PTC News
Search

Gulzar Suicide Case: ਹਾਈ ਕੋਰਟ ਦੇ ਮੁੱਖ ਜਸਟਿਸ ਵੱਲੋਂ ਪੁਲਿਸ ਨੂੰ ਨਿਰਪੱਖ ਜਾਂਚ ਦੇ ਨਿਰਦੇਸ਼

Punjab News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜਸਟਿਸ ਨੇ ਦਿੜ੍ਹਬਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਪੁਲਿਸ ਨੂੰ ਬਿਨਾਂ ਕਿਸੇ ਪੱਖਪਾਤ ਦੇ ਨਿਰਪੱਖ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ

By  Amritpal Singh September 16th 2026 04:29 PM

Punjab News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜਸਟਿਸ ਨੇ ਦਿੜ੍ਹਬਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਪੁਲਿਸ ਨੂੰ ਬਿਨਾਂ ਕਿਸੇ ਪੱਖਪਾਤ ਦੇ ਨਿਰਪੱਖ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਡੀ.ਐੱਸ.ਪੀ. ਦਿੜ੍ਹਬਾ ਰੁਪਿੰਦਰ ਕੌਰ ਬਾਜਵਾ ਨੇ ਦੱਸਿਆ ਕਿ ਮੁੱਖ ਜਸਟਿਸ ਨੇ ਮਾਮਲੇ ਦੀ ਸਟੇਟਸ ਰਿਪੋਰਟ ਮੰਗੀ ਹੈ ਅਤੇ ਢੁਕਵੀਂ ਜਾਂਚ ਕਰਨ ਲਈ ਕਿਹਾ ਹੈ।

ਡੀ.ਐੱਸ.ਪੀ. ਨੇ ਕਿਹਾ ਕਿ ਇਸ ਵੇਲੇ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਕਰ ਰਹੀ ਹੈ ਅਤੇ ਜਾਂਚ ਦੇ ਤੱਥ ਨਸ਼ਰ ਨਹੀਂ ਕੀਤੇ ਜਾ ਸਕਦੇ।

ਦੱਸਣਯੋਗ ਹੈ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਦਿੜ੍ਹਬਾ ਦੇ ਪਿੰਡ ਤੂਰਬੰਜਾਰਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਨੇ ਪੰਚਾਇਤ ਦੇ ਦਬਾਅ ਕਾਰਨ ਖ਼ੁਦਕੁਸ਼ੀ ਕਰ ਲਈ ਸੀ। ਗੁਲਜ਼ਾਰ ਸਿੰਘ ਨੇ ਵਿੱਤ ਮੰਤਰੀ ਦੇ ਪ੍ਰੋਗਰਾਮ ਵਿੱਚ ਨਸ਼ੇ ਦਾ ਮੁੱਦਾ ਚੁੱਕਿਆ ਸੀ।




ਵੀਡੀਓ ਵਿੱਚ ਬਜ਼ੁਰਗ ਨੇ ਕਿਸ ਨੂੰ ਦੱਸਿਆ ਆਪਣੀ ਮੌਤ ਲਈ ਜ਼ਿੰਮੇਵਾਰ ?


ਉਧਰ, ਹੁਣ ਪੀੜਤ ਗੁਲਜ਼ਾਰ ਸਿੰਘ ਦੀ ਹਸਪਤਾਲ ਲਿਆਉਣ ਸਮੇਂ ਦੀ ਇੱਕ ਵੀਡੀਓ ਸਾਹਮਣੇ ਆਈ ਸੀ। ਦਾਅਵਾ ਹੈ ਕਿ ਇਹ ਵੀਡੀਓ ਬਜ਼ੁਰਗ ਦੀ ਸਲਫਾਸ ਨਿਗਲਣ ਤੋਂ ਬਾਅਦ ਦੀ ਹੈ, ਜਿਸ ਵਿੱਚ ਉਹ ਆਪਣੇ ਵੱਲੋਂ ਸਫਲਾਸ ਨਿਗਲਣ ਪਿੱਛੇ ਕਾਰਨਾਂ ਅਤੇ ਉਸ ਨੂੰ ਮਜਬੂਰ ਕਰਨ ਵਾਲੇ ਲੋਕਾਂ ਦਾ ਨਾਮ ਲੈਂਦਾ ਸੁਣਾਈ ਦੇ ਰਿਹਾ ਹੈ।


ਵੀਡੀਓ ਵਿੱਚ ਬਜ਼ੁਰਗ ਕਹਿ ਰਿਹਾ ਹੈ, ''ਕੱਲ ਸਾਡੇ ਪਿੰਡ ਚੀਮਾ ਆਇਆ ਸੀ ਅਤੇ ਮੈਂ ਸਵਾਲ ਕੀਤਾ ਸੀ। ਇਸ ਗੱਲ ਦਾ ਚੀਮਾ ਵੀ ਜ਼ਿੰਮੇਵਾਰ ਹੈ...ਮੇਰੀ ਮੌਤ ਦਾ ਵੀ ਜ਼ਿੰਮੇਵਾਰ ਹੈ। ਇੱਕ ਪੰਚਾਇਤ ਦਾ ਸਰਪੰਚ ਵੀ ਮੇਰੀ ਮੌਤ ਦਾ ਜ਼ਿੰਮੇਵਾਰ ਹੈ।''

ਬਜ਼ੁਰਗ ਨੇ ਕਿਹਾ ਕਿ ਉਸ ਨੇ ਚਿੱਟੇ ਬਾਰੇ ਸਵਾਲ ਪੁੱਛਿਆ ਸੀ, ਕਿਉਂਕਿ ਉਸ ਦਾ ਮੁੰਡਾ ਚਿੱਟਾ (ਨਸ਼ਾ) ਪੀਂਦਾ ਹੈ ਅਤੇ ਨਸ਼ੇ ਤੋਂ ਪੀੜਤ ਹੈ। ਉਸ ਨੇ ਕਿਹਾ ਕਿ ਚਿੱਟੇ ਕਾਰਨ ਉਸ ਦੇ ਘਰ ਦਾ ਸਾਰਾ ਕੁੱਝ ਹੀ ਵਿਕ ਗਿਆ। ਉਸ ਨੇ ਕਿਹਾ ਕਿ ਨਸ਼ੇ ਨੇ ਮੈਨੂੰ ਇੰਨਾ ਬੇਰੁਜ਼ਗਾਰ ਕਰ ਦਿੱਤਾ ਕਿ ਮੈਂ ਮੰਗਣ ਤੋਂ ਵੀ ਮਜਬੂਰ ਹੋ ਗਿਆ। ਉਸ ਨੇ ਕਿਹਾ ਕਿ ਚਿੱਟਾ ਕਿਤੇ ਵੀ ਬੰਦ ਨਹੀਂ ਹੋਇਆ।


ਗੁਲਜ਼ਾਰ ਸਿੰਘ ਨੇ ਹਰਪਾਲ ਚੀਮਾ ਨੂੰ ਕੀਤਾ ਸੀ ਨਸ਼ੇ 'ਤੇ ਸਵਾਲ


ਦੱਸ ਦਈਏ ਕਿ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੜ੍ਹਬਾ 'ਚ ਐਤਵਾਰ ਨੂੰ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਦੌਰਾਨ ਆਪਣੇ ਮੁੰਡੇ ਦੇ ਨਸ਼ੇ ਦੀ ਲਤ ਤੋਂ ਪ੍ਰੇਸ਼ਾਨ ਇੱਕ ਗੁਲਜ਼ਾਰ ਸਿੰਘ ਨਾਮ ਦੇ ਇੱਕ ਬਜ਼ੁਰਗ ਨੇ ਦੁਖੀ ਹੋ ਕੇ ਪ੍ਰੋਗਰਾਮ ਦੌਰਾਨ ਵਿੱਤ ਮੰਤਰੀ ਅੱਗੇ ਨਸ਼ੇ ਨੂੰ ਲੈ ਕੇ ਸਵਾਲ ਕੀਤੇ ਸਨ। ਉਸ ਨੇ ਇਸ ਦੌਰਾਨ ਵਿੱਤ ਮੰਤਰੀ ਨੂੰ ਪੁੱਛਿਆ ਸੀ ਕਿ, “ਮੇਰਾ ਮੁੰਡਾ ਸਰੇਆਮ ਚਿੱਟਾ ਪੀ ਜਾਂਦਾ ਹੈ, ਤੁਸੀਂ ਚਿੱਟਾ ਕਿਉਂ ਨਹੀਂ ਬੰਦ ਕਰਦੇ?”


ਜਾਣਕਾਰੀ ਅਨੁਸਾਰ, ਇਸ ਦੌਰਾਨ ਜਦੋਂ ਪੁਲਿਸ ਨੇ ਬਜ਼ੁਰਗ ਨੂੰ ਪਾਸੇ ਕਰ ਦਿੱਤਾ ਤਾਂ ਪਿੰਡ ਤੂਰ ਵੰਜਾਰਾ ਦੇ ਸਰਪੰਚ ਅਤੇ ਕੁੱਝ ਹੋਰ ਵਿਅਕਤੀਆਂ ਵੱਲੋਂ ਉਸ ਉੱਪਰ ਕਥਿਤ ਤੌਰ ’ਤੇ ਦਬਾਅ ਬਣਾਇਆ ਗਿਆ ਕਿ ਉਹ ਸਵੇਰੇ ਖੜ੍ਹ ਕੇ ਮਾਫ਼ੀ ਮੰਗੇ ਕਿ ਉਸ ਨੇ ਮੰਤਰੀ ਨੂੰ ਸਵਾਲ ਕਿਉਂ ਕੀਤਾ ? ਇਸ ਅਪਮਾਨ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਗਿਆ ਸੀ ਅਤੇ ਜ਼ਹਿਰੀਲਾ ਪਦਾਰਥ ਨਿਗਲ ਲਿਆ।

Related Post