ਆਰਮਜ਼ ਐਕਟ 'ਚ ਫੜੀ ਗਈ ਫਾਰਚੂਨਰ ਗੱਡੀ ਦੀ ਨੰਬਰ ਪਲੇਟ ਬਦਲ ਕੇ ਖ਼ੁਦ ਚਲਾ ਰਿਹਾ ਐਸ.ਐਚ.ਓ

By  Jasmeet Singh November 2nd 2022 10:09 AM -- Updated: November 2nd 2022 10:19 AM

ਲੁਧਿਆਣਾ, 2 ਨਵੰਬਰ: ਮੁੱਲਾਂਪੁਰ ਦੇ ਥਾਣਾ ਦਾਖਾ ਦੀ ਪੁਲਿਸ ਨੇ ਸਾਬਕਾ ਐਸ.ਐਚ.ਓ ਅਤੇ ਏ.ਐਸ.ਆਈ ਸਮੇਤ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦਾਖਾ ਦੇ ਡੀ.ਐਸ.ਪੀ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਸੀ ਜਿਸ ਵਿਚ ਲਿਖਿਆ ਸੀ ਕਿ ਏ.ਐਸ.ਆਈ ਚਮਕੌਰ ਸਿੰਘ (ਸੇਵਾਮੁਕਤ) ਨੇ ਆਰਮਜ਼ ਐਕਟ ਤਹਿਤ ਜ਼ੀਰਕਪੁਰ ਤੋਂ ਫਾਰਚੂਨਰ ਗੱਡੀ ਬਰਾਮਦ ਕੀਤੀ ਸੀ। 

ਇਹ ਗੱਡੀ ਫਿਰੋਜ਼ਪੁਰ ਰੋਡ 'ਤੇ ਇਕ ਪੈਲੇਸ ਦੇ ਬਾਹਰੋਂ ਪਿਸਤੌਲ ਦੀ ਨੋਕ 'ਤੇ ਖੋਹੀ ਗਈ। ਇਸ ਗੱਡੀ ਦਾ ਮਾਲਕ ਲੁਧਿਆਣਾ ਦਾ ਵਸਨੀਕ ਹੈ। ਕਾਰ ਦੇ ਮਾਲਕ ਨੂੰ ਪੁਲਿਸ ਵੱਲੋਂ ਬਕਾਇਆ ਨਹੀਂ ਲਿਖ ਕੇ ਦਿੱਤਾ ਗਿਆ ਕਿ ਗੱਡੀ ਨਹੀਂ ਮਿਲੀ। ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਮਾਲਕ ਨੇ ਕੰਪਨੀ ਤੋਂ ਕਲੇਮ ਲਿਆ ਸੀ। ਸਾਬਕਾ ਏ.ਐਸ.ਆਈ ਚਮਕੌਰ ਸਿੰਘ ਅਤੇ ਐਸ.ਐਚ.ਓ ਪ੍ਰੇਮਜੀਤ ਸਿੰਘ ਨੇ ਉਸ ਗੱਡੀ ਨੂੰ ਮਲਖਾਨਾ ਵਿੱਚ ਜਮ੍ਹਾਂ ਕਰਵਾਉਣ ਦੀ ਬਜਾਏ ਖੁਦ ਹੀ ਵਰਤਣਾ ਸ਼ੁਰੂ ਕਰ ਦਿੱਤਾ। 

ਲੁੱਟ ਦਾ ਸ਼ਿਕਾਰ ਹੋਏ ਲੁਧਿਆਣਾ ਦੇ ਸੌਰਵ ਜੈਨ ਨੇ ਘਟਨਾ ਤੋਂ ਤਿੰਨ ਮਹੀਨੇ ਬਾਅਦ ਹੀ ਬੀਮਾ ਕੰਪਨੀ ਤੋਂ ਕਲੇਮ ਕਰਕੇ ਨਵੀਂ ਕਾਰ ਲਈ। ਇਸ ਕਾਰਨ ਟਰਾਂਸਪੋਰਟ ਵਿਭਾਗ ਨੇ ਚੋਰੀ ਹੋਏ ਵਾਹਨ ਦਾ ਨੰਬਰ ਬਲਾਕ ਕਰਕੇ ਬੀਮਾ ਕੰਪਨੀ ਦੇ ਨਾਂ ’ਤੇ ਰਜਿਸਟਰਡ ਕਰ ਦਿੱਤਾ। ਇਸ ਦੇ ਨਾਲ ਹੀ ਸੌਰਵ ਜੈਨ ਨੇ ਵੀ ਕਲੇਮ ਮਿਲਣ ਕਾਰਨ ਮਾਮਲਾ ਛੱਡ ਦਿੱਤਾ। ਇਸ ਦਾ ਫਾਇਦਾ ਉਠਾਉਂਦੇ ਹੋਏ ਥਾਣਾ ਸਦਰ ਦੇ ਇੰਚਾਰਜ ਪ੍ਰੇਮਜੀਤ ਸਿੰਘ ਨੇ ਮੋਹਾਲੀ ਪੁਲਿਸ ਤੋਂ ਲੁੱਟ ਦੇ ਮਾਮਲੇ 'ਚ ਉਕਤ ਕਾਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਮਲਖਾਨੇ 'ਚ ਰੱਖਣ ਦੀ ਬਜਾਏ ਖੁਦ ਜਾਅਲੀ ਨੰਬਰ ਲਗਾ ਕੇ ਗੱਡੀ ਚਲਾਉਣ ਲੱਗਾ। ਗੱਡੀ ਦਾ ਅਸਲ ਨੰਬਰ ਪੀਬੀ-11ਐਫਯੂ-0501 ਸੀ ਬਾਅਦ 'ਚ ਮੁਲਜ਼ਮਾਂ ਨੇ ਗੱਡੀ 'ਤੇ ਪੀਬੀ-10ਏਜ਼-1500 ਨੰਬਰ ਪਲੇਟ ਲਗਾ ਦਿੱਤੀ।

ਰਵਿੰਦਰਪਾਲ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਵਿਚ ਅੱਗੇ ਦੱਸਿਆ ਗਿਆ ਕਿ ਇਹ ਕਾਰ ਅਕਸਰ ਪ੍ਰੇਮਜੀਤ ਸਿੰਘ ਹੀ ਚਲਾਉਂਦਾ ਸੀ। ਕਈ ਵਾਰ ਇਹ ਕਾਰ ਏਅਰਪੋਰਟ 'ਤੇ ਵੀ ਜਾ ਚੁੱਕੀ ਹੈ। ਐਸ.ਐਚ.ਓ ਦਾ ਰੁਤਬਾ ਹੋਣ ਕਾਰਨ ਕਿਸੇ ਪੁਲਿਸ ਮੁਲਾਜ਼ਮ ਨੇ ਪ੍ਰੇਮਜੀਤ ਨੂੰ ਨਾਕੇਬੰਦੀਆਂ ’ਤੇ ਰੋਕ ਕੇ ਕਾਗਜ਼ ਆਦਿ ਮੰਗਣ ਦੀ ਹਿੰਮਤ ਨਹੀਂ ਕੀਤੀ। ਦੂਜੇ ਪਾਸੇ ਮੰਡੀ ਮੁੱਲਾਂਪੁਰ ਤੋਂ ਇਕ ਹੋਰ ਆਰੋਪੀ ਜਗਸੀਰ ਸਿੰਘ ਨੇ ਬਿਆਨ ਲਿਖਵਾਇਆ ਸੀ ਕਿ ਉਸ ਨੇ ਉਕਤ ਗੱਡੀ ਲੁਧਿਆਣਾ ਕਾਰ ਬਾਜ਼ਾਰ ਤੋਂ ਖਰੀਦੀ ਸੀ ਅਤੇ ਜਾਅਲੀ ਨੰਬਰ ਲੱਗਣ 'ਤੇ ਗੱਡੀ ਵਾਪਸ ਕਰ ਦਿੱਤੀ। ਜਗਸੀਰ ਵੱਲੋਂ ਲਿਖੇ ਬਿਆਨ ਸ਼ੱਕੀ ਹੋਣ ’ਤੇ ਜਾਂਚ ਨੂੰ ਹੋਰ ਤੇਜ਼ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਵਿੱਤ ਵਿਭਾਗ ਦਾ ਵਿਭਾਗਾਂ ਨੂੰ ਫ਼ਰਮਾਨ: ਆਮਦਨ ਦਾ ਟੀਚਾ ਪੂਰਾ ਨਾ ਹੋਇਆ ਅਧਿਕਾਰੀਆਂ 'ਤੇ ਗਿਰੇਗੀ ਗਾਜ

ਜਿਸ ਤੋਂ ਬਾਅਦ ਐਸ.ਐਸ.ਪੀ ਦੇ ਹੁਕਮਾਂ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਮੁਲਜ਼ਮ ਪ੍ਰੇਮਜੀਤ ਲੁਧਿਆਣਾ ਵਿੱਚ ਸੀ.ਆਈ.ਏ-1 ਦਾ ਇੰਚਾਰਜ ਵੀ ਰਹਿ ਚੁੱਕਾ ਹੈ। ਪ੍ਰੇਮਜੀਤ ਸਿੰਘ ਅਕਸਰ ਵਿਦੇਸ਼ ਘੁੰਮਦਾ ਰਿਹਾ ਹੈ।

Related Post