕੁਸ਼ ਮਹਾਜਨ ਦੇ ਸਹਿਯੋਗ ਨਾਲ

Related Post