ਸਾਬਕਾ ਮੁੱਖ ਮੰਤਰੀ ਚੰਨੀ ਨੇ ਮੂਸੇਵਾਲਾ ਦੇ ਪਿਤਾ ਨਾਲ ਕੀਤੀ ਮੁਲਾਕਾਤ, ਪੁਲਿਸ ਸੰਮਨ ਲੈ ਕੇ ਪੁੱਜੀ

By  Ravinder Singh December 21st 2022 09:09 AM -- Updated: December 21st 2022 12:02 PM

ਮਾਨਸਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਦੇਸ਼ ਦੌਰੇ ਤੋਂ ਪਰਤ ਕੇ ਮੁੜ ਸਿਆਸਤ ਵਿਚ ਸਰਗਰਮ ਹੋ ਗਏ ਹਨ। ਚੰਨੀ ਨੇ ਵਿਦੇਸ਼ ਦੌਰੇ ਤੋਂ ਪਰਤਣ ਮਗਰੋਂ ਸਭ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕੀਤੀ ਸੀ। ਇਸ ਪਿੱਛੋਂ ਉਨ੍ਹਾਂ ਨੇ ਕਾਂਗਰਸ ਦੇ ਪ੍ਰਧਾਨ ਮਲਿਕਅਰਜੁਨ ਖੜਗੇ ਨਾਲ ਵੀ ਚਰਚਾ ਕੀਤੀ।

ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਪੁੱਜੇ। ਚੰਨੀ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਰਾਤ ਉਥੇ ਹੀ ਕੱਟੀ। ਇਹ ਜਾਣਕਾਰੀ ਖੁਦ ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਕੇ ਦਿੱਤੀ ਹੈ।

ਇਹ ਵੀ ਪੜ੍ਹੋ : ਧੁੰਦ ਦੀ ਚਿੱਟੀ ਚਾਦਰ ਤੇ ਸੀਤ ਲਹਿਰ ਨੇ ਜ਼ਿੰਦਗੀ ਦੀ ਰਫ਼ਤਾਰ ਕੀਤੀ ਹੌਲੀ

ਚਰਨਜੀਤ ਸਿੰਘ ਚੰਨੀ ਟਵੀਟ ਕਰਕੇ ਖ਼ੁਦ ਬਲਕੌਰ ਸਿੰਘ ਨਾਲ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਉਹ ਸਿੱਧੂ ਮੂਸੇਵਾਲਾ ਦੇ ਪਿਤਾ ਨਾਲ ਬੈਠੇ ਨਜ਼ਰ ਆ ਰਹੇ ਹਨ।


ਚਰਨਜੀਤ ਚੰਨੀ ਨੂੰ ਸੰਮਨ ਜਾਰੀ

ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਪਿੰਡ ਮੂਸੇਵਾਲਾ ਵਿਚ ਹੀ ਚਰਨਜੀਤ ਸਿੰਘ ਚੰਨੀ ਸਿੱਧੂ ਨੂੰ ਸੰਮਨ ਸੌਂਪੇ। ਚਰਨਜੀਤ ਸਿੰਘ ਚੰਨੀ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਆਈ.ਪੀ.ਸੀ ਦੀ ਧਾਰਾ 188 ਤਹਿਤ ਦਰਜ ਕੀਤੇ ਗਏ ਕੇਸ ਵਿੱਚ ਸੌਂਪਿਆ ਗਿਆ ਹੈ। ਕਾਬਿਲੇਗੌਰ ਹੈ ਕਿ ਪੰਜਾਬ ਪੁਲਿਸ ਨੇ ਵਿਧਾਨ ਸਭਾ ਚੋਣਾਂ ਦੌਰਾਨ ਮਾਨਸਾ ਵਿੱਚ ਦਰਜ ਹੋਏ ਕੇਸ ਦੇ ਸਬੰਧ ਵਿੱਚ ਚਰਨਜੀਤ ਸਿੰਘ ਚੰਨੀ ਨੂੰ 12 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ।

ਇਸ ਮੌਕੇ ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਆ ਰਿਹਾ ਸੀ ਤਾਂ ਮੈਨੂੰ ਪੁਲਿਸ ਨੇ ਕਿਹਾ ਕਿ ਜੇ ਤੁਸੀਂ ਮਾਨਸਾ ਵਿਚ ਦਾਖਲ ਹੋਏ ਤਾਂ ਗ੍ਰਿਫ਼ਤਾਰ ਕੀਤਾ ਜਾਵੇਗਾ ਪਰ ਸਿੱਧੂ ਮੂਸੇਵਾਲੇ ਦੀ ਦੁਖਦਾਈ ਘਟਨਾ ਦੇ ਸਬੰਧ 'ਚ ਪਰਿਵਾਰ ਨੂੰ ਮਿਲਣਾ ਸੀ। ਜਦੋਂ ਮੈਂ ਇੱਥੇ ਆਇਆ ਤਾਂ ਮੈਨੂੰ ਪੁਲਿਸ ਨੇ ਸੰਮਨ ਸੌਂਪ ਦਿੱਤਾ। ਉਨ੍ਹਾਂ ਕਿਹਾ ਕਿ ਉਹ ਝੂਠਾ ਪਰਚਾ ਸੀ ਤੇ ਉਸ ਵਿੱਚ ਮੇਰਾ ਪੱਖ ਵੀ ਨਹੀਂ ਲਿਆ ਗਿਆ। ਜੇਕਰ ਪੁਲਿਸ ਨੇ ਕੋਈ ਪੁੱਛਗਿੱਛ ਕਰਨੀ ਸੀ ਤਾਂ ਦੋ ਮਹੀਨੇ ਪਹਿਲਾਂ ਵੀ ਕੀਤੀ ਜਾ ਸਕਦੀ ਸੀ ਪਰ ਅੱਜ ਜਦ ਉਹ ਦੁੱਖ ਦੀ ਘੜੀ ਵਿਚ ਪਰਿਵਾਰ ਨੂੰ ਮਿਲਣ ਆਏ ਤਾਂ ਪੁਲਿਸ ਵੱਲੋਂ ਅਜਿਹਾ ਕਰਨਾ ਮਾੜੀ ਗੱਲ ਹੈ।

Related Post