Muktsar : ਪੰਜਾਬ ਦੇ ਇੱਕ ਹੋਰ ਗੱਭਰੂ ਦੀ ਭਾਰਤੀ ਕ੍ਰਿਕਟ ਟੀਮ ਚ ਚੋਣ, ਅਫ਼ਗਾਨਿਸਤਾਨ ਖਿਲਾਫ਼ ਕਰੀਅਰ ਦੀ ਸ਼ੁਰੂਆਤ ਕਰੇਗਾ ਗੁਰਨੂਰ ਬਰਾੜ
Gurnoor Singh Brar : ਗੁਰਨੂਰ ਬਰਾੜ ਦੀ ਬੀਸੀਸੀਆਈ (BCCI) ਵੱਲੋਂ ਭਾਰਤੀ ਕ੍ਰਿਕਟ ਟੀਮ (Indian Cricket Team) ਵਿੱਚ ਅੰਤਰਰਾਸ਼ਟਰੀ ਕ੍ਰਿਕਟ (ਅਫ਼ਗਾਨਿਸਤਾਨ ਅਤੇ ਸ਼੍ਰੀਲੰਕਾ ਦੌਰੇ) ਲਈ ਚੋਣ ਹੋਈ ਹੈ।
Gurnoor Singh Brar : ਪੰਜਾਬ ਦੇ ਨੌਜਵਾਨ ਹੁਣ ਖੇਡਾਂ ਦੇ ਖੇਤਰ ਵਿੱਚ ਦੇਸ਼-ਵਿਦੇਸ਼ ਵਿੱਚ ਵੱਡੀਆਂ ਮੱਲਾਂ ਮਾਰ ਰਹੇ ਹਨ। ਅਜਿਹਾ ਹੀ ਇੱਕ ਮਾਣਮੱਤਾ ਪਲ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਖਿਓਵਾਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਨੌਜਵਾਨ ਕ੍ਰਿਕਟਰ ਗੁਰਨੂਰ ਬਰਾੜ ਦੀ ਬੀਸੀਸੀਆਈ (BCCI) ਵੱਲੋਂ ਭਾਰਤੀ ਕ੍ਰਿਕਟ ਟੀਮ (Indian Cricket Team) ਵਿੱਚ ਅੰਤਰਰਾਸ਼ਟਰੀ ਕ੍ਰਿਕਟ (ਅਫ਼ਗਾਨਿਸਤਾਨ ਅਤੇ ਸ਼੍ਰੀਲੰਕਾ ਦੌਰੇ) ਲਈ ਚੋਣ ਹੋਈ ਹੈ। ਇਸ ਖ਼ਬਰ ਤੋਂ ਬਾਅਦ ਪੂਰੇ ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। (Sri Muktsar Sahib News)
ਕੌਣ ਹੈ ਗੁਰਨੂਰ ਬਰਾੜ ?
6 ਫੁੱਟ 5 ਇੰਚ ਲੰਬੇ ਬਰਾੜ ਨੂੰ 14 ਜੂਨ ਤੋਂ ਉਨ੍ਹਾਂ ਹੀ ਵਿਰੋਧੀਆਂ ਵਿਰੁੱਧ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਲੜੀ ਲਈ ਵਨਡੇ ਟੀਮ ਵਿੱਚ ਵੀ ਜਗ੍ਹਾ ਮਿਲੀ ਹੈ। ਦਿੱਲੀ ਦੇ ਤੇਜ਼ ਗੇਂਦਬਾਜ਼ ਪ੍ਰਿੰਸ ਯਾਦਵ ਨੇ ਆਈਪੀਐਲ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੇ ਬਾਅਦ ਵਨਡੇ ਟੀਮ ਵਿੱਚ ਆਪਣਾ ਰਸਤਾ ਬਣਾਇਆ ਹੈ। ਬਰਾੜ ਨੂੰ ਪਹਿਲੀ ਵਾਰ ਭਾਰਤ ਲਈ ਦੋਵਾਂ ਫਾਰਮੈਟਾਂ ਵਿੱਚ ਚੁਣਿਆ ਗਿਆ ਹੈ। 25 ਸਾਲਾ ਇਹ ਖਿਡਾਰੀ ਭਾਰਤ ਵਿੱਚ ਨੈੱਟ ਗੇਂਦਬਾਜ਼ ਵਜੋਂ ਸਿਖਲਾਈ ਲਈ ਨਿਯਮਤ ਰਿਹਾ ਹੈ ਅਤੇ ਟੀਮ ਪ੍ਰਬੰਧਨ ਲੰਬਾਈ ਤੋਂ ਵਧਦੀ ਗੇਂਦ ਨਾਲ ਨਜਿੱਠਣ ਲਈ ਉਸ ਦੀਆਂ ਸੇਵਾਵਾਂ ਦੀ ਮੰਗ ਕਰ ਰਿਹਾ ਹੈ।
ਪਰਿਵਾਰ 'ਚ ਖੁਸ਼ੀ ਦਾ ਮਾਹੌਲ, ਵਧਾਈ ਦੇਣ ਵਾਲਿਆਂ ਦਾ ਲੱਗਿਆ ਤਾਂਤਾ
ਗੁਰਨੂਰ ਬਰਾੜ ਦੀ ਇਸ ਵੱਡੀ ਪ੍ਰਾਪਤੀ 'ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੁਰਨੂਰ ਨੇ ਬਿਨਾਂ ਕਿਸੇ ਵੱਡੇ ਪਰਿਵਾਰਕ ਖੇਡ ਪਿਛੋਕੜ ਦੇ, ਸਿਰਫ਼ ਆਪਣੀ ਮਿਹਨਤ ਅਤੇ ਕਾਬਲੀਅਤ ਦੇ ਦਮ 'ਤੇ ਇਹ ਮੁਕਾਮ ਹਾਸਲ ਕੀਤਾ ਹੈ। ਪਿੰਡ ਦੇ ਮੋਹਤਬਰਾਂ ਅਨੁਸਾਰ, ਗੁਰਨੂਰ ਦੀ ਸਫ਼ਲਤਾ ਨੂੰ ਦੇਖ ਕੇ ਪਿੰਡ ਦੇ ਹੋਰ ਨੌਜਵਾਨ ਵੀ ਮੋਹਾਲੀ ਕ੍ਰਿਕਟ ਅਕੈਡਮੀ ਵਿੱਚ ਜਾਣ ਲੱਗੇ ਹਨ, ਜਿਸ ਨਾਲ ਨੌਜਵਾਨਾਂ ਦਾ ਰੁਝਾਨ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਵੱਲ ਵਧੇਗਾ।
ਗੁਰਨੂਰ ਦੀ ਦਾਦੀ ਨੇ ਕਿਹਾ ਕਿ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਘਰ ਵਿੱਚ ਮੌਜੂਦ ਉਸ ਦੇ ਦਾਦੀ ਜੀ (ਗੁਰਦਾਸ ਕੌਰ) ਆਪਣੇ ਪੋਤੇ ਦੀ ਇਸ ਕਾਮਯਾਬੀ 'ਤੇ ਫੁੱਲੇ ਨਹੀਂ ਸਮਾ ਰਹੇ। ਉਹ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਦੱਸਦੇ ਹਨ ਕਿ ਗੁਰਨੂਰ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣ ਦਾ ਬਹੁਤ ਸ਼ੌਕ ਸੀ।
ਗੁਰਨੂਰ ਦੇ ਦਾਦਾ ਅਮਰਜੀਤ ਸਿੰਘ ਬਰਾੜ ਨੇ ਕਿਹਾ ਕਿ ਗੁਰਨੂਰ ਮੇਰਾ ਪੋਤਾ ਹੈ। ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ, ਜਿਸ ਨੂੰ ਅਸੀਂ ਸ਼ਬਦਾਂ ਵਿੱਚ ਦੱਸ ਨਹੀਂ ਸਕਦੇ। ਜਦੋਂ ਉਹ ਛੋਟਾ ਹੁੰਦਾ ਸੀ, ਤਾਂ ਇੱਥੇ ਪਿੰਡ ਆਉਂਦਾ ਹੁੰਦਾ ਸੀ ਅਤੇ ਬੱਚਿਆਂ ਨਾਲ ਇਕੱਠੇ ਹੋ ਕੇ ਕੱਪੜੇ ਧੋਣ ਵਾਲੀ ਥਾਪੀ (ਥਾਪੇ) ਨਾਲ ਹੀ ਕ੍ਰਿਕਟ ਖੇਡਣ ਲੱਗ ਜਾਂਦਾ ਸੀ। ਉਸ ਨੂੰ ਪਹਿਲੇ ਦਿਨ ਤੋਂ ਹੀ ਖੇਡਣ ਦਾ ਬਹੁਤ ਸ਼ੌਕ ਸੀ। ਸਾਡੀ ਵੀ ਤਮੰਨਾ ਸੀ ਕਿ ਜਿਵੇਂ ਟੀਵੀ 'ਤੇ ਦੂਜੇ ਬੱਚਿਆਂ ਨੂੰ ਖੇਡਦੇ ਦੇਖਦੇ ਹਾਂ, ਉਵੇਂ ਆਪਣੇ ਪੋਤੇ ਨੂੰ ਵੀ ਦੇਖੀਏ। ਅੱਜ ਸਾਡੀ ਉਹ ਤਮੰਨਾ ਪੂਰੀ ਹੋ ਗਈ ਹੈ।"
ਉਨ੍ਹਾਂ ਕਿਹਾ ਕਿ ਮੇਰੇ ਦੋ ਬੇਟੇ ਹਨ - ਵੱਡਾ ਸੁਖਵੀਰ ਸਿੰਘ ਬਰਾੜ ਅਤੇ ਛੋਟਾ ਕੁਲਦੀਪ ਸਿੰਘ ਬਰਾੜ। ਗੁਰਨੂਰ ਸੁਖਵੀਰ ਦਾ ਲੜਕਾ ਹੈ। ਮੈਂ ਖੁਦ ਪਹਿਲਾਂ ਸੇਲਜ਼ਮੈਨ ਸੀ ਅਤੇ ਫਿਰ ਸੁਸਾਇਟੀ ਵਿੱਚ ਸੈਕਟਰੀ ਲੱਗਿਆ, ਜਿੱਥੋਂ 2010 ਵਿੱਚ ਰਿਟਾਇਰ ਹੋਇਆ ਹਾਂ। ਸਾਡੇ ਪਰਿਵਾਰ ਵਿੱਚ ਪਹਿਲਾਂ ਕੋਈ ਵੀ ਇਸ ਤਰ੍ਹਾਂ ਵੱਡੀਆਂ ਖੇਡਾਂ ਵਿੱਚ ਨਹੀਂ ਸੀ, ਅਸੀਂ ਤਾਂ ਜ਼ਿਮੀਂਦਾਰ (ਵਾਹੀਵਾਨ) ਬੰਦੇ ਹਾਂ। ਪਰ ਗੁਰਨੂਰ ਨੇ ਸਕੂਲ ਦੇ ਸਮੇਂ ਤੋਂ ਹੀ ਮਿਹਨਤ ਸ਼ੁਰੂ ਕੀਤੀ ਅਤੇ ਅੱਜ ਇਸ ਮੁਕਾਮ 'ਤੇ ਪਹੁੰਚਿਆ ਹੈ। ਪੂਰੇ ਮੁਕਤਸਰ ਜ਼ਿਲ੍ਹੇ ਅਤੇ ਲੰਬੀ ਬਲਾਕ ਦੇ ਲੋਕ ਇਸ ਪ੍ਰਾਪਤੀ 'ਤੇ ਖੁਸ਼ੀ ਮਨਾ ਰਹੇ ਹਨ।"
ਗੁਰਨੂਰ ਦਾ ਪਰਿਵਾਰ ਦੱਸਦਾ ਹੈ ਕਿ ਭਾਵੇਂ ਉਨ੍ਹਾਂ ਦਾ ਜਨਮ ਪਿੰਡ ਖਿਓ ਵਾਲੀ ਵਿਖੇ ਹੋਇਆ, ਪਰ ਬਾਅਦ ਵਿੱਚ ਉਹ ਚੰਡੀਗੜ੍ਹ ਰਹਿਣ ਲੱਗ ਪਏ। ਪਰਿਵਾਰ ਵਿੱਚ ਪਹਿਲਾਂ ਕੋਈ ਵੀ ਪੇਸ਼ੇਵਰ ਖੇਡਾਂ ਵਿੱਚ ਨਹੀਂ ਸੀ। ਗੁਰਨੂਰ ਦੇ ਪਿਤਾ ਸੁਖਵੀਰ ਸਿੰਘ ਬਰਾੜ ਚੰਡੀਗੜ੍ਹ ਪੁਲਿਸ ਵਿੱਚ ਸੇਵਾਵਾਂ ਨਿਭਾ ਰਹੇ ਹਨ ਅਤੇ ਉਸ ਦੇ ਦਾਦਾ ਜੀ ਮਾਰਕੀਟ ਕਮੇਟੀ (ਸੁਸਾਇਟੀ) ਵਿੱਚੋਂ ਬਤੌਰ ਸੈਕਟਰੀ ਰਿਟਾਇਰ ਹੋਏ ਹਨ।
ਸ੍ਰੀ ਮੁਕਤਸਰ ਸਾਹਿਬ ਤੋਂ ਚੇਤਨ ਭੂਰਾ ਦੀ ਰਿਪੋਰਟ