Uttarakhand News: ਉੱਤਰਾਖੰਡ 'ਚ ਮੀਂਹ ਦਾ ਕਹਿਰ ਜਾਰੀ, ਸਥਿਤੀ ਦਾ ਜਾਇਜ਼ਾ ਲੈਣ ਲਈ ਪਹੁੰਚੇ ਮੁੱਖ-ਮੰਤਰੀ ਧਾਮੀ

By  Shameela Khan August 10th 2023 10:48 AM -- Updated: August 10th 2023 12:13 PM

Uttarakhand News: ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਬੁੱਧਵਾਰ ਨੂੰ ਸਥਿਤੀ ਦਾ ਜਾਇਜ਼ਾ ਲਿਆ ਅਤੇ ਸਾਰੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਅਲਰਟ 'ਤੇ ਰਹਿਣ ਦੇ ਨਿਰਦੇਸ਼ ਦਿੱਤੇ ਕਿਉਂਕਿ ਉੱਤਰਾਖੰਡ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮੀਂਹ ਨਾਲ ਸਬੰਧਤ ਵੱਖ-ਵੱਖ  ਘਟਨਾਵਾਂ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ।

ਇਨ੍ਹਾਂ ਘਟਨਾਵਾਂ ਦੌਰਾਨ ਇੱਕ ਵਿਅਕਤੀ ਲਾਪਤਾ ਹੈ ਅਤੇ ਲਗਭਗ 6 ਲੋਕ ਬੂਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਕੇਦਾਰਨਾਥ ਯਾਤਰਾ ਦੇ ਬੇਸ ਕੈਂਪ ਗੌਰੀਕੁੰਡ ਵਿਚ ਬੁੱਧਵਾਰ ਤੜਕੇ ਬਾਰਸ਼ ਦੇ ਦੌਰਾਨ ਜ਼ਮੀਨ ਖਿਸਕਣ ਕਾਰਨ ਦੋ ਭੈਣ-ਭਰਾ ਦੀ ਮੌਤ ਹੋ ਗਈ ਅਤੇ ਤੀਜਾ ਜ਼ਖਮੀ ਹੋ ਗਿਆ। ਗੌਰੀਕੁੰਡ ਵਿੱਚ ਪੰਜ ਦਿਨਾਂ ਵਿੱਚ ਇਹ ਦੂਜੀ ਵਾਰ ਜ਼ਮੀਨ ਖਿਸਕਣ ਦੀ ਘਟਨਾ ਹੈ।



ਮਲਬੇ ਦੀ ਚਪੇਟ 'ਚ ਪੂਰਾ ਪਰਿਵਾਰ:

ਰੁਦਰਪ੍ਰਯਾਗ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਰ ਨੇ ਦੱਸਿਆ  "ਗੌਰੀਕੁੰਡ ਪਿੰਡ ਵਿੱਚ ਹੈਲੀਪੈਡ ਨੇੜੇ ਝੁੱਗੀ ਪਹਾੜੀ ਦੀ ਚੋਟੀ ਤੋਂ ਜ਼ਮੀਨ ਖਿਸਕਣ ਕਾਰਨ ਇੱਕ ਪਰਿਵਾਰ ਦੇ ਚਾਰ ਮੈਂਬਰ ਮਲਬੇ ਵਿੱਚ ਦੱਬ ਗਏ।"

ਉਨ੍ਹਾਂ ਦੱਸਿਆ ਕਿ ਜਾਨਕੀ ਨਾਂ ਦੀ ਔਰਤ ਮਲਬੇ 'ਚੋਂ ਸੁਰੱਖਿਅਤ ਬਾਹਰ ਨਿਕਲੀ ਜਦਕਿ ਉਸ ਦੇ ਤਿੰਨ ਬੱਚੇ ਮਲਬੇ ਹੇਠ ਦੱਬ ਗਏ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀਆਂ ਬਚਾਅ ਟੀਮਾਂ ਨੇ ਬੱਚਿਆਂ ਨੂੰ ਬਾਹਰ ਕੱਢਿਆ ਅਤੇ ਸਥਾਨਕ ਸਰਕਾਰੀ ਹਸਪਤਾਲ ਪਹੁੰਚਾਇਆ।

 ਚਟਾਨ ਡਿੱਗਣ ਕਾਰਨ ਹੋਈ ਮੌਤ:

ਰਿਸ਼ੀਕੇਸ਼-ਯਮੁਨੋਤਰੀ ਰਾਸ਼ਟਰੀ ਰਾਜਮਾਰਗ 'ਤੇ ਸਵੇਰੇ 8 ਵਜੇ ਦੇ ਕਰੀਬ ਗੱਡੀ 'ਤੇ ਚਟਾਨ ਡਿੱਗਣ ਕਾਰਨ ਬੱਸ 'ਚ ਸਫਰ ਕਰ ਰਹੀ ਇੱਕ ਔਰਤ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਈ। ਗੱਡੀ ਜਾਨਕੀਚੱਟੀ ਤੋਂ ਬਰਕੋਟ ਵੱਲ ਆ ਰਹੀ ਸੀ। ਊਧਮ ਸਿੰਘ ਨਗਰ ਜ਼ਿਲੇ ਦੇ ਗਦਰਪੁਰ ਇਲਾਕੇ 'ਚ ਮੰਗਲਵਾਰ ਨੂੰ ਇੱਕ ਦਰੱਖਤ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਉਸ ਦੀ ਪਛਾਣ 25 ਸਾਲਾ ਅਕਸ਼ੈ ਵਜੋਂ ਹੋਈ ਹੈ। ਇਸ ਦੌਰਾਨ ਧਾਮੀ ਨੇ ਰਾਜ ਵਿੱਚ ਪੈ ਰਹੇ ਭਾਰੀ ਮੀਂਹ ਬਾਰੇ ਅਪਡੇਟ ਲਿਆ ਅਤੇ ਸਾਰੇ ਡੀਐਮਜ਼ ਨੂੰ ਅਲਰਟ ਮੋਡ ਵਿੱਚ ਰਹਿਣ ਲਈ ਕਿਹਾ। ਉਨ੍ਹਾਂ ਸਮੂਹ ਵਿਭਾਗਾਂ ਨੂੰ ਆਪਸ ਵਿੱਚ ਤਾਲਮੇਲ ਰੱਖਣ ਲਈ ਕਿਹਾ ਤਾਂ ਜੋ ਕਿਸੇ ਆਫ਼ਤ ਦੀ ਸਥਿਤੀ ਵਿੱਚ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਸਕੇ।

Related Post