ਗੁਰਮਤਿ ਸੰਗੀਤ ਸੇਵਾ ਐਵਾਰਡ ਦੀ ਸ਼ੁਰੂਆਤ ਮੌਕੇ ਗੁਰ ਕ੍ਰਿਪਾਲ ਸਿੰਘ ਅਸ਼ਕ ਨੂੰ ਮਿਲਿਆ ਐਵਾਰਡ
ਪਟਿਆਲਾ- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੁਰਮਤਿ ਸੰਗੀਤ ਚੇਅਰ ਵਲੋਂ ਗੁਰਮਤਿ ਸੰਗੀਤ ਭਵਨ ਵਿਖੇ ਗੁਰਮਤਿ ਸੰਗੀਤਾਚਾਰੀਆ ਪ੍ਰੋ. ਤਾਰਾ ਸਿੰਘ ਸਿਮ੍ਰਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਪਟਿਆਲਾ- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੁਰਮਤਿ ਸੰਗੀਤ ਚੇਅਰ ਵਲੋਂ ਗੁਰਮਤਿ ਸੰਗੀਤ ਭਵਨ ਵਿਖੇ ਗੁਰਮਤਿ ਸੰਗੀਤਾਚਾਰੀਆ ਪ੍ਰੋ. ਤਾਰਾ ਸਿੰਘ ਸਿਮ੍ਰਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਗੁਰਮਤਿ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਵਿਚ ਪ੍ਰੋ. ਸਾਹਿਬ ਦੁਆਰਾ ਸੁਰਲਿਪੀਬੱਧ ਸ਼ਬਦ ਦੇ ਕੀਰਤਨ ਅਤੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕੀਤੀ ਗਈ।
ਗੁਰਮਤਿ ਸੰਗੀਤ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਆਏ ਵਿਦਵਾਨਾਂ ਅਤੇ ਮਹਿਮਾਨਾਂ ਦਾ ਸੁਆਗਤ ਕਰਦਿਆਂ ਚੇਅਰ ਦੇ ਕਾਰਜਾਂ ਅਤੇ ਪ੍ਰੋ. ਤਾਰਾ ਸਿੰਘ ਦੀ ਸ਼ਖ਼ਸੀਅਤ ਬਾਰੇ ਦੱਸਿਆ। ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਜਗਦੀਪ ਸਿੰਘ ਵਲੋਂ ਸਿਮ੍ਰਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਚੇਅਰ ਵਲੋਂ ਕੀਤੇ ਜਾਂਦੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ। ਉਹਨਾਂ ਨੇ ਪ੍ਰੋ. ਤਾਰਾ ਸਿੰਘ ਦੀ ਸੰਗੀਤਕ ਦੇਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਵਾਈਸ ਚਾਂਸਲਰ ਨੇ ਕਿਹਾ ਕਿ ਗੁਰੂ ਸਾਹਿਬਾਨ ਵਲੋਂ ਵਰੋਸਾਈ ਗੁਰਮਤਿ ਸੰਗੀਤ ਪਰੰਪਰਾ ਦੀ ਸੰਭਾਲ ਲਈ ਅਜਿਹੇ ਸਮਾਗਮ ਭਵਿੱਖ ਵਿੱਚ ਵੀ ਜਾਰੀ ਰਹਿਣਗੇ।
ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਪ੍ਰੋਫ਼ੈਸਰ ਮਨਜੀਤ ਸਿੰਘ ਨੇ ‘ਗੁਰਮਤਿ ਸੰਗੀਤ ਦੇ ਸੰਦਰਭ ਵਿਚ ਗੁਰਬਾਣੀ ਦਾ ਉਚਾਰਨ ਅਤੇ ਵਿਸ਼ਰਾਮ’ ਵਿਸ਼ੇ 'ਤੇ ਸਿਮ੍ਰਤੀ ਵਿਖ਼ਿਆਨ ਦਿੱਤਾ। ਇਸ ਮੌਕੇ ਗੁਰਮਤਿ ਸੰਗੀਤਾਚਾਰੀਆ ਪ੍ਰੋ. ਤਾਰਾ ਸਿੰਘ ਸਿਮ੍ਰਤੀ ਐਵਾਰਡ ਉੱਘੇ ਕੀਰਤਨੀਏ ਅਤੇ ਵਿਦਵਾਨ ਡਾ. ਜਾਗੀਰ ਸਿੰਘ ਨੂੰ ਪ੍ਰਦਾਨ ਕੀਤਾ ਗਿਆ। ਇਸ ਐਵਾਰਡ ਦੀ ਰਾਸ਼ੀ ਕੈਨੇਡਾ ਨਿਵਾਸੀ ਪ੍ਰੋ. ਤਾਰਾ ਸਿੰਘ ਦੀ ਪੋਤਰੀ ਉਨਮਨ ਕੌਰ ਵੱਲੋਂ ਦਿੱਤੀ ਗਈ। ਚੇਅਰ ਵੱਲੋਂ ਗੁਰਮਤਿ ਸੰਗੀਤ ਦੇ ਪ੍ਰਚਾਰ-ਪ੍ਰਸਾਰ ਹਿਤ ਕਾਰਜ ਕਰਨ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਦਾ ਸਨਮਾਨ ਕਰਨ ਹਿਤ ਇਸ ਵਰ੍ਹੇ ਤੋਂ ਗੁਰਮਤਿ ਸੰਗੀਤ ਸੇਵਾ ਅਵਾਰਡ ਦੀ ਸ਼ੁਰੂਆਤ ਦੇ ਤਹਿਤ ਉੱਘੇ ਪੱਤਰਕਾਰ ਸ. ਗੁਰਕ੍ਰਿਪਾਲ ਸਿੰਘ ਅਸ਼ਕ ਨੂੰ ਐਵਾਰਡ ਦਿੱਤਾ ਗਿਆ।
ਪ੍ਰੋ. ਤਾਰਾ ਸਿੰਘ ਦੇ ਸ਼ਗਿਰਦ ਸ੍ਰੀਮਤੀ ਰਾਜਪਾਲ ਕੌਰ ਮਸਤ ਨੇ ਪ੍ਰੋ. ਸਾਹਿਬ ਦੀਆਂ ਸਿਮ੍ਰਤੀਆਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਮੁੱਖ ਮਹਿਮਾਨ ਵਜੋਂ ਪ੍ਰੋ. ਤਾਰਾ ਸਿੰਘ ਦੇ ਦਾਮਾਦ ਗੁਰਜਿੰਦਰ ਸਿੰਘ ਸੋਹਲ ਅਤੇ ਡਾ. ਕੀਰਤੀ ਨੇ ਸ਼ਿਰਕਤ ਕੀਤੀ। ਇਹ ਆਯੋਜਨ ਯੂਨੀਵਰਸਿਟੀ ਦੇ ਸੰਗੀਤ ਵਿਭਾਗ, ਗੁਰਮਤਿ ਸੰਗੀਤ ਵਿਭਾਗ ਅਤੇ ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਦੇ ਸਹਿਯੋਗ ਨਾਲ ਨੇਪਰੇ ਚੜ੍ਹਿਆ।
ਵੱਡੀ ਗਿਣਤੀ ਵਿੱਚ ਫ਼ੈਕਲਟੀ ਮੈਂਬਰ, ਵਿਦਿਆਰਥੀ, ਖੋਜਾਰਥੀ, ਪ੍ਰੋ. ਤਾਰਾ ਸਿੰਘ ਜੀ ਦੇ ਸ਼ਿਸ਼ ਅਤੇ ਸੰਗੀਤ ਦੇ ਰਸੀਏ ਸ਼ਾਮਲ ਰਹੇ। ਹਾਜਰ ਸਖਸ਼ੀਅਤਾਂ ਵਿੱਚ ਸੰਗੀਤ ਵਿਭਾਗ ਦੇ ਮੁਖੀ ਡਾ. ਜਯੋਤੀ ਸ਼ਰਮਾ, ਡਾ. ਪਰਮੀਤ ਕੌਰ, ਡਾ. ਜਤਿੰਦਰ ਸਿੰਘ ਮੱਟੂ, ਡਾ. ਅਮਰਿੰਦਰ ਸਿੰਘ, ਡਾ. ਹਰਮਿੰਦਰ ਕੌਰ, ਡਾ. ਅਮਨਜੋਤ ਕੌਰ,ਡਾ. ਕਮਲਜੀਤ ਕੌਰ, ਸ੍ਰੀਮਤੀ ਰਾਜਦੀਪ ਕਲੇਟ, ਸ੍ਰੀਮਤੀ ਮੋਨੀਸਾ ਬੈਨਰਜੀ, ਜਸਬੀਰ ਸਿੰਘ ਜਵੱਦੀ ਆਦਿ ਸ਼ਾਮਲ ਰਹੇ।