ਗਾਜ਼ਾ ਚ 4 ਦਿਨਾਂ ਲਈ ਜੰਗਬੰਦੀ, 50 ਬੰਧਕਾਂ ਦੀ ਰਿਹਾਈ ਤੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਸਮਝੌਤਾ: ਰਿਪੋਰਟ

By  Jasmeet Singh November 22nd 2023 08:29 AM -- Updated: November 22nd 2023 02:08 PM

PTC News Desk: ਇਜ਼ਰਾਈਲ ਅਤੇ ਗਾਜ਼ਾ ਵਿਚਾਲੇ ਚੱਲ ਰਹੀ ਜੰਗ ਅਜੇ ਰੁਕ ਨਹੀਂ ਰਹੀ ਹੈ ਅਤੇ ਨਾ ਹੀ ਦਹਿਸ਼ਤਗਰਦ ਸਮੂਹ ਹਮਾਸ ਨੇ ਅਜੇ ਤੱਕ ਸਾਰੇ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕੀਤਾ ਹੈ। ਪਰ ਹੁਣ ਇਜ਼ਰਾਈਲੀ ਕੈਬਨਿਟ ਨੇ ਗਾਜ਼ਾ ਤੋਂ ਦਰਜਨਾਂ ਬੰਧਕਾਂ ਦੀ ਰਿਹਾਈ ਲਈ ਹਮਾਸ ਨਾਲ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਇੱਕ ਮੀਟਿੰਗ ਇਜ਼ਰਾਈਲੀ ਸਥਾਨਕ ਸਮੇਂ ਅਨੁਸਾਰ ਮੰਗਲਵਾਰ ਰਾਤ 8 ਵਜੇ ਹੋਈ। ਇਹ ਜਾਣਕਾਰੀ ਕੌਮਾਂਤਰੀ ਮੀਡੀਆ ਦੇ ਹਵਾਲੇ ਤੋਂ ਪ੍ਰਾਪਤ ਹੋਈ ਹੈ। ਇਸ ਤੋਂ ਪਹਿਲਾਂ ਦਿ ਟਾਈਮਜ਼ ਆਫ ਇਜ਼ਰਾਈਲ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਸੀ ਕਿ 4-5 ਦਿਨਾਂ 'ਚ ਹਮਾਸ ਲਗਭਗ 50 ਬੱਚਿਆਂ, ਉਨ੍ਹਾਂ ਦੀ ਮਾਂ ਅਤੇ ਹੋਰ ਬੰਧਕ ਔਰਤਾਂ ਨੂੰ ਰਿਹਾਅ ਕਰ ਦੇਵੇਗਾ।

ਵਾਸ਼ਿੰਗਟਨ ਪੋਸਟ ਨੇ ਪਹਿਲਾਂ ਇਸ ਸੌਦੇ ਨੂੰ ਮਨਜ਼ੂਰੀ ਦਿੱਤੀ ਸੀ
ਦੱਸ ਦਈਏ ਕਿ 19 ਨਵੰਬਰ ਨੂੰ ਵਾਸ਼ਿੰਗਟਨ ਪੋਸਟ ਦੀ ਰਿਪੋਰਟ 'ਚ ਕਿਹਾ ਗਿਆ ਸੀ ਕਿ ਦਰਜਨਾਂ ਬੰਧਕਾਂ ਦੀ ਰਿਹਾਈ ਲਈ ਇਜ਼ਰਾਈਲ, ਅਮਰੀਕਾ ਅਤੇ ਹਮਾਸ ਵਿਚਾਲੇ ਹੋਏ ਅਸਥਾਈ ਸਮਝੌਤੇ ਤਹਿਤ ਅਗਲੇ ਪੰਜ ਦਿਨਾਂ ਤੱਕ ਗਾਜ਼ਾ 'ਚ ਲੜਾਈ ਬੰਦ ਰਹੇਗੀ, ਪਰ ਕੁਝ ਸਮੇਂ ਬਾਅਦ ਪੀ.ਐਮ. ਬੈਂਜਾਮਿਨ ਨੇਤਨਯਾਹੂ ਨੇ ਜੰਗਬੰਦੀ ਦੀਆਂ ਖ਼ਬਰਾਂ 'ਤੇ ਰੋਕ ਲਗਾ ਦਿੱਤੀ। 

ਵਾਸ਼ਿੰਗਟਨ ਪੋਸਟ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਤਹਿਤ ਛੇ ਪੰਨਿਆਂ ਦੀ ਡੀਲ 'ਤੇ ਦਸਤਖਤ ਕੀਤੇ ਗਏ ਹਨ। ਇਸ ਸਮਝੌਤੇ ਦੇ ਤਹਿਤ ਦੋਵੇਂ ਧਿਰਾਂ ਅਗਲੇ ਪੰਜ ਦਿਨਾਂ ਲਈ ਲੜਾਈ ਬੰਦ ਕਰਨਗੀਆਂ ਅਤੇ ਹਰ 24 ਘੰਟਿਆਂ ਵਿੱਚ 50 ਜਾਂ ਇਸ ਤੋਂ ਵੱਧ ਬੰਧਕਾਂ ਨੂੰ ਰਿਹਾਅ ਕਰਨਗੀਆਂ। ਪਰ ਇਸ ਖ਼ਬਰ ਤੋਂ ਬਾਅਦ ਪੀ.ਐਮ. ਬੈਂਜਾਮਿਨ ਨੇਤਨਯਾਹੂ ਨੇ ਕਿਹਾ ਸੀ ਕਿ ਹੁਣ ਤੱਕ ਬੰਧਕਾਂ ਦੀ ਰਿਹਾਈ ਦੇ ਬਦਲੇ ਕੋਈ ਜੰਗਬੰਦੀ ਸਮਝੌਤਾ ਨਹੀਂ ਹੋਇਆ ਹੈ। ਪਰ ਕੌਮਾਂਤਰੀ ਮੀਡੀਆ ਰਿਪੋਰਟਾਂ ਮੁਤਾਬਕ ਹੁਣ ਬੰਧਕਾਂ ਦੀ ਰਿਹਾਈ ਲਈ ਸਮਝੌਤੇ 'ਤੇ ਮੋਹਰ ਲੱਗ ਗਈ ਹੈ।


ਬੰਧਕਾਂ ਦੀ ਰਿਹਾਈ ਲਈ ਇਜ਼ਰਾਈਲ-ਹਮਾਸ ਸਮਝੌਤਾ
ਇਜ਼ਰਾਈਲੀ ਮੀਡੀਆ ਦੇ ਮੁਤਾਬਕ ਸਮਝੌਤਾ ਮੁੱਖ ਤੌਰ 'ਤੇ ਬੰਧਕ ਔਰਤਾਂ ਅਤੇ ਬੱਚਿਆਂ 'ਤੇ ਕੇਂਦਰਿਤ ਹੈ, ਹਾਲਾਂਕਿ ਵਿਦੇਸ਼ੀ ਬੰਧਕਾਂ ਦੀ ਰਿਹਾਈ 'ਤੇ ਗੱਲਬਾਤ ਫਿਲਹਾਲ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਰਿਲੀਜ਼ ਵਿੱਚ ਕਿਹਾ ਸੀ, "ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅੱਜ ਸ਼ਾਮ 6 ਵਜੇ ਯੁੱਧ ਮੰਤਰੀ ਮੰਡਲ ਦੀ ਬੈਠਕ ਬੁਲਾਉਣਗੇ"।

ਦੱਸ ਦਈਏ ਕਿ ਹਮਾਸ ਦਹਿਸ਼ਤਗਰਦੀ ਸਮੂਹ ਨੇ 7 ਅਕਤੂਬਰ ਨੂੰ ਹਮਲਾ ਕਰ ਕੇ ਲਗਭਗ 240 ਇਜ਼ਰਾਈਲੀ ਲੋਕਾਂ ਨੂੰ ਬੰਧਕ ਬਣਾ ਲਿਆ ਸੀ, ਜਿਨ੍ਹਾਂ 'ਚ ਕਰੀਬ 40 ਬੱਚੇ, ਬਜ਼ੁਰਗ ਅਤੇ ਦਰਜਨਾਂ ਥਾਈ ਅਤੇ ਨੇਪਾਲੀ ਨਾਗਰਿਕ ਸ਼ਾਮਲ ਸਨ। ਟਾਈਮਜ਼ ਆਫ ਇਜ਼ਰਾਈਲ ਨੇ ਕਿਹਾ ਕਿ ਬੰਧਕਾਂ ਦੀ ਰਿਹਾਈ ਲਈ ਸੌਦੇ ਵਿਚ ਔਰਤਾਂ ਅਤੇ ਨਾਬਾਲਗ ਕੈਦੀਆਂ ਸਮੇਤ ਲਗਭਗ 150 ਤੋਂ 300 ਫਲਸਤੀਨੀ ਕੈਦੀਆਂ ਦੀ ਰਿਹਾਈ ਵੀ ਸ਼ਾਮਲ ਹੋਵੇਗੀ।


ਬੰਧਕਾਂ ਦੀ ਰਿਹਾਈ ਜਲਦੀ ਸ਼ੁਰੂ ਹੋ ਸਕਦੀ ਹੈ - ਰਿਪੋਰਟ
ਕੌਮਾਂਤਰੀ ਮੀਡੀਆ ਰਿਪੋਰਟਾਂ ਮੁਤਾਬਕ ਸ਼ੁਰੂਆਤੀ 50 ਬੰਧਕਾਂ ਤੋਂ ਬਾਅਦ ਹੋਰ ਬੰਧਕਾਂ ਦੀ ਰਿਹਾਈ ਦੀ ਇਜਾਜ਼ਤ ਦੇਣ ਲਈ ਜੰਗਬੰਦੀ ਨੂੰ ਵਧਾਇਆ ਜਾ ਸਕਦਾ ਹੈ। ਹੁਣ ਖ਼ਬਰਾਂ ਆਈਆਂ ਹਨ ਕਿ ਲੜਾਈ 'ਤੇ ਰੋਕ 4 ਦਿਨਾਂ ਤੱਕ ਜਾਰੀ ਰਹੇਗੀ। ਇਸਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ ਗਾਜ਼ਾ ਪੱਟੀ ਵਿੱਚ ਹਮਾਸ ਅੱਤਵਾਦੀ ਸਮੂਹ ਦੁਆਰਾ ਬੰਧਕ ਬਣਾਏ ਗਏ ਲੋਕਾਂ ਦੇ ਮਾਮਲੇ ਵਿੱਚ "ਮੁਸ਼ਕਲ ਫੈਸਲੇ" ਲੈਣ ਦੀ ਲੋੜ ਹੋਵੇਗੀ।

Related Post