Amritsar News : 14 ਦਿਨਾਂ ਤੋਂ ਈਰਾਨ ਚ ਫਸੇ ਪੰਜਾਬੀ ਨੌਜਵਾਨ ਦੀ ਹੋਈ ਵਤਨ ਵਾਪਸੀ, ਏਜੰਟਾਂ ਨੇ ਬੰਦੀ ਬਣਾ ਕੇ ਮੰਗੀ ਸੀ 50 ਲੱਖ ਦੀ ਫਿਰੌਤੀ

Amritsar News : ਗੁਰਪ੍ਰੀਤ ਮੁਤਾਬਕ, ਉਸਨੂੰ ਇਕ ਹੋਟਲ ਦੇ ਕਮਰੇ ’ਚ ਬੰਦ ਕਰ ਦਿੱਤਾ ਗਿਆ ਅਤੇ ਫਿਰ 5 ਤੋਂ 50 ਲੱਖ ਰੁਪਏ ਤੱਕ ਦੀ ਮੰਗ ਕੀਤੀ ਗਈ। ਜਦੋਂ ਪਰਿਵਾਰ ਨੇ ਪੈਸੇ ਨਾ ਭੇਜੇ ਤਾਂ ਉਸ ਨਾਲ ਮਾਰਪੀਟ ਕੀਤੀ ਗਈ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।

By  KRISHAN KUMAR SHARMA October 6th 2025 09:30 AM -- Updated: October 6th 2025 09:47 AM

Amritsar News : ਕੇਂਦਰ ਸਰਕਾਰ ਦੇ ਯਤਨਾਂ ਸਦਕਾ ਈਰਾਨ ਵਿੱਚ ਫਸਿਆ ਗੁਰਪ੍ਰੀਤ ਸਿੰਘ ਨਾਭਾ ਨੌਜਵਾਨ 14 ਦਿਨਾਂ ਬਾਅਦ ਵਾਪਸ ਅੰਮ੍ਰਿਤਸਰ ਆਪਣੇ ਘਰ ਪੁੱਜਾ। ਇਸ ਮੌਕੇ ਭਾਜਪਾ ਦੇ ਰਾਸ਼ਟਰੀ ਮਹਾਸਚਿਵ ਤਰੁਣ ਚੁੱਗ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦਾ ਖਾਸ ਧੰਨਵਾਦ ਕਰਦੇ ਹਾਂ ਕਿ ਉਹਨਾਂ ਦੇ ਯਤਨਾਂ ਨਾਲ ਈਰਾਨ ’ਚ ਫਸਿਆ ਪੰਜਾਬ ਦਾ ਇਕ ਨੌਜਵਾਨ ਗੁਰਪ੍ਰੀਤ ਸਿੰਘ ਸੁਰੱਖਿਅਤ ਤਰੀਕੇ ਨਾਲ ਘਰ ਵਾਪਸ ਆ ਗਿਆ। ਚੁੱਗ ਨੇ ਕਿਹਾ ਕਿ ਇਹ ਮਾਮਲਾ ਬਹੁਤ ਹੀ ਸੰਵੇਦਨਸ਼ੀਲ ਤੇ ਭਾਵਨਾਤਮਕ ਸੀ ਕਿਉਂਕਿ ਗੁਰਪ੍ਰੀਤ ਦਾ ਪਰਿਵਾਰ ਹਰ ਦਿਨ ਚਿੰਤਾ ’ਚ ਸੀ ਅਤੇ ਜਦੋਂ ਸੋਸ਼ਲ ਮੀਡੀਆ ’ਤੇ ਉਸ ਦੇ ਵੀਡੀਓ ਵਾਇਰਲ ਹੋਏ ਤਾਂ ਘਰਵਾਲਿਆਂ ਦਾ ਦਿਲ ਹਿਲ ਗਿਆ।

ਈਰਾਨ ਤੋਂ ਵਾਪਸੀ ਮਗਰੋਂ ਗੁਰਪ੍ਰੀਤ ਨੇ ਖੁਦ ਆਪਣਾ ਤਜਰਬਾ ਸਾਂਝਾ ਕੀਤਾ। ਉਸ ਨੇ ਦੱਸਿਆ ਕਿ ਉਹ ਸ਼ੁਰੂ ਵਿੱਚ ਯੂਕੇ ਜਾਣ ਲਈ ਵੈਧ ਤਰੀਕੇ ਨਾਲ ਸਟੱਡੀ 'ਤੇ ਟੂਰਿਸਟ ਵੀਜ਼ਾ ਲਈ ਅਰਜ਼ੀ ਦੇ ਰਿਹਾ ਸੀ ਪਰ ਜਦੋਂ ਵੀਜ਼ਾ ਨਾ ਮਿਲਿਆ ਤਾਂ ਕੁਝ ਏਜੰਟਾਂ ਨੇ ਉਸਨੂੰ ਗਲਤ ਰਸਤੇ ਦੀ ਸਲਾਹ ਦਿੱਤੀ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਉਹ ਧੋਖੇਬਾਜ਼ ਏਜੰਟਾਂ ਦੇ ਜਾਲ ’ਚ (Travel Agent fraud) ਫਸ ਗਿਆ। ਗੁਰਪ੍ਰੀਤ ਮੁਤਾਬਕ, ਉਸਨੂੰ ਇਕ ਹੋਟਲ ਦੇ ਕਮਰੇ ’ਚ ਬੰਦ ਕਰ ਦਿੱਤਾ ਗਿਆ ਅਤੇ ਫਿਰ 5 ਤੋਂ 50 ਲੱਖ ਰੁਪਏ ਤੱਕ ਦੀ ਮੰਗ ਕੀਤੀ ਗਈ। ਜਦੋਂ ਪਰਿਵਾਰ ਨੇ ਪੈਸੇ ਨਾ ਭੇਜੇ ਤਾਂ ਉਸ ਨਾਲ ਮਾਰਪੀਟ ਕੀਤੀ ਗਈ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।

ਉਸ ਨੇ ਦੱਸਿਆ ਕਿ ਕਈ ਵਾਰ ਉਸ ਦੇ ਫੋਨ ਕੱਟ ਦਿੱਤੇ ਗਏ, ਸੰਪਰਕ ਤੋੜ ਦਿੱਤਾ ਗਿਆ ਅਤੇ ਸਥਾਨਕ ਤੱਤਾਂ ਵੱਲੋਂ ਵੀ ਪੀੜਾ ਦਿੱਤੀ ਗਈ। ਗੁਰਪ੍ਰੀਤ ਨੇ ਕਿਹਾ, “ਦਿਨ ਰਾਤ ਡਰ ’ਚ ਬੀਤਦੇ ਸਨ, ਕਈ ਵਾਰ ਲੱਗਦਾ ਸੀ ਕਿ ਹੁਣ ਘਰ ਨਹੀਂ ਮੁੜ ਪਾਵਾਂਗਾ।” ਉਸ ਨੇ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਕਿਸੇ ਵੀ ਗੈਰ ਕਾਨੂੰਨੀ ਰਸਤੇ ਜਾਂ ਫਰਜ਼ੀ ਏਜੰਟ ’ਤੇ ਭਰੋਸਾ ਨਾ ਕਰਨ, ਨਹੀਂ ਤਾਂ ਨਤੀਜੇ ਖਤਰਨਾਕ ਹੋ ਸਕਦੇ ਹਨ।

ਤਰੁਣ ਚੁੱਘ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੀ ਸਾਂਝੀ ਕੋਸ਼ਿਸ਼, ਹਾਈ ਕਮਿਸ਼ਨ ਦੀ ਸਤਰਕਤਾ ਅਤੇ ਵਿਦੇਸ਼ ਮੰਤਰਾਲੇ ਦੀ ਤੁਰੰਤ ਕਾਰਵਾਈ ਨਾਲ ਗੁਰਪ੍ਰੀਤ ਨੂੰ ਬਚਾ ਕੇ ਵਾਪਸ ਲਿਆ ਗਿਆ। ਚੁੱਘ ਨੇ ਕਿਹਾ, “ਇਸ ਤਰ੍ਹਾਂ ਦੇ ਮਾਮਲਿਆਂ ’ਚ ਸਰਕਾਰ ਦੀ ਤੁਰੰਤ ਪ੍ਰਤੀਕ੍ਰਿਆ ਤੇ ਕੂਟਨੀਤਿਕ ਕਦਮ ਬਹੁਤ ਜ਼ਰੂਰੀ ਹੁੰਦੇ ਹਨ। ਅੱਜ ਜਿਹੜੀ ਰਾਹਤ ਪਰਿਵਾਰ ਨੂੰ ਮਿਲੀ, ਉਹਦੇ ਲਈ ਅਸੀਂ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਦੇ ਆਭਾਰੀ ਹਾਂ।”

ਪਰਿਵਾਰ ਨੇ ਕੇਂਦਰ ਸਰਕਾਰ ਦਾ ਕੀਤਾ ਧੰਨਵਾਦ

ਗੁਰਪ੍ਰੀਤ ਦੇ ਪਿਤਾ ਬਲਕਾਰ ਸਿੰਘ ਨੇ ਵੀ ਸਰਕਾਰ ਤੇ ਸਾਰੇ ਆਗੂਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪੁੱਤਰ ਨੇ ਈਰਾਨ ’ਚ 14 ਦਿਨ ਤੱਕ ਬੇਹੱਦ ਤਕਲੀਫ਼ਾਂ ਸਹੀਆਂ, ਪਰ ਅੱਜ ਉਹ ਸੁਰੱਖਿਅਤ ਘਰ ਵਾਪਸ ਆ ਗਿਆ। ਇਹ ਸਾਡੇ ਲਈ ਸਭ ਤੋਂ ਵੱਡੀ ਖੁਸ਼ੀ ਹੈ।

Related Post